ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਜਿਲ੍ਹਾ ਵਾਸੀਆਂ ਲਈ ਖੁਸ਼ਖਬਰੀ ਹੈ ਕਿ ਹੁਣ ਜੇਕਰ ਕੋਈ ਵੀ ਨਾਗਰਿਕ ਆਪਣੇ ਘਰ ਜਾਂ ਆਲੇ ਦੁਆਲੇ ਪੌਦਾ ਲਗਾਉਣ ਦਾ ਇੱਛੁਕ ਹੈ ਤਾਂ ਹੁਣ ਉਹ ਆਪਣੀ ਪਸੰਦ ਦਾ ਪੌਦਾ ਮੁਫ਼ਤ ਆਪਣੇ ਮੋਬਾਈਲ ਦੀ ਇੱਕ ਕਲਿੱਕ ਰਾਹੀਂ ਹਾਸਲ ਕਰ ਸਕਦਾ ਹੈ, ਕਿਉਂਕਿ ਪੰਜਾਬ ਸਰਕਾਰ ਨੇ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਆਈ ਹਰਿਆਲੀ ਮੋਬਾਈਲ ਐਪ ਲਾਂਚ ਕੀਤਾ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਪੰਜਾਬ ਦੇ ਜੰਗਲਾਤ ਵਿਭਾਗ ਵਲੋਂ ਜਾਰੀ ਕੀਤਾ ਗਿਆ ਇਹ ਐਪ ਐਂਡਰਾਈਡ ਫੋਨ ਦੇ ਗੂਗਲ ਪਲੇਅ ਸਟੋਰ `ਤੇ ਮੌਜੂਦ ਹੈ। ਜਿਸ ਰਾਹੀਂ ਕੋਈ ਵੀ ਨਾਗਰਿਕ ਆਪਣੀ ਮਰਜ਼ੀ ਦੇ ਟਿੰਬਰ, ਔਰਨਾਮੈਂਟਲ, ਮੈਡੀਸੀਨਲ ਜਾਂ ਫਲਦਾਰ ਬੂਟੇ ਹਾਸਲ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਐਪ ਰਾਹੀਂ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਦਾ ਬੂਟਾ ਆਡਰ ਕਰ ਸਕਦਾ ਹੈ, ਜੋਕਿ ਉਸ ਨੂੰ ਸਰਕਾਰੀ ਨਰਸਰੀ ਤੋਂ ਮੁਫ਼ਤ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਮੋਬਾਈਲ ਐਪ ਦੀ ਵਰਤੋਂ ਵੇਲੇ ਸਬੰਧ ਵਿਅਕਤੀ ਨੂੰ ਆਪਣੇ ਆਲੇ ਦੁਆਲੇ ਦੀਆਂ ਨਰਸੀਰੀਆਂ ਦੀ ਥਾਂ ਦਿਖਾਈ ਜਾਵੇਗੀ ਜਿੱਥੋਂ ਉਹ ਆਪਣੀ ਸਹੂਲਤ ਦੇ ਨਾਲ ਇਹ ਬੂਟੇ ਚੁਣੇ ਤੇ ਆਡਰ ਕਰ ਕਰੇ।
ਉਨ੍ਹਾਂ ਕਿਹਾ ਕਿ ਇਹ ਹੀ ਨਹੀਂ ਬਲਕਿ ਐਪ ਰਾਹੀਂ ਉਨ੍ਹਾਂ ਨੂੰ ਸਬੰਧਤ ਬੂਟਿਆਂ ਦੀ ਨਰਸਰੀ ਵਿੱਚ ਕੁੱਲ ਗਿਣਤੀ ਵੀ ਦਰਸਾਈ ਜਾਵੇਗੀ ਤਾਂ ਜੋ ਇਹ ਸਾਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਕਿਸੇ ਵਿਅਕਤੀ ਵਲੋਂ ਬੂਟਾ ਬੁੱਕ ਕਰਵਾਇਆ ਜਾਵੇਗਾ ਤਾਂ ਉਸ ਦੇ ਮੋਬਾਈਲ `ਤੇ ਉਸ ਨੂੰ ਇਕ ਐਸ.ਐਮ.ਐਸ ਹਾਸਲ ਹੋਵੇਗਾ, ਜਿਸ ਰਾਹੀ ਸਬੰਧਤ ਨਰਸਰੀ ਤੋਂ ਦੱਸੇ ਸਮੇਂ `ਤੇ ਬੂਟਾ ਹਾਸਲ ਕੀਤਾ ਜਾ ਸਕਦਾ ਹੈ।ਉਨਾਂ ਉਮੀਦ ਪ੍ਰਗਟਾਈ ਕਿ ਇਹ ਐਪ ਜ਼ਿਲ੍ਹੇ ਵਿਚ ਲਗਾਤਾਰ ਘੱਟ ਹੋ ਰਹੀ ਹਰਿਆਲੀ ਨੂੰ ਵਧਾਉਣ ਵਿਚ ਬਹੁਤ ਸਹਾਈ ਸਾਬਤ ਹੋਵੇਗਾ।
ਇਸੇ ਤਰਾਂ ਡਵੀਜ਼ਲਨ ਫੋਰਸਟ ਅਫਸਰ ਰਾਜੇਸ਼ ਕੁਮਾਰ ਗੁਲਾਟੀ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੀਆਂ ਜਿਲ੍ਹੇ ਵਿਚ 14 ਨਰਸਰੀਆਂ ਵਿਚ ਪੌਦੇ ਉਪਲਬੱਧ ਹਨ ਅਤੇ ਕੋਈ ਵੀ ਵਿਅਕਤੀ ਇਸ ਐਪ ਰਾਹੀਂ ਇਨ੍ਹਾਂ ਨਰਸਰੀਆਂ ਤੋਂ ਬੂਟੇ ਹਾਸਲ ਕਰ ਸਕਦਾ ਹੈ।ਉਨਾਂ ਦੱਸਿਆ ਕਿ ਇਸ ਵੇਲੇ 25000 ਤੋਂ ਵੱਧ ਵਿਅਕਤੀਆਂ ਵੱਲੋਂ ਪੰਜਾਬ ਭਰ ਵਿਚ ਹਰਿਆਲੀ ਐਪ ਡਾਊਨਲੋਡ ਕੀਤਾ ਜਾ ਚੁੱਕਾ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media