ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਨੇ ਆਖਿਆ ਹੈ ਕਿ ਅੱਜ ਅਖਬਾਰਾਂ ਵਿਚੋਂ ਪਤਾ ਲਗਾ ਹੈ ਕਿ ਸਿਡਨੀ ਦੇ ਗੁਰਦੁਆਰਾ ਆਸਟਰਲ ਦੇ ਪ੍ਰਬੰਧਕਾਂ ਵੱਲੋਂ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਪੰਗਤ `ਚ ਬੈਠ ਕੇ ਲੰਗਰ ਛਕਣ ਦੀ ਪ੍ਰੰਪਰਾ ਨੂੰ ਤਿਆਗ ਕੇ ਲੰਗਰ ਕੇਵਲ ਕੁਰਸੀਆਂ `ਤੇ ਬੈਠ ਕੇ ਹੀ ਛਕਣ ਦਾ ਨੋਟਿਸ ਲਗਾਇਆ ਹੈ। ਉਨਾਂ ਕਿਹਾ ਕਿ ਸਮੇਂ ਦੇ ਬਾਦਸ਼ਾਹ ਅਕਬਰ ਵੱਲੋਂ ਵੀ ਪੰਗਤ ਵਿਚ ਬੈਠ ਕੇ ਹਰ ਗਰੀਬ ਅਮੀਰ ਦੇ ਨਾਲ ਪ੍ਰਸ਼ਾਦਾ ਛਕਿਆ।ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਵੀ ਆਦੇਸ਼ ਹੋ ਚੁੱਕਾ ਹੈ ਕਿ ਸੰਗਤਾਂ ਪੰਗਤ ਵਿਚ ਬੈਠ ਕੇ ਹੀ ਪ੍ਰਸ਼ਾਦਾ ਛਕਣ।ਪਰ ਜੇ ਕੋਈ ਅਪਾਹਜ ਹੋਵੇ ਜੋ ਬੈਠਣ ਤੋਂ ਅਸੰਮਰਥ ਹੋਵੇ ਉਸ ਦਾ ਵੱਖਰਾ ਪ੍ਰਬੰਧ ਕੀਤਾ ਜਾਵੇ।
ਪਰ ਗੁਰਦੁਆਰਾ ਆਸਟਰਲ ਦੇ ਪ੍ਰਬੰਧਕਾ ਵੱਲੋਂ ਜੋ ਨੋਟਿਸ ਬੋਰਡ `ਤੇ ਲਿਖ ਕੇ ਲਾਇਆ ਗਿਆ ਹੈ ਕਿ ਲੰਗਰ ਕੇਵਲ ਕੁਰਸੀਆਂ ਪੁਰ ਬੈਠ ਕੇ ਹੀ ਛਕਿਆ ਜਾਵੇ।ਇਹ ਸਿੱਖੀ ਪ੍ਰੰਪਰਾਵਾਂ ਦੀਆਂ ਧੱਜੀਆਂ ਉਡਾਣ ਵਾਲਾ ਫੁਰਮਾਨ ਹੈ।ਅੱਜ ਕੁੱਝ ਗੁਰਮਤਿ ਤੋਂ ਹੀਣੇ ਲੋਕ ਇਸ ਪ੍ਰੰਪਰਾ ਨੂੰ ਜਿਸ ਵਿਚ ਬਰਾਬਰਤਾ ਦਰਸਾਈ ਗਈ ਹੈ, ਇਸ ਤੋਂ ਦੂਰ ਹੋਣ ਦੀ ਗੱਲ ਕਰ ਰਹੇ ਹਨ।ਜਥਤੇਦਾਰ ਨੇ ਹੈਰਾਨਗੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਵਿਦੇਸ਼ਾਂ ਵਿਚ ਜਾ ਕੇ ਸਿੱਖ ਆਪਣੀਆਂ ਪ੍ਰੰਪਰਾਵਾਂ ਤੋਂ ਦੂਰ ਹੋ ਜਾਣ ਸਗੋਂ ਦੱਸਣਾ ਤਾਂ ਅਸੀ ਵਿਦੇਸ਼ੀਆਂ ਨੂੰ ਸਿੱਖੀ ਪ੍ਰੰਪਰਾਵਾਂ ਬਾਰੇ ਸੀ, ਪਰ ਅਸੀ ਆਪਣਾ ਆਪ ਹੀ ਭੁੱਲ ਰਹੇ ਹਾਂ।ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਿਧਾਂਤ ਦਿੱਤਾ ਸੀ “ਪਹਿਲਾ ਪੰਗਤ ਪਾਛੈ ਸੰਗਤ” ਪਰ ਅਸੀ ਇਸ ਸਿਧਾਂਤ ਨੂੰ ਤਿਲਾਂਜਲੀ ਦੇ ਰਹੇ ਹਾਂ।ਉਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਇਹ ਆਪਣੀ ਲਿਖਤ ਵਾਪਸ ਲੈਣ ਅਤੇ ਸੰਗਤਾਂ ਨੂੰ ਗੁਰ ਮਰਿਯਾਦਾ ਅਨੁਸਾਰ ਹੀ ਪ੍ਰਸ਼ਾਦਾ ਛਕਾਉਣ ਅਤੇ ਸੰਗਤਾਂ ਵੀ ਇਸ ਸਬੰਧੀ ਸੁਚੇਤ ਰਹਿਣ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media