ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਨੇ ਡੇਂਗੂ ਮਲੇਰੀਆ ਦੇ ਲਾਰਵੇ ਸਬੰਧੀ ਕੀਤੀ ਚੈਕਿੰਗ
ਬਠਿੰਡਾ, 2 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਇੱਕ ਮਹੀਨੇ (ਜੂਨ) ਦੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹੇ ਸਰਕਾਰੀ ਸਕੂਲਾਂ ’ਚ ਅੱਜ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਫ਼ਾਈ ਕਰਵਾਈ ਗਈ।ਪਿੰਡ ਮੁਲਤਾਨੀਆਂ ਵਿਖੇ ਸਥਿਤ ਸਰਕਾਰੀ ਸਕੂਲ ’ਚ ਅਧਿਆਪਕਾਂ ਵਲੋਂ ਸਾਫ਼ ਸਫ਼ਾਈ ਕੀਤੀ ਗਈ।ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪਿੰਡ ਸਧਾਣਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਮਨਿੰਦਰ ਕੌਰ ਵਲੋਂ ਪੌਦਾ ਲਗਾ ਕੇ ਘਰ-ਘਰ ਹਰਿਆਲੀ ਮੁਹਿੰਮ ਦਾ ਸੁਨੇਹਾ ਦਿੱਤਾ ਗਿਆ।ਸਰਕਾਰੀ ਹਾਈ ਸਕੂਲ ਭੈਣੀ, ਸਰਕਾਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੱਦਾ ਵਿਖੇ ਵੀ ਪੌਦੇ ਲਗਾਏ ਗਏ।ਇਸੇ ਤਰ੍ਹਾਂ ਸਿਹਤ ਵਿਭਾਗ ਵਲੋਂ ਡੇਂਗੂ ਮਲੇਰੀਆ ਦੇ ਲਾਰਵੇ ਸਬੰਧੀ ਚੈਕਿੰਗ ਬਠਿੰਡਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਮਰਪੁਰਾ ਬਸਤੀ, ਮਾਡਲ ਟਾਊਨ ਫੇਜ਼ 1, 2 ਅਤੇ 3, ਹਰਬੰਸ ਨਗਰ, ਭਾਈ ਮਤੀਦਾਸ ਨਗਰ, ਪਰਸਰਾਮ ਨਗਰ, ਜੋਗੀ ਨਗਰ, ਅਰਜੁਨ ਨਗਰ, ਗੋਪਾਲ ਨਗਰ, ਕਰਤਾਰ ਬਸਤੀ ਅਤੇ ਗੁਰੂ ਨਾਨਕਪੁਰਾ ਵਿਖੇ ਕੀਤੀ ਗਈ।ਬਠਿੰਡਾ ਪੁਲਿਸ ਵਲੋਂ ਪਰਜਾਪਤ ਟਰੈਕਟਰ ਟਰਾਲੀ ਯੂਨੀਅਨ ਵਿਖੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ।ਬਠਿੰਡਾ ਪੁਲਿਸ ਦੇ ਟ੍ਰੈਫਿਕ ਐਜੁਕੇਸ਼ਨ ਸੈੱਲ ਨੇ ਇਨ੍ਹਾਂ ਡਰਾਈਵਰਾਂ ਨੂੰ ਨਸ਼ਿਆਂ ਦੀ ਵਰਤੋਂ ਖਿਲਾਫ਼ ਵੀ ਜਾਗਰੂਕ ਕੀਤਾ। ਇਸੇ ਤਰ੍ਹਾਂ ਨਗਰ ਪੰਚਾਇਤ ਮਲੂਕਾ ਦੇ ਵਾਰਡ ਨੰਬਰ 11 ’ਚ ਸਫ਼ਾਈ ਕਰਵਾਈ ਗਈ ਅਤੇ ਕੂੜਾ ਕੂੜੇਦਾਨ ਵਾਲੀ ਥਾਂ ’ਤੇ ਸੁੱਟਿਆ ਗਿਆ।ਖੇਤੀਬਾੜੀ ਵਿਭਾਗ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਨਰਮੇ ਦੇ ਕਿਸਾਨਾਂ ਲਈ ਸਿਖਲਾਈ ਕੈਂਪ ਪਿੰਡ ਕਾਲਝਰਾਣੀ ਬਲਾਕ ਸੰਗਤ ਵਿਖੇ ਲਗਾਇਆ ਗਿਆ।ਫੀਲਡ ਸੁਪਰਵਾਈਜ਼ਰਾਂ ਨੂੰ ਵੀ ਸਿਖਲਾਈ ਦਿੱਤੀ ਗਈ। ਨਗਰ ਪੰਚਾਇਤ ਮਹਿਰਾਜ ਵਿਖੇ ਸੰਦਲੀ ਪੱਤੀ ਦੀ ਸਫਾਈ ਕੀਤੀ ਗਈ।ਜ਼ਿਲ੍ਹਾ ਉਦਯੋਗ ਕੇਂਦਰ ਵਲੋਂ ਮੌੜ ਵਿਖੇ ਸਥਿਤ ਪ੍ਰਤਾਪ ਸਪਿਨਟੈਕਸ ਕੰਪਨੀ ਅਤੇ ਕਿਸਾਨ ਭੱਠਾ ਕੰਪਨੀ ਵਿਖੇ ਬੂਟੇ ਲਗਾਉਣ ਅਤੇ ਸਨਅਤਾਂ ਦੇ ਆਲੇ-ਦੁਆਲੇ ਦੀ ਸਫ਼ਾਈ ਅਤੇ ਕੂੜੇ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪਿੰਡ ਮੰਡੀ ਕਲਾਂ ਵਿਖੇ ਖੁੱਲ੍ਹੇ ’ਚ ਪਖਾਨਾ ਜਾਣ ਦੀ ਆਦਤ ਨੂੰ ਠੱਲ੍ਹ ਪਾਉਣ ਲਈ ਪਹਿਰੇ ਲਗਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੱਧ ਤੋਂ ਵੱਧ ਇਸ ਮੁਹਿੰਮ ਦਾ ਹਿੱਸਾ ਬਨਣ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media