ਦੇਸ਼ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਉਣਾਂ ਹਰ ਨਾਗਰਿਕ ਦਾ ਇਖਲਾਕੀ ਫਰਜ਼ – ਐੱਸ.ਡੀ.ਐੱਮ. ਉਬਰਾਏ

ਬਟਾਲਾ, 16 ਅਗਸਤ (ਨਰਿੰਦਰ ਬਰਨਾਲ) – 68ਵਾਂ ਅਜ਼ਾਦੀ ਦਿਵਸ ਅੱਜ ਬਟਾਲਾ ਵਿਖੇ ਪੂਰੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਤਹਿਸੀਲ ਪੱਧਰੀ ਇਸ ਸੁਤੰਤਰਤਾ ਦਿਵਸ ਦੌਰਾਨ ਕੌਮੀ ਝੰਡਾ ਐੱਸ.ਡੀ.ਐੱਮ. ਬਟਾਲਾ ਡਾ. ਰਜਤ ਉਬਰਾਏ ਨੇ ਲਹਿਰਾਇਆ। ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ, ਪੰਜਾਬ ਹੋਮਗਾਰਡ ਦੇ ਜਵਾਨਾਂ, ਐੱਨ.ਸੀ.ਸੀ. ਕੈਡਿਟਾਂ ਅਤੇ ਸਕੂਲੀ ਬੱਚਿਆਂ ਦੇ ਬੈਂਡ ਵੱਲੋਂ ਮੁੱਖ ਮਹਿਮਾਨ ਜੀ ਨੂੰ ਸ਼ਾਨਦਾਰ ਮਾਰਚ ਪਾਸਟ ਰਾਹੀਂ ਸਲਾਮੀ ਭੇਂਟ ਕੀਤੀ ਗਈ। ਰੰਗਾ ਝੰਡਾ ਲਹਿਰਾਉਣ ਤੇ ਸਲਾਮੀ ਲੈਣ ਉਪਰੰਤ ਮੁੱਖ ਮਹਿਮਾਨ ਡਾ. ਰਜਤ ਉਬਰਾਏ ਨੇ ਸਾਰਿਆਂ ਨੂੰ ਅਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਆਪਣੇ ਸੰਬੋਧਨ ‘ਚ ਉਨ੍ਹਾਂ ਕਿਹਾ ਕਿ ਅੱਜ ਦਾ ਦਿਹਾੜਾ ਸਾਡੇ ਲਈ ਬਹੁਤ ਮਹਾਨ ਹੈ ਕਿਉਂਕਿ ਅੱਜ ਦੇ ਦਿਨ ਹੀ 15 ਅਗਸਤ 1947 ਨੂੰ ਸਾਡੇ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਅਜ਼ਾਦੀ ਮਿਲੀ ਸੀ। ਉਨ੍ਹਾਂ ਕਿਹਾ ਕਿ ਅੰਗਰੇਜ਼ ਰਾਜ ਤੋਂ ਮੁਕਤੀ ਦਿਵਾਉਣ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ, ਚੰਦਰ ਸ਼ੇਖਰ ਅਜ਼ਾਦ ਵਰਗੇ ਅਨੇਕਾਂ ਮਹਾਨ ਸੂਰਬੀਰ ਯੋਧਿਆਂ ਨੇ ਆਪਣੀਆਂ ਜਾਨਾਂ ਵਾਰੀਆਂ। ਡਾ. ਉਬਰਾਏ ਨੇ ਕਿਹਾ ਕਿ ਸਾਨੂੰ ਆਪਣੇ ਇਹਨਾਂ ਮਹਾਨ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਕਦੀ ਨਹੀਂ ਭੁਲਣਾ ਚਾਹੀਦਾ ਅਤੇ ਸ਼ਹੀਦਾਂ ਤੇ ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਪੂਰਿਆਂ ਕਰਨ ਲਈ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ।
ਐੱਸ.ਡੀ.ਐੱਮ. ਡਾ. ਰਜਤ ਉਬਰਾਏ ਨੇ ਅੱਗੇ ਕਿਹਾ ਕਿ ਅਸੀਂ ਸਾਰੇ ਬੜੇ ਖੁਸ਼ਕਿਸਮਤ ਹਾਂ ਕਿ ਅਸੀਂ ਅਜ਼ਾਦ ਦੇਸ਼ ਦੇ ਨਿਵਾਸੀ ਹਾਂ ਅਤੇ ਸਾਡੇ ਦੇਸ਼ ਵਿੱਚ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਅਤੇ ਪੂਰੀ ਅਜ਼ਾਦੀ ਹਾਸਲ ਹੈ। ਉਨ੍ਹਾਂ ਕਿਹਾ ਕਿ ਅਜ਼ਾਦ ਦੇਸ਼ ਦੇ ਨਾਗਰਕਿ ਹੋਣ ਕਾਰਨ ਜਿਥੇ ਸਾਨੂੰ ਅਧਿਕਾਰ ਮਿਲੇ ਹਨ ਉਥੇ ਰਾਸ਼ਟਰ ਪ੍ਰਤੀ ਸਾਡੇ ਕੁਝ ਫਰਜ਼ ਵੀ ਹਨ ਅਤੇ ਸਾਨੂੰ ਦੇਸ਼ ਪ੍ਰਤੀ ਆਪਣੇ ਫਰਜ਼ਾਂ ਦੀ ਅਦਾਇਗੀ ਤੋਂ ਕਦੇ ਵੀ ਪਿਛੇ ਨਹੀਂ ਹਟਣਾ ਚਾਹੀਦਾ। ਡਾ. ਉਬਰਾਏ ਨੇ ਲੋਕਾਂ ਨੂੰ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਅਤੇ ਸਮਾਜਿਕ ਬੁਰਾਈਆਂ ਖਿਲਾਫ ਡਟਣ ਦਾ ਸੱਦਾ ਵੀ ਦਿੱਤਾ।
ਇਸੇ ਦੌਰਾਨ ਤਹਿਸੀਲ ਬਟਾਲਾ ਦੇ ਵੱਖ-ਵੱੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਪਿਆਰ ਅਤੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਏ। ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਿਲ੍ਹਾ ਟੇਕ ਸਿੰਘ, ਸੰਸਕ੍ਰਿਤੀ ਸਾਹਨੀ ਸਕੂਲ, ਐਫ.ਸੀ. ਵਰਮਾ ਸਕੂਲ, ਆਰ.ਡੀ. ਖੋਸਲਾ ਸਕੂਲ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਬਟਾਲਾ, ਸਰਕਾਰੀ ਕੰਨਿਆ ਹਾਈ ਸਕੂਲ ਬਟਾਲਾ, ਲਕਸ਼ਮੀ ਦੇਵੀ ਸਾਹਨੀ ਸਕੂਲ ਬਟਾਲਾ, ਆਰੀਆ ਗਰਲਜ਼ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਨੇ ਜਸ਼ਨ-ਏ-ਅਜ਼ਾਦੀ ਦੀਆਂ ਰੌਣਕਾਂ ਨੂੰ ਹੋਰ ਵਧਾ ਦਿੱਤਾ। ਆਰ.ਆਰ.ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੀਆਂ ਵਿਦਿਆਰਥਣਾ ਵੱਲੋਂ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਗਿੱਧੇ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਇਸੇ ਤਰਾਂ ਕੰਡਿਆਲ, ਨਾਰੋਵਾਲ ਅਤੇ ਭਾਗੋਵਾਲ ਸਕੂਲਾਂ ਦੇ ਵਿਦਿਆਰਥੀਆਂ ਨੇ ਭੰਗੜੇ ਪਾ ਕੇ ਅਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ ਨੂੰ ਮਨਾਇਆ। ਵਿਦਿਆਰਥੀਆਂ ਦੀਆਂ ਇਹਨਾਂ ਪੇਸ਼ਕਾਰੀਆਂ ਤੋਂ ਖੁਸ਼ ਹੋ ਕੇ ਸਮਾਗਮ ਦੇ ਮੁੱਖ ਮਹਿਮਾਨ ਡਾ. ਰਜਤ ਉਬਰਾਏ ਵੱਲੋਂ ਤਹਿਸੀਲ ਬਟਾਲਾ ਦੇ ਜਿਨ੍ਹਾਂ ਸਕੂਲਾਂ ਨੇ ਅਜ਼ਾਦੀ ਦਿਵਸ ਸਮਾਗਮ ‘ਚ ਭਾਗ ਲਿਆ ਸੀ ਨੂੰ ੧੬ ਅਗਸਤ ਦੀ ਛੁੱਟੀ ਦਾ ਐਲਾਨ ਕੀਤਾ ਹੈ।
ਅਜ਼ਾਦੀ ਸਮਾਗਮ ਦੌਰਾਨ ਸੁਤੰਤਰਤਾ ਸੰਗ੍ਰਾਮੀ ਸ. ਅਰਜਨ ਸਿੰਘ ਪਿੰਡ ਪੰਡੋਰੀ, ਸ੍ਰੀਮਤੀ ਕਰਮੀ ਦੇਵੀ ਪਤਨੀ ਮੁਲਖਰਾਜ, ਸ੍ਰੀਮਤੀ ਕਰਮ ਕੌਰ ਪਤਨੀ ਕਸ਼ਮੀਰ ਸਿੰਘ ਅਤੇ ਮਹਿੰਦਰ ਕੌਰ ਪਤਨੀ ਬੰਤਾ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਪਰੇਡ ਵਿੱਚ ਹਿੱਸਾ ਲੈਣ ਵਾਲੇ ਪਰੇਡ ਕਮਾਂਡਰਾਂ, ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਅਤੇ ਵੱਖ-ਵੱਖ ਖੇਤਰਾਂ ‘ਚ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਵੀ ਸਨਮਾਨਤ ਕੀਤਾ ਗਿਆ।
ਇਸ ਮੌਕੇ ਐੱਸ.ਐੱਸ.ਪੀ. ਬਟਾਲਾ ਸ. ਮਨਮਿੰਦਰ ਸਿੰਘ, ਐੱਸ.ਪੀ. ਹੈੱਡਕੁਆਟਰ ਸ੍ਰੀ ਜਤਿੰਦਰ ਸਿੰਘ ਮੰਡ, ਡੀ.ਐੱਸ.ਪੀ. ਸਿਟੀ ਆਰ.ਪੀ.ਸਿੰਘ ਢਿੱਲੋਂ, ਤਹਿਸੀਲਦਾਰ ਬਟਾਲਾ ਸ. ਅਰਵਿੰਦਰਪਾਲ ਸਿੰਘ, ਨਾਇਬ ਤਹਿਸੀਲਦਾਰ ਸ. ਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਸ. ਲਕਛਮਣ ਸਿੰਘ, ਸ. ਮੰਗਲ ਸਿੰਘ ਬਟਾਲਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਪੰਜਾਬ, ਐਡਵੋਕੇਟ ਸੁਰੇਸ਼ ਭਾਟੀਆ, ਉਘੇ ਸਮਾਜ ਸੇਵੀ ਮਾਸਟਰ ਕੁਲਦੀਪ ਸ਼ਰਮਾਂ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਤੋਂ ਇਲਾਵਾ ਸ਼ਹਿਰ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ। ਅਖੀਰ ਵਿੱਚ ਐੱਸ.ਐੱਸ.ਪੀ. ਬਟਾਲਾ ਵੱਲੋਂ ਮੁੱਖ ਮਹਿਮਾਨ ਐੱਸ.ਡੀ.ਐੱਮ. ਬਟਾਲਾ ਡਾ. ਰਜਤ ਉਬਰਾਏ ਨੂੰ ਯਾਦਗਾਰੀ ਚਿੰਨ ਦੇ ਕੇ ਸਮਾਨਤ ਕੀਤਾ ਗਿਆ।
Punjab Post Daily Online Newspaper & Print Media