ਪੰਜਾਬੀਆ ਲਈ ਵੱਡਾ ਝਟਕਾ, ਏ.ਵੀ.ਐਮ ਵਲੋਂ ਸਾਂਪਲਾ, ਮਲਿਕ ਤੇ ਔਜਲਾ ਕੋਲੋਂ ਦਖਲ ਦੀ ਮੰਗ
ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) ਸੱਗੂ) – ਪੰਜਾਬ ਅਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਏਅਰ ਇੰਡੀਆ ਨੇ ਇਕ ਵੱਡਾ ਝਟਕਾ ਦਿੰਦਿਆਂ ਏਅਰ ਇੰਡੀਆ ਨੇ ਸਵੇਰ ਵੇਲੇ ਚੱਲਦੀ ਦਿੱਲੀ-ਅੰਮ੍ਰਿਤਸਰ-ਦਿੱਲੀ ਉਡਾਣ ਨੂੰ 12 ਜੁਲਾਈ ਤੋਂ 30 ਸਤੰਬਰ 2018 ਤੱਕ ਲਈ ਮੁਅੱਤਲ ਕਰ ਦਿੱਤਾ ਹੈ।ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਅਤੇ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਕਿਹਾ ਕਿ ਏਅਰ ਇੰਡੀਆ ਵਲੋਂ ਹਾਲੇ ਤੱਕ ਆਪਣੀ ਵੈਬਸਾਈਟ `ਤੇ ਕੋਈ ਕਾਰਨ ਨਹੀਂ ਦਿੱਤਾ ਗਿਆ ਹੈ, ਪਰ ਫਲਾਈਟ ਦੀ ਬੁਕਿੰਗ ਹੁਣ ਉਪਲੱਬਧ ਨਹੀਂ ਹੈ।ਦੱਸਣਯੋਗ ਹੈ ਕਿ ਪਿਛਲੇ ਹਫਤੇ, ਏਅਰਲਾਈਨ ਨੇ ਹੱਜ ਦੀਆਂ ਉਡਾਣਾਂ ਲਈ ਹਵਾਈ ਜਹਾਜ਼ ਉਪਲੱਬਧ ਕਰਾਉਣ ਲਈ ਚੰਡੀਗੜ-ਬੈਂਕਾਕ ਫਲਾਈਟ ਦੀ ਬੁਕਿੰਗ ਨੂੰ ਵੀ ਮੁਅੱਤਲ ਕਰ ਦਿੱਤਾ ਸੀ।
ਗੁਮਟਾਲਾ ਨੇ ਕਿਹਾ ਕਿ ਇਹ ਫੈਸਲਾ ਸਵੇਰ ਵੇਲੇ ਦੇ ਯਾਤਰੀਆਂ ਲਈ ਕਾਫੀ ਮੁਸ਼ਕਲਾਂ ਪੈਦਾ ਕਰੇਗਾ।ਵੱਖ-ਵੱਖ ਮੁਲਕਾਂ ਤੋਂ ਏਅਰ-ਇੰਡੀਆਂ ਤੇ ਹੋਰ ਵੱਖ-ਵੱਖ ਏਅਰਲਾਈਨਾਂ ਜਿਵੇਂ ਕਿ ਯੁਨਾਈਟੇਡ, ਲੁਫਥਾਂਸਾ, ਏਅਰ ਕੈਨੇਡਾ ਆਦਿ ਰਾਹੀਂ ਦਿੱਲੀ ਪਹੁੰਚਣ ਵਾਲੇ ਅੰਤਰਰਾਸ਼ਟਰੀ ਯਾਤਰੂ ਅੰਮ੍ਰਿਤਸਰ ਪਹੁੰਚਣ ਲਈ ਏਅਰ ਇੰਡੀਆਂ ਦੀ ਏਆਈ 453 ਦੀ ਉਡਾਣ ਦਿੱਲੀ ਤੋਂ ਸਵੇਰੇ 5.00 ਵਜੇ ਲੈਂਦੇ ਹਨ ਜੋ ਸਵੇਰੇ 6:15 ਵਜੇ ਅੰਮ੍ਰਿਤਸਰ ਪਹੁੰਚਦੀ ਹੈ, ਜੋ ਹੁਣ ਉਪਲੱਬਧ ਨਹੀਂ ਹੋਵੇਗੀ।ਏਸੇ ਤਰਾਂ ਅੰਮ੍ਰਿਤਸਰ ਤੋਂ ਦਿੱਲੀ ਲਈ ਵਾਪਸੀ ਦੀ ਉਡਾਣ ਏਆਈ 454 ਰਾਹੀਂ ਸਵੇਰੇ 6:50 ਵਜੇ ਅੰਮਿਤਸਰ ਤੋਂ ਰਵਾਨਾ ਹੋ ਕੇ 7:55 ਵਜੇ ਦਿੱਲੀ ਪਹੁੰਚਦੇ ਹਨ, ਉਹ ਵੀ ਪ੍ਰੇਸ਼ਾਨ ਹੋਣਗੇ।
ਮੰਚ ਆਗੂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਤੇ ਮੈਂਬਰ ਰਾਜ ਸਭਾ ਸ਼ਵੇਤ ਮਲਿਕ, ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੂੰ ਪੱਤਰ ਲਿਖ ਕੇ ਤੇ ਟਵੀਟ ਕਰਕੇ ਮੰਗ ਕੀਤੇ ਹੈ ਕਿ ਉਹ ਇਸ ਸੰਬੰਧੀ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰਾਲੇ ਨਾਲ ਗੱਲਬਾਤ ਕਰਨ ਕਿ ਏਅਰ ਇੰਡੀਆ ਇਸ ਫਲਾਈਟ ਦੀ ਬਜਾਏ ਕਿਸੇ ਹੋਰ ਸੈਕਟਰ `ਤੇ ਘਾਟੇ ਵਿਚ ਚੱਲ ਰਹੀ ਉਡਾਣ ਨੂੰ ਮੁਅੱਤਲ ਕਰੇ।ਉਨਾਂ ਕਿਹਾ ਕਿ ਅੰਮ੍ਰਿਤਸਰ-ਦਿੱਲੀ ਉਡਾਣ ਵਿਚ 90 ਫੀਸਦੀ ਤੋਂ ਵੱਧ ਯਾਤਰੀਆਂ ਨਾਲ ਭਰੀ ਹੁੰਦੀ ਹੈ।ਇਸ ਫਲਾਈਟ ਨੂੰ ਰੱਦ ਕਰਨ ਨਾਲ ਯੂਰਪ, ਉਤਰੀ ਅਮਰੀਕਾ ਅਤੇ ਦੂਜੇ ਦੇਸ਼ਾਂ ਵਿਚ ਵੱਸਣ ਵਾਲੇ ਪੰਜਾਬੀ ਭਾਈਚਾਰੇ ਦੇ ਸਮੇਂ ਤੇ ਪੈਸੇ ਦਾ ਭਾਰੀ ਨੁਕਸਾਨ ਹੋਵੇਗਾ।
ਗੁਮਟਾਲਾ ਨੇ ਕਿਹਾ ਕਿ ਇਕ ਪਾਸੇ ਤਾਂ ਸਾਡੇ ਸੰਸਦ ਮੈਂਬਰ ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀਆਂ ਹੋਰ ਉਡਾਣਾਂ ਸ਼ੁਰੂ ਕਰਨ ਦੀ ਗੱਲ ਕਰਦੇ ਪਏ ਹਨ ਪਰ ਏਅਰਲਾਈਨ ਵਲੋਂ ਸਫਲਤਾ ਪੂਰਵਕ ਚਲ ਰਹੀਆਂ ਇਹਨਾਂ ਉਡਾਣਾਂ ਨੂੰ ਬਿਨਾਂ ਕਾਰਨ ਦੱਸਿਆਂ ਮੁਅੱਤਲ ਕੀਤਾ ਜਾ ਰਿਹਾ ਹੈ।
Punjab Post Daily Online Newspaper & Print Media