Tuesday, November 24, 2026

ਨਸ਼ਿਆਂ ਲਈ ਸੂਹ ਦੇਣ ਵਾਸਤੇ ਡਿਪਟੀ ਕਮਿਸ਼ਨਰ ਦਫਤਰ ਸ਼ੁਰੂ ਕਰੇਗਾ ਟੋਲ ਫ੍ਰੀ ਨੰਬਰ

ਨਸ਼ਾ ਛੱਡਣ ਲਈ ਹੁਣ ਤੱਕ ਨਸ਼ਾ ਛੁਡਾਊ ਕੇਂਦਰ `ਚ ਦਾਖਲ ਹੋਏ 65 ਨਸ਼ੇੜੀ -ਸੰਘਾ

DC Sanghaਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਨਸ਼ਿਆਂ ਦੇ ਖਾਤਮੇ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਗਈ ਮੁਹਿੰਮ ਨਸ਼ੇ ਦੇ ਖਾਤਮੇ ਤੱਕ ਢਿੱਲੀ ਨਹੀਂ ਪੈਣ ਦਿੱਤੀ ਜਾਵੇਗੀ ਅਤੇ ਇਨਾਂ ਖਿਲਾਫ ਜਾਗਰੂਕਤਾ ਫੈਲਾਉਣ ਲਈ ਸਕੂਲਾਂ ਤੇ ਕਾਲਜਾਂ ਵਿਚ ਮਨੋਵਿਗਿਆਨਕਾਂ ਵੱਲੋਂ ਵਿਸ਼ੇਸ਼ ਸੈਮੀਨਾਰ ਕੀਤੇ ਜਾਣਗੇ, ਜਿਸ ਵਿਚ ਨਸ਼ਿਆਂ ਨਾਲ ਬਰਬਾਦ ਹੋ ਚੁੱਕੇ ਘਰਾਂ ਦੇ ਦਸਤਾਵੇਜ਼ੀ ਸਬੂਤ ਤਸਵੀਰਾਂ ਤੇ ਵੀਡੀਓ ਜ਼ਰੀਏ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਜਾਣਗੇ, ਤਾਂ ਜੋ ਨੌਜਵਾਨ ਇਸ ਆਤਮਘਾਤੀ ਰਾਹ ’ਤੇ ਪੈਣ ਤੋਂ ਪਹਿਲਾਂ ਨਸ਼ੇ ਦੇ ਹਨੇਰੇ ਵਿਚ ਆਪਣੇ ਤੇ ਆਪਣੇ ਪਰਿਵਾਰ ਦਾ ਡੁੱਬਦਾ ਭਵਿੱਖ ਵੇਖਕੇ ਕੁਰਹੇ ਪੈਣ ਤੋਂ ਬਚ ਸਕਣ।ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਹੁਣ ਲੋਕਾਂ ਦਾ ਡਟਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਲੋਕ ਖ਼ੁਦ ਨਸ਼ੇ ਦੇ ਸੌਦਾਗਰਾਂ ਦੀਆਂ ਸੂਚੀਆਂ ਪੁਲਿਸ ਤੇ ਪ੍ਰਸ਼ਾਸਨ ਨਾਲ ਸਾਂਝੀਆਂ ਕਰਨ ਲੱਗੇ ਹਨ।
          ਉਨਾਂ ਅਜਿਹੇ ਹਿੰਮਤੀ ਲੋਕਾਂ ਨੂੰ ਸਾਬਾਸ਼ ਦਿੰਦੇ ਕਿਹਾ ਕਿ ਹੁਣ ਪੁਲਿਸ ਦੇ ਨਾਲ-ਨਾਲ ਨਸ਼ੇ ਸਬੰਧੀ ਜਾਣਕਾਰੀ ਲੋਕਾਂ ਕੋਲੋਂ ਲੈਣ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਹੈਲਪ ਲਾਈਨ ਸ਼ੁਰੂ ਕੀਤੀ ਜਾਵੇਗੀ, ਕਿਉਂਕਿ ਕਈ ਵਾਰ ਲੋਕ ਪੁਲਿਸ ਦੇ ਡਰ ਜਾਂ ਹੋਰ ਕਾਰਨਾਂ ਕਰਕੇ ਸੂਹ ਦੇਣ ਤੋਂ ਝਿਜਕ ਜਾਂਦੇ ਹਨ।ਉਨਾਂ ਦੱਸਿਆ ਕਿ ਬੀਤੇ ਹਫਤੇ ਦੀ ਮਿਹਨਤ ਨਾਲ ਨਸ਼ੇ ਛੱਡਣ ਵਾਲੇ ਨੌਜਵਾਨ ਵੀ ਖੁੱਲ ਕੇ ਅੱਗੇ ਆਏ ਹਨ ਅਤੇ ਹੁਣ ਤੱਕ 65 ਬੰਦੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਭਰਤੀ ਹੋ ਚੁੱਕੇ ਹਨ।ਉਨਾਂ ਦੱਸਿਆ ਕਿ ਇਨਾਂ ਦਾ ਇਲਾਜ ਤੇ ਰੋਟੀ-ਪਾਣੀ ਮੁਫਤ ਕਰ ਦਿੱਤਾ ਗਿਆ ਹੈ ਅਤੇ ਲੰਗਰ ਦੀ ਸਾਰੀ ਸੇਵਾ ਸ਼੍ਰੋਮਣੀ ਕਮੇਟੀ ਨੇ ਲੈ ਲਈ ਹੈ।ਉਨਾਂ ਇਸ ਲਈ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਵੀ ਸਰਾਹਨਾ ਕੀਤੀ, ਜੋ ਕਿ ਰੋਜ਼ਾਨਾ 250 ਦੇ ਕਰੀਬ ਲੋਕਾਂ ਲਈ ਲੰਗਰ ਹਸਪਤਾਲ ਭੇਜ ਰਹੇ ਹਨ।
     ਸੰਘਾ ਨੇ ਕਿਹਾ ਕਿ ਸਪਲਾਈ ਰੋਕਣ ਦੇ ਨਾਲ-ਨਾਲ ਨਸ਼ੇ ਦੀ ਮੰਗ ਘੱਟ ਕਰਨ ਦੀ ਵੱਡੀ ਲੋੜ ਹੈ, ਜਿਸ ਲਈ ਸਾਨੂੰ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਵੱਲੋਂ ਭਰਵਾਂ ਸਾਥ ਮਿਲ ਰਿਹਾ ਹੈ।ਉਨਾਂ ਦੱਸਿਆ ਕਿ ਨਸ਼ੇ ਕਰਨ ਵਾਲੇ ਜ਼ਿਆਦਾਤਰ ਨੌਜਵਾਨ ਇਕੋ ਸ਼ਰਿੰਜ ਦੀ ਵਰਤੋਂ ਕਰਨ ਕਰਕੇ ਕਾਲੇ ਪੀਲੀਏ ਤੇ ਐਚ.ਆਈ.ਵੀ ਦੇ ਵੀ ਸ਼ਿਕਾਰ ਹੋ ਚੁੱਕੇ ਹਨ ਅਤੇ ਨਸ਼ਾ ਛੁਡਾਉ ਕੇਂਦਰ ਵਿਚ ਇਸ ਦੇ ਇਲਾਜ ਦੀ ਸ਼ੁਰੂਆਤ ਵੀ ਨਾਲ-ਨਾਲ ਕੀਤੀ ਜਾ ਰਹੀ ਹੈ।ਉਨਾਂ ਨਸ਼ੇ ਲੈਣ ਵਾਲੇ ਨੌਜਵਾਨਾਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਨਸ਼ੇ ਦੀ ਗ੍ਰਿਫਤ ਵਿਚ ਆ ਚੁੱਕੇ ਨੌਜਵਾਨਾਂ ਨੂੰ ਝਿੜਕ ਜਾਂ ਡਾਂਟਣ ਨਾ ਬਲਕਿ ਇਲਾਜ ਲਈ ਲੈ ਕੇ ਆਉਣ, ਕਿਉਂਕਿ ਨਸ਼ਾ ਇਕ ਮਾਨਸਿਕ ਰੋਗ ਹੈ ਅਤੇ ਨਸ਼ਾ ਹਟਣ ਦੇ ਨਾਲ ਹੀ ਰੋਗੀ ਆਪਣੇ ਆਪ ਠੀਕ ਹੋ ਜਾਵੇਗਾ।

 

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply