ਡਾ. ਜਸਪਾਲ ਸਿੰਘ ਕੌਮੀ ਘੱਟਗਿਣਤੀ ਵਿੱਦਿਅਕ ਅਦਾਰਾ ਕਮਿਸ਼ਨ ਦਾ ਮੈਂਬਰ ਬਣਨ ’ਤੇ ਸਨਮਾਨਿਤ
ਨਵੀਂ ਦਿੱਲੀ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਗ੍ਰਹਿਸਥ ਜੀਵਨ ਨੂੰ ਦਰਕਿਨਾਰ ਕਰਕੇ ਜੰਗਲਾਂ ’ਚ ਪ੍ਰਭੂ ਦੀ ਬੰਦਗੀ ਕਰਨ ਵਾਲੇ ਸਿਧਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀ ਗਈ ਵਿਚਾਰ ਗੋਸ਼ਟਿ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਮੀਨਾਰ ਕਰਵਾਇਆ ਗਿਆ।ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟਡੀਜ਼ ਵੱਲੋਂ ਮਹੀਨਾਵਾਰੀ ਕਰਵਾਏ ਜਾਂਦੇ ਲੈਕਚਰਾਂ ਦੀ ਲੜੀ ਤਹਿਤ ਇਸ ਵਾਰ ‘ਸਿਧ ਗੋਸ਼ਟਿ’ ਵਿਸ਼ੇ ’ਤੇ ਸਾਹਿਤ ਕੇਂਦਰ ਦੇਹਰਾਦੂਨ ਦੇ ਸੇਵਾਮੁਕਤ ਡਾਇਰੈਕਟਰ ਡਾ. ਹਰਭਜਨ ਸਿੰਘ ਨੇ ਆਪਣੇ ਵਿਦਵਤਾ ਭਰਪੂਰ ਵਿਚਾਰ ਰੱਖੇ। ਇਸ ਤੋਂ ਪਹਿਲਾ ਕਵੀ ਚਰਨ ਸਿੰਘ ਚਰਨ ਨੇ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਅਧਾਰ ਬਣਾ ਕੇ ਅੱਜ ਦੇ ਭੇਖੀ ਤੇ ਅਖੌਤੀ ਸਾਧੂਆਂ ’ਤੇ ਕਵਿਤਾ ਮਾਧਿਯਮ ਰਾਹੀਂ ਵਿਅੰਗ ਕੀਤਾ।
ਡਾ. ਹਰਭਜਨ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਆਮਦ ਤੋਂ ਪਹਿਲਾ ਸਿਧਾਂ, ਨਾਥਾਂ ਅਤੇ ਜੋਗੀਆਂ ਦਾ ਬੋਲਬਾਲਾ ਸੀ। ਸਿਧਾਂ ਦਾ ਸਬੰਧ ਬੋਧੀਆਂ ਤੋਂ ਹੋਇਆ ਮੰਨਿਆ ਜਾਂਦਾ ਹੈ।ਇਹ ਤਿੰਨੋਂ ਵੱਖ-ਵੱਖ ਫਿਰਕੇ ਸਨ, ਜੋ ਕਿ ਗ੍ਰਹਿਸਥ ਜੀਵਨ ਨੂੰ ਤਿਆਗ ਕੇ ਜੰਗਲਾਂ ’ਚ ਪ੍ਰਭੂ ਭਗਤੀ ਲਈ ਭਟਕਦੇ ਸਨ। ਜਨਮ ਸਾਖੀਆ ’ਚ ਗੁਰੂ ਸਾਹਿਬ ਦੀਆਂ ਸਿਧਾਂ ਅਤੇ ਜੋਗੀਆਂ ਨਾਲ ਅਨੇਕਾਂ ਗੋਸ਼ਟੀਆਂ ਦਾ ਜਿਕਰ ਹੈ।ਜੋਗੀ ਬਾਰ-ਬਾਰ ਗੁਰੂ ਸਾਹਿਬ ਦੀ ਸਿੱਖਿਆ ਦਾ ਵਿਰੋਧ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਗੁਰੂ ਸਾਹਿਬ ਕਰਕੇ ਆਪਣੇ ਧਰਮ ਅਤੇ ਮਤ ਬਾਰੇ ਖਤਰਾ ਪੈਦਾ ਹੋ ਗਿਆ ਸੀ।
ਹਰਭਜਨ ਸਿੰਘ ਨੇ ਭਾਈ ਗੁਰਦਾਸ ਜੀ ਦੇ ਹਵਾਲੇ ਨਾਲ ਦੱਸਿਆ ਕਿ ਕਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਸਿਧਾਂ ਦੇ ਨਾਲ ਵਿਚਾਰ ਚਰਚਾ ਕਰਕੇ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ।ਸਿਧ ਗੋਸ਼ਟਿ ਦੀ ਬਾਣੀ ਦੇ ਦੂਜੇ ਭਾਗ ’ਚ ਨਾਥਾ ਨਾਲ ਸਬੰਧਿਤ ਪ੍ਰਸ਼ਨ ਉੱਤਰ ਹਨ।ਜੋਗੀ ਨਾਥਾਂ ਨੇ ਬਹੁਤ ਕਰਾਮਾਤਾਂ ਰਾਹੀਂ ਗੁਰੂ ਜੀ ਨੂੰ ਆਪਣੀਆਂ ਸ਼ਕਤੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਜੀ ਨੇ ਸਾਰੀ ਕਰਾਮਾਤਾਂ ਦਾ ਜਵਾਬ ਤਰਕ ਅਤੇ ਗਿਆਨ ਸ਼ਕਤੀ ਦੇ ਨਾਲ ਦੇ ਕੇ ਉਨ੍ਹਾਂ ਦਾ ਅਹੰਕਾਰ ਭੰਨਿਆ।ਜਿਵੇਂ ਕਿ ਕੌੜੇ ਰੀਠੀਆਂ ਨੂੰ ਮਿੱਠਾ ਕਰਨਾ ਆਦਿਕ।ਗੁਰੂ ਜੀ ਨੇ ਮੋਹ ਮਾਇਆ ਤਿਆਗ ਕੇ ਜੰਗਲਾਂ ’ਚ ਵਿੱਚਰ ਰਹੇ ਸਾਧਾਂ ਨੂੰ ਕਿਹਾ ਕਿ ਜੰਗਲ ’ਚ ਬੈਠਣ ਨਾਲ ਰੱਬ ਨਹੀਂ ਮਿਲਦਾ ਸਗੋਂ ਚਿੱਕੜ ’ਚ ਕਮਲ ਫੁੱਲ ਦੀ ਨਿਆਈ ਵਿੱਚਰਨਾ ਹੀ ਸਹੀ ਮਨੁੱਖੀ ਧਰਮ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੂੰ ਕੌਮੀ ਘੱਟਗਿਣਤੀ ਵਿੱਦਿਅਕ ਅਦਾਰਾ ਕਮਿਸ਼ਨ ਦਾ ਮੈਂਬਰ ਬਣਨ ’ਤੇ ਸਨਮਾਨਿਤ ਕੀਤਾ ਗਿਆ।ਡਾ. ਜਸਪਾਲ ਸਿੰਘ ਦੇ ਸਨਮਾਨ ’ਚ ਅਦਾਰੇ ਦੀ ਡਾਇਰੈਕਟਰ ਡਾ. ਹਰਬੰਸ ਕੌਰ ਸੱਗੂ ਨੇ ਦੇਸ਼, ਕੌਮ ਅਤੇ ਧਰਮ ’ਚ ਉਨ੍ਹਾਂ ਵਲੌਂ ਪਾਏ ਗਏ ਯੋਗਦਾਨ ਬਾਰੇ ਸਨਮਾਨ ਪੱਤਰ ਪੜਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਡਾ. ਜਸਪਾਲ ਸਿੰਘ ਦਾ ਸਨਮਾਨ ਕਰਨ ਉਪਰੰਤ ਬੋਲਦੇ ਹੋਏ ਉਨ੍ਹਾਂ ਦੀ ਆਪਣੇ ਪਰਿਵਾਰ ਨਾਲ ਰਹੀ ਸਾਂਝ ਦਾ ਜਿਕਰ ਕੀਤਾ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਗੁੁਰੂ ਸਾਹਿਬ ਨੇ ਸਾਨੂੰ ਲੋਕਾਂ ਨਾਲ ਗੱਲਬਾਤ ਕਰਨ ਲਈ ਗੋਸ਼ਟਿ ਵਜੋਂ ਸੰਵਾਦ ਕਰਨ ਦਾ ਨਿਵੇਕਲਾ ਸਿਧਾਂਤ ਦਿੱਤਾ ਹੈ।ਸੰਵਾਦ ਹੋਣਾ ਬਹੁਤ ਜਰੂਰੀ ਹੈ।ਜਿਹੜਾ ਬੰਦਾ ਗੱਲਬਾਤ ਨਹੀਂ ਕਰਦਾ ਉਹ ਵਿਕਸਿਤ ਨਹੀਂ ਹੁੰਦਾ। ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਊਂਦੇ ਹੋਏ ਪਤਵੰਤੇ ਵਿਦਿਵਾਨਾਂ ਦਾ ਧੰਨਵਾਦ ਕੀਤਾ।ਸਾਬਕਾ ਰਾਜ ਸਭਾ ਮੈਂਬਰ ਅਤੇ ਅਦਾਰੇ ਦੇ ਚੇਅਰਮੈਨ ਤਿਰਲੋਚਨ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।ਇਸ ਮੌਕੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਓਂਕਾਰ ਸਿੰਘ ਰਾਜਾ, ਕੁਲਤਾਰਨ ਸਿੰਘ ਕੋਛੜ ਆਦਿਕ ਮੌਜੂਦ ਸਨ।
Punjab Post Daily Online Newspaper & Print Media