ਅੰਮ੍ਰਿਤਸਰ 12 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦੋ ਪਹੀਆ ਵਾਹਨ ਚਲਾਉਣ ਸਮੇਂ ਸਿੱਖ ਬੀਬੀਆਂ ਨੂੰ ਲੋਹ ਟੋਪ ਪਹਿਨਣ ਦੇ ਤਾਜ਼ਾ ਫੈਸਲੇ ’ਤੇ ਚਰਚਾ ਕਰਨ ਲਈ ਸ਼੍ਰੋਮਣੀ ਕਮੇਟੀ ਦੀਆਂ ਮੈਂਬਰ ਬੀਬੀਆਂ ਦੀ ਵਿਸ਼ੇਸ਼ ਇਕੱਤਰਤਾ ਅੱਜ ਇਥੇ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ `ਚ ਹੋਈ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ, ਮੈਂਬਰ ਸ਼੍ਰੋਮਣੀ ਕਮੇਟੀ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਹੋਈ ਇਸ ਇਕੱਤਰਤਾ ਵਿਚ ਸਿੱਖ ਬੀਬੀਆਂ ਨੂੰ ਦੋ ਪਹੀਆ ਵਾਹਨ ਚਲਾਉਣ ਸਮੇਂ ਲੋਹ ਟੋਪ ਪਹਿਨਣ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਫੈਸਲੇ ਦੀ ਸਖ਼ਤ ਸਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਨਾਲ ਹੀ ਮੰਗ ਕੀਤੀ ਕਿ ਇਸ ਫੈਸਲੇ ਤੇ ਮੁੜ ਵਿਚਾਰ ਕੀਤੀ ਜਾਵੇ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਨੂੰ ਟੋਪੀ ਪਾਉਣ ਦੀ ਸਖਤ ਮਨਾਹੀ ਹੈ। ਸਿੱਖ ਰਹਿਤਨਾਮਿਆਂ ਵਿਚ ਟੋਪੀ ਪਾਉਣ ਵਾਲੇ ਸਿੱਖ ਨੂੰ ਤਨਖਾਹੀਆ (ਸਜ਼ਾ-ਯਾਫਤਾ) ਕਰਾਰ ਦਿੱਤਾ ਗਿਆ ਹੈ। ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਵਿਚ ਜਿਕਰ ਹੈ “ਹੋਇ ਸਿਖ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਟੀ ਹੋਇ ਮਰੈ” ਇਸ ਲਈ ਗੁਰੂ ਹੁਕਮਾਂ ਅਨੁਸਾਰ ਕੋਈ ਵੀ ਸਿੱਖ ਟੋਪੀ ਜਾਂ ਟੋਪ ਨਹੀਂ ਪਾ ਸਕਦਾ। ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਆਇਆ ਇਹ ਫੈਸਲਾ ਬਿਲਕੁੱਲ ਗਲਤ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਔਰਤਾਂ ਨੂੰ ਸੁਰਿਖਅਤ ਰੱਖਣ ਲਈ ਕਨੂੰਨ ਪਾਸ ਕਰਨੇ ਚਾਹੀਦੇ ਹਨ ਤਾਂ ਜੋ ਅਜੋਕੇ ਸਮੇਂ ਵਿਚ ਔਰਤਾਂ ਤੇ ਹੋ ਰਹੇ ਤਸ਼ੱਦਤਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅੰਗਰੇਜ ਰਾਜ ਸਮੇਂ ਵੀ ਸਿੱਖਾਂ ਨੂੰ ਜੰਗਾਂ ਸਮੇਂ ਟੋਪ ਪਹਿਨਣ ਲਈ ਜੋਰ ਪਾਇਆ ਜਾਂਦਾ ਸੀ, ਪਰ ਉਸ ਸਮੇਂ ਸਿੱਖਾਂ ਨੇ ਟੋਪ ਨੂੰ ਨਹੀਂ ਸਿੱਖਾਂ ਦੀ ਸ਼ਾਨ ਦਸਤਾਰ ਨੂੰ ਹੀ ਵਿਸ਼ੇਸ ਅਹਿਮੀਅਤ ਦਿੱਤੀ।ਉਨ੍ਹਾਂ ਕਿਹਾ ਕਿ ਸਿੱਖ ਬੀਬੀਆਂ ਨੂੰ ਸਰਕਾਰ ਇਸ ਫੈਸਲੇ ਤੋਂ ਰਾਹਤ ਦੇਵੇ ਅਤੇ ਸਰਕਾਰ ਵੱਲੋਂ ਬਣਾਏ ਇਸ ਕਨੂੰਨ ਨੂੰ ਤੁਰੰਤ ਵਾਪਸ ਲਵੇ।ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿੱਖ ਬੀਬੀਆਂ ਦਾ ਵਫਦ ਜਲਦੀ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ।ਇਸ ਦੇ ਨਾਲ ਹੀ ਬੀਬੀਆਂ ਦੇ ਵਫਦ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਇਸ ਮਸਲੇ ਸਬੰਧੀ ਮੰਗ ਪੱਤਰ ਦਿੱਤਾ ਗਿਆ।ਸ਼੍ਰੌਮਣੀ ਕਮੇਟੀ ਦਫਤਰ ਵਿਖੇ ਹੋਈ ਇਸ ਇਕੱਤਰਤਾ ਵਿਚ ਪੰਜਾਬ, ਹਰਿਆਣਾ, ਦਿੱਲੀ ਅਤੇ ਮੁੰਬਈ ਤੋਂ ਵੱਡੀ ਗਿਣਤੀ ਵਿਚ ਅਹੁੱਦੇਦਾਰ ਬੀਬੀਆਂ ਸ਼ਾਮਲ ਹੋਈਆਂ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ, ਬੀਬੀ ਗੁਰਿੰਦਰ ਕੌਰ ਫਰੀਦਕੋਟ, ਬੀਬੀ ਜੁਗਿੰਦਰ ਕੌਰ ਰਾਠੋਰ, ਬੀਬੀ ਪਰਮਜੀਤ ਕੌਰ ਲਾਡਰਾਂ, ਬੀਬੀ ਰਣਜੀਤ ਕੌਰ ਮਾਹਿਲਪੁਰੀ, ਬੀਬੀ ਸਵਰਨ ਕੌਰ ਤੇੜਾ, ਬੀਬੀ ਰਵਿੰਦਰ ਕੌਰ, ਬੀਬੀ ਮਲਕੀਤ ਕੌਰ ਕਮਾਲਪੁਰ, ਬੀਬੀ ਕਰਨਬੀਰ ਕੌਰ ਗਿਦੜਬਾਹਾ, ਬੀਬੀ ਜੁਗਿੰਦਰ ਕੌਰ ਧਰਮਕੋਟ, ਬੀਬੀ ਪਰਮਜੀਤ ਕੌਰ, ਪ੍ਰੋ: ਕਮਲਜੀਤ ਕੌਰ, ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ, ਸਹਾਇਕ ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ, ਸਾਬਕਾ ਮੈਂਬਰ ਬੀਬੀ ਰਵਿੰਦਰ ਕੌਰ ਅਜ਼ਰਾਨਾ, ਬੀਬੀ ਅੰਮ੍ਰਿਤ ਕੌਰ ਸੀਨੀਅਰ ਮੀਤ ਪ੍ਰਧਾਨ, ਦਿੱਲੀ, ਬੀਬੀ ਰਣਜੀਤ ਕੌਰ ਪ੍ਰਧਾਨ ਦਿੱਲੀ ਸਟੇਟ, ਬੀਬੀ ਰਾਜਵਿੰਦਰ ਕੌਰ ਜਿਲ੍ਹਾ ਪ੍ਰਧਾਨ, ਬੀਬੀ ਬਲਵਿੰਦਰ ਕੌਰ ਸੰਧੂ ਛੇਹਰਟਾ, ਬੀਬੀ ਵੀਨਾ ਮੱਕੜ ਚੰਡੀਗੜ੍ਹ, ਬੀਬੀ ਦਰਸ਼ਨ ਕੌਰ, ਪ੍ਰਿੰ: ਰਵਿੰਦਰ ਕੌਰ ਚੱਡਾ, ਬੀਬੀ ਹਰਜੀਤ ਕੌਰ ਰਾਣੀ ਤਲਵੰਡੀ, ਬੀਬੀ ਜਸਪਾਲ ਕੌਰ ਭਾਟੀਆ, ਬੀਬੀ ਸੁਖਦੇਵ ਕੌਰ ਹੁਸ਼ਿਆਰਪੁਰ, ਬੀਬੀ ਪਰਮਜੀਤ ਕੌਰ ਪਿੰਕੀ ਪ੍ਰਧਾਨ ਮਹਾਰਾਸਟਰ, ਬੀਬੀ ਮਨਪ੍ਰੀਤ ਕੌਰ ਹੁੰਦਲ, ਤੋਂ ਇਲਾਵਾ ਸਿੱਖ ਪ੍ਰਚਾਰਕ ਬੀਬੀਆਂ ਹਾਜ਼ਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media