ਭਾਈ ਘਨੱਈਆ ਜੀ ਮਾਨਵ ਸੇਵਾ ਸੈਂਟਰ ਤੇ ਭਾਈ ਘਨੱਈਆ ਜੀ ਸੇਵਾ ਐਵਾਰਡ ਦੀ ਸਥਾਪਨਾ
ਅੰਮ੍ਰਿਤਸਰ, 12 ਜੁਲਾਈ ( ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਸੇਵਾ ਤੇ ਨਿਮਰਤਾ ਦੇ ਪੁੰਜ ਭਾਈ ਘਨੱਈਆ ਜੀ ਦੇ ਨਿਸ਼ਕਾਮ ਆਦਰਸ਼ਾਂ ਤੇ ਸਿੱਖਿਆਵਾਂ ਨੂੰ ਪ੍ਰਚਾਰਨ-ਪ੍ਰਸਾਰਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਜੋ ਕਿ 20 ਸਤੰਬਰ 2018 ਵਿਚ ਭਾਈ ਘਨੱਈਆ ਜੀ ਦੀ ਮਨਾਈ ਜਾ ਰਹੀ 300 ਸਾਲਾ ਬਰਸੀ ਨੂੰ ਸਮਰਪਿਤ ਹੋਣਗੇ।ਉਪੋਰਕਤ ਵਿਚਾਰਾਂ ਦਾ ਪ੍ਰਗਟਾਵਾ ਇਸ ਸੰਬੰਧ ਵਿਚ ਗਠਿਤ ਕਮੇਟੀ ਦੇ ਮੈਂਬਰ ਸਾਹਿਬਾਨ ਵਲੋਂ ਕੀਤਾ ਗਿਆ ਜਿਹਨਾਂ ਵਿਚ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਪ੍ਰੋ: ਬਲਜਿੰਦਰ ਸਿੰਘ, ਤਜਿੰਦਰ ਸਿੰਘ ਸਰਦਾਰ ਪਗੜੀ ਹਾਉਸ, ਰਵਿੰਦਰ ਸਿੰਘ ਰੋਬਿਨ, ਡਾ: ਹਰਦੀਪ ਸਿੰਘ ਦੀਪ ਸ਼ਾਮਲ ਸਨ।
ਮੀਟਿੰਗ ਵਿਚ ਚੀਫ ਖਾਲਸਾ ਦੀਵਾਨ ਵਲੋਂ ਵਿਦਿਆਰਥੀਆਂ ਨੂੰ ਪਰਉਪਕਾਰੀੇ ਦਇਆਵਾਨ ਭਾਈ ਘਨੱਈਆ ਜੀ ਦੇ ਸੱਚੇ ਸੁੱਚੇ ਜੀਵਨ ਦੇ ਆਦਰਸ਼ਾਂ ਤੋਂ ਜਾਣੂ ਕਰਵਾਉਣ ਹਿੱਤ ਅਗਸਤ-ਸਤੰਬਰ, 2018 ਨੁੰ ਸੀ.ਕੇ.ਡੀ ਸਕੂਲਾਂ ਵਿਚ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣ ਦਾ ਫੈਸਲਾ ਲਿਆ ਗਿਆ, ਜਿਸ ਅਧੀਨ ਭਾਈ ਘਨੱਈਆ ਜੀ ਦੀ ਜੀਵਨੀ ਤੇ ਸੋਚ ਤੇ ਅਧਾਰਤ ਸੈਮੀਨਾਰ, ਵਰਕਸ਼ਾਪ, ਭਾਸ਼ਣ, ਲੇਖ, ਪੋਸਟਰ ਤੇ ਹੋਰ ਸੰਬੰਧਤ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀ ਮਾਨਵਤਾ ਦੇ ਸੇਵਕ ਭਾਈ ਘਨੱਈਆ ਜੀ ਦੇ ਜੀਵਨ ਆਚਰਨ ਤੇ ਗੁਣਾਂ ਨੂੰ ਅਪਣੀ ਅਸਲ ਜਿੰਦਗੀ ਵਿਚ ਵੀ ਉਤਾਰ ਸਕਣ।ਇਸ ਮੰਤਵ ਲਈ “ਭਾਈ ਘਨੱਈਆ ਜੀ ਮਾਨਵ ਸੇਵਾ ਸੈਂਟਰ” ਦੀ ਵੀ ਸਥਾਪਨਾ ਦਾ ਫੈਸਲਾ ਲਿਆ ਗਿਆ।
ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ਾਂ ਤੋਂ ਪ੍ਰੇਰਣਾ ਲੈਂਦਿਆਂ ਭਾਈ ਘਨੱਈਆ ਜੀ ਨੇ ਅਨੰਦਪੁਰ ਸਾਹਿਬ ਦੀ ਜੰਗ ਵਿਚ ਦੋਸਤੀ ਦੁਸ਼ਮਣੀ ਤੋਂ ਉਪਰ ਉੱਠ ਕੇ ਜਖਮੀ ਮੁਗਲਾਂ ਤੇ ਸਿੱਖਾਂ ਨੂੰ ਪਾਣੀ ਪਿਆਇਆ ਅਤੇ ਮਲਹਮ ਪੱਟੀ ਦੀ ਸੇਵਾ ਕੀਤੀ।ਮਨੁੱਖਤਾ ਦੀ ਸੇਵਾ ਕਰਨ ਦਾ ਇਹ ਆਦਰਸ਼ ਅੱਜ ਨੌਜੁਆਨ ਪੀੜ੍ਹੀ ਨੂੰ ਅਪਨਾਉਣ ਦੀ ਲੌੜ ਹੈ, ਜਿਸ ਤਹਿਤ ਚੀਫ ਖਾਲਸਾ ਦੀਵਾਨ ਵਲੋਂੰ ਸੀ.ਕੇ.ਡੀ ਨਰਸਿੰਗ ਕਾਲਜ ਤੋਂ ਅਤੇ ਚੀਫ ਖਾਲਸਾ ਦੀਵਾਨ ਹਸਪਤਾਲ ਦੇ ਕੁਸ਼ਲ ਪ੍ਰੋਫੈਸ਼ਨਲ ਤਜੁਰਬੇਕਾਰ ਡਾਕਟਰਾਂ ਰਾਹੀਂ ਸੀ.ਕੇ.ਡੀ ਅਧੀਨ ਸਕੂਲਾਂ ਦੇ ਵਿਦਿਆਰਥੀਆਂ ਨੂੰ ਫਸਟ-ਏਡ ਟ੍ਰੇਨਿੰਗ ਪ੍ਰਦਾਨ ਕਰਨ ਲਈ ਵੀ ਮਤਾ ਪਾਸ ਕੀਤਾ ਗਿਆ ਤਾਂ ਜੋ ਵਿਦਿਆਰਥੀ ਕਿਸੇ ਦੁਰਘਟਨਾ ਜਾਂ ਐਮਰਜੈਂਸੀ ਵੇਲੇ ਫਸਟ-ਏਡ ਦੇ ਕੇ ਕਿਸੇ ਲੋੜਵੰਦ ਦੀ ਜਾਨ ਬਚਾ ਸਕਣ ਦੀ ਯੋਗਤਾ ਰੱਖ ਸਕਣ।
ਇਸ ਮੌਕੇ ਕਮੇਟੀ ਵਲੋਂ “ਭਾਈ ਘਨੱਈਆ ਜੀ ਸੇਵਾ ਐਵਾਰਡ” ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਨਿਰਸਵਾਰਥ ਭਾਵ ਨਾਲ ਮਨੁਖਤਾ ਦੀ ਸੇਵਾ ਕਰਨ ਵਾਲੀ ਉੁਚ ਸ਼ਖਸੀਅਤ ਨੂੰ ਹੀ ਚੀਫ ਖਾਲਸਾ ਦੀਵਾਨ ਵਲੋਂ ਹਰ ਸਾਲ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਜਖਮੀ ਪਿਆਸਿਆਂ ਨੂੰ ਪਾਣੀ ਪਿਲਾਉਣ ਦਾ ਚਰਿੱਤਰ ਚਿਤਰਨ ਕਰਨ ਵਾਲੇ ਭਾਈ ਘਨਈਆ ਜੀ ਦੀ ਯਾਦ `ਚ ਪਾਣੀ ਪਿਲਾੳਣ ਦੇ ਨਾਲ ਨਾਲ ਪਾਣੀ ਬਚਾਉਣ ਤੇ ਇਸ ਦੀ ਸੰਭਾਲ ਲਈ ਵੀ ਵਿਸ਼ੇਸ਼ ਉਪਰਾਲਿਆਂ ਦੀ ਲੋੜ `ਤੇ ਜੋਰ ਦਿੱਤਾ ਗਿਆ।
ਇਸ ਮੋਕੇ ਪ੍ਰਧਾਨ ਚੀਫ ਖਾਲਸਾ ਦੀਵਾਨ ਡਾ: ਸੰਤੋਖ ਸਿੰਘ ਨੇ ਦਸਿਆ ਕਿ ਭਾਈ ਘਨੱਈਆ ਜੀ ਦੀ ਮਨਾਈ ਜਾ ਰਹੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਇਹ ਸਾਰੇ ਪ੍ਰੋਗਰਾਮ ਸਿਰਫ ਸਾਲ 2018 ਲਈ ਨਹੀਂ, ਸਗੋਂ ਪੂਰਨ ਰੂਪ ਵਿਚ ਲਗਾਤਾਰਤਾ ਨਾਲ ਸਥਾਈ ਤੌਰ `ਤੇ ਪਾਸ ਕੀਤੇ ਗਏ ਹਨ।