
ਅੰਮ੍ਰਿਤਸਰ, 16 ਅਗਸਤ (ਗੁਰਪ੍ਰੀਤ ਸਿੰਘ) – ਦੁਨੀਆਂ ਦੇ ਸਭ ਤੋਂ ਬੇਹਤਰੀਨ ਜੂਡੋ ਖਿਡਾਰੀ ਤੇ ਅੰਤਰਰਾਸ਼ਟਰੀ ਜੂਡੋ ਕੋਚ ਤੇ ਡਾਇਰੈਕਟਰ ਤਕਨੀਕ ਚੈਟੇਊ ਗੋਨੀਟਰ ਫਰਾਂਸ਼ ਮਿਸਟਰ ਰੌਡਰਿਕ ਚੈਨੈਟ ਆਪਣੀ ਪਤਨੀ ਸਮੇਤ ਸੇਵਾ ਸਿਮਰਨ ਤੇ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਆਪਣੇ ਜੱਦੀ ਦੇਸ਼ ਫਰਾਂਸ ਤੋਂ ਅੰਮ੍ਰਿਤਸਰ ਦੇ ਨਿੱਜੀ ਦੌਰੇ ਤੇ ਆਏ ਅੰਤਰ ਰਾਸ਼ਟਰੀ ਜੂਡੋ ਕੋਚ ਮਿਸਟਰ ਰੌਡਰਿਕ ਚੈਨੈਟ ਨੇ ਕਿਹਾ ਕਿ ਉਹ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ, ਵਿਖੇ ਸਥਿਤ ਐਸਜੀਆਰਡੀ ਜੂਡੋ ਸੈਂਟਰ ਦੇ ਪ੍ਰਬੰਧਕਾਂ ਦੇ ਵਿਸ਼ੇਸ਼ ਸੱਦੇ ਤੇ ਇਥੇ ਆਏ ਹਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਅਸੀਮ ਨਜ਼ਾਰਾ ਪ੍ਰਾਪਤ ਹੋਇਆ ਹੈ। ਉਹਨਾਂ ਕਿਹਾ ਕਿ ਇੱਥੋਂ ਦੇ ਬਾਸ਼ਿਦਿਆਂ ਦੀ ਗੁਰੂ ਪ੍ਰਤੀ ਸ਼ਰਧਾ ਭਾਵਨਾ ਤੇ ਸਿੱਖ ਗੁਰੂਆਂ ਦੀਆਂ ਲਾਸਾਨੀ ਤੇ ਬੇਮਿਸਾਲ ਕੁਰਬਾਨੀਆਂ ਭਰੇ ਇਤਿਹਾਸ ਨੂੰ ਜਾਣਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਐਸਜੀਪੀਸੀ ਦੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਨੇ ਦੱਸਿਆ ਕਿ 17 ਅਗਸਤ ਨੂੰ ਅੰਤਰ ਰਾਸ਼ਟਰੀ ਕੋਚ ਮਿਸਟਰ ਰੌਡਰਿਕ ਚੈਨੈਟ ਐਸਜੀਆਰਡੀ ਜੂਡੋ ਸੈਂਟਰ ਵਿਖੇ ਮਹਿਲਾ ਪੁਰਸ਼ ਖਿਡਾਰੀਆਂ ਦੇ ਸਵੇਰੇ ਅਤੇ ਸ਼ਾਮ ਨੂੰ ਦੋ ਸੈਸ਼ਨ ਵੀ ਲੈਣਗੇ ਤੇ ਜੂਡੋ ਖੇਡ ਖੇਤਰ ਦੇ ਕੌਮੀ ਪੱਧਰ ਦੇ ਦਾਅ ਪੇਂਚਾਂ ਤੋਂ ਇਲਾਵਾਂ ਕਾਇਦੇ ਕਾਨੂੰਨ ਤੇ ਤਕਨੀਕ ਤੋਂ ਜਾਣੂੰ ਕਰਵਾਉਣਗੇ। ਉਹਨਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਵਿਸ਼ਵ ਪੱਧਰ ਦੀ ਖੇਡ ਖੇਤਰ ਦੀ ਇੰਨੀ ਵੱਡੀ ਸਖ਼ਸ਼ੀਅਤ ਖਿਡਾਰੀਆਂ ਦੇ ਰੂਬਰੂ ਹੋ ਰਹੀ ਹੈ ਜਿਸ ਦਾ ਸਭ ਖਿਡਾਰੀਆਂ ਨੂੰ ਲਾਹਾ ਲੈਣਾ ਚਾਹੀਦਾ ਹੈ।ਸੈਂਟਰ ਪੁੱਜਣ ਤੇ ਅੰਤਰ ਰਾਸ਼ਟਰੀ ਪੱਧਰ ਦੇ ਇਸ ਖਿਡਾਰੀ ਤੇ ਉਸ ਦੀ ਪਤਨੀ ਦਾ ਪੰਜਾਬੀ ਰਹੁਰੀਤਾਂ, ਰਵਾਇਤਾਂ ਤੇ ਪ੍ਰੰਪਰਾਵਾਂ ਦੇ ਅਨੁਸਾਰ ਸਵਾਗਤ ਕੀਤਾ ਜਾਵੇਗਾ।ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਐਸਜੀਪੀਸੀ ਦੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ, ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਤੇ ਹੋਰਾਂ ਨੇ ਮਿਸਟਰ ਐਂਡ ਮਿਸਿਜ਼ ਰੌਡਰਿਕ ਚੈਨੈਟ ਨੂੰ ਤੇ ਉਹਨਾਂ ਨਾਲ ਆਏ ਸਪੋਰਟਸ ਅਥਾਰਟੀ ਆਫ਼ ਇੰਡੀਆ ਪਟਿਆਲਾ ਦੇ ਕੋਚ ਜੀਵਨ ਸ਼ਰਮਾ, ਵਿਟਰ ਗੇਮਜ਼ ਐਸੋਸ਼ੀਏਸ਼ਨ ਪੰਜਾਬ ਦੇ ਪ੍ਰਧਾਨ ਸਤਪਾਲ ਵਰਮਾ ਤੇ ਉਹਨਾਂ ਦੇ ਸਾਥੀਆਂ ਨੂ ਉਚੇਚੇ ਤੌਰ ਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਅਤੇ ਧਾਰਮਿਕ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਸਂੈਟਰ ਇੰਚਾਰਜ ਕੋਚ ਕਰਮਜੀਤ ਸਿੰਘ, ਲਖਵਿੰਦਰ ਸਿੰਘ ਸਾਂਘਣਾ, ਜਗਜੀਤ ਕੌਰ, ਦਿਵਯਾ ਸ਼ਰਮਾ ਤੇ ਤੇਜਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media