Thursday, March 26, 2026

ਮਿਸ਼ਨ ਤੰਦਰੁਸਤ ਨੂੰ ਲੈ ਕੇ ਸ਼ਹਿਰ ਦੇ ਹੋਟਲਾਂ, ਰੈਸਟੋਰੈਂਟਾਂ ਦੇ ਮਾਲਕਾਂ ਨਾਲ ਡੀ.ਸੀ ਵੱਲੋਂ ਮੀਟਿੰਗ

ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਤੰਦਰੁਸਤ ਪੰਜਾਬ ਮਿਸ਼ਨ ਨੂੰ ਲੈ ਕੇ ਅੱਜ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ PPN1307201814ਵੱਲੋਂ ਸ਼ਹਿਰ ਦੇ ਹੋਟਲਾਂ, ਰੈਸਟੋਰੈਂਟਾਂ ਅਤੇ ਹੋਲ ਸੇਲ ਡੀਲਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੰਘਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਹੋਟਲਾਂ ਅਤੇ ਰੈਸਟੋਰੈਂਟਾਂ ਦੀ ਕੀਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਰਸੋਈਆਂ ਵਿੱਚ ਬਿਲਕੁੱਲ ਵੀ ਸਫਾਈ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ।ਸੰਘਾ ਨੇ ਹੋਟਲ ਤੇ ਰੈਸਟੋਰੈਂਟਾਂ ਦੇ ਮਾਲਕਾਂ ਨੂੰ ਸਪੱਸ਼ਟ ਕੀਤਾ ਕਿ ਤੁਹਾਡੀ ਲਾਪਰਵਾਹੀ ਕਾਰਨ ਆਮ ਲੋਕਾਂ ਨੂੰ ਬਿਮਾਰ ਹੋਣ ਨਹੀਂ ਦਿੱਤਾ ਜਾ ਸਕਦਾ, ਤੁਸੀਂ ਆਪਣੀਆਂ ਰਸੋਈਆਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿਉ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ।
     ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਦਾ  ਮਕਸਦ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ ਕਿ ਮਿਲਾਵਟਖੋਰੀ ਨੂੰ ਖਤਮ ਕੀਤਾ ਜਾਵੇ ਅਤੇ ਫੂਡ ਸੇਫਟੀ ਐਕਟ ਦੇ 12 ਸੁਨਿਹਰੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਹੋਟਲਾਂ ਤੇ ਰੈਸਟੋਰੈਂਟਾਂ ਵਿਚ ਕੰਮ ਕਰਦੇ ਕਰਮਚਾਰੀਆਂ ਦਾ ਹੈਪੇਟਾਈਟਸ ਸੀ ਅਤੇ ਐਚ:ਆਈ:ਵੀ ਦਾ ਟੈਸਟ ਜਰੂਰ ਕਰਾਉਣ ਅਤੇ ਹਰ 6 ਮਹੀਨਿਆਂ ਬਾਅਦ ਮੈਡੀਕਲ ਟੈਸਟ ਯਕੀਨੀ ਬਣਾਇਆ ਜਾਵੇ।
     ਮੀਟਿੰਗ ਦੌਰਾਨ ਲਖਬੀਰ ਸਿੰਘ ਭਾਗੋਵਾਲੀਆ ਜਿਲ੍ਹਾ ਸਿਹਤ ਅਫਸਰ ਨੇ ਕਿਹਾ ਕਿ ਮਿਲਾਵਟਖੋਰੀ ਕਾਰਨ ਹੀ ਅੱਜਕੱਲ ਛੋਟੇ ਬੱਚਿਆਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਹਨ।ਉਨ੍ਹਾਂ ਨੇ ਹੋਟਲ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਵਧੀਆ ਕੰਪਨੀਆਂ ਦੇ ਪੈਕ ਕੀਤੇ ਮਸਾਲੇ ਹੀ ਵਰਤਣ।ਉਨ੍ਹਾਂ ਨੇ ਹੋਲ ਸੇਲ ਡੀਲਰਾਂ ਨੂੰ ਵੀ ਕਿਹਾ ਕਿ ਉਹ ਮਿਲਾਵਟਖੋਰੀ ਵਸਤਾਂ ਨੂੰ ਬਿਲਕੁਲ ਨਾ ਵੇਚਣ। ਉਨ੍ਹਾਂ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇਕਰ ਸਾਨੂੰ ਸਾਫ ਸੁਥਰਾ ਵਾਤਾਵਰਣ, ਸਾਫ ਪਾਣੀ ਅਤੇ ਮਿਲਾਵਟਖੋਰੀ ਤੋਂ ਬਿਨਾਂ ਸਮਾਨ ਉਪਲੱਬਧ ਹੋਵੇ। ਉਨ੍ਹਾਂ ਨੇ ਹੋਟਲਾਂ, ਰੈਸਟੋਰੈਂਟਾਂ ਮਾਲਕਾਂ ਨੂੰ ਕਿਹਾ ਕਿ ਹਰ ਕਿਚਨ ਵਿੱਚ ਡਸਟਬੀਨ ਕਵਰ ਹੋਣੇ ਚਾਹੀਦੇ ਹਨ ਅਤੇ ਕਰਮਚਾਰੀਆਂ ਦੇ ਕੱਪੜੇ ਵੀ ਸਾਫ ਸੁਥਰੇ ਹੋਣੇ ਚਾਹੀਦੇ ਹਨ।
     ਭਾਗੋਵਾਲੀਆ ਨੇ ਹੋਟਲਾਂ, ਰੈਸਟੋਰੈਂਟਾਂ ਮਾਲਕਾਂ ਨੂੰ ਕਿਹਾ ਕਿ ਤੁਹਾਨੂੰ ਇਕ ਹਫਤੇ ਦਾ ਸਮਾਂ ਦਿੱਤਾ ਜਾਂਦਾ ਹੈ ਤੁਸੀਂ ਇਕ ਹਫਤੇ ਦੌਰਾਨ ਫੂਡ ਸੇਫਟੀ ਐਕਟ ਦੇ ਨਿਯਮਾਂ ਨੂੰ ਯਕੀਨੀ ਬਣਾਓ, ਜੇਕਰ ਇਸ ਉਪਰੰਤ ਵੀ ਫੂਡ ਸੇਫਟੀ ਐਕਟ ਦੇ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਤੁਹਾਡੇ ਵਿਰੁੱਧ ਸਖਤ ਕਾਰਵਾਈ ਲਈ ਪ੍ਰਸਾਸ਼ਨ ਨੂੰ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਬਚੇ ਹੋਏ ਖਾਣੇ ਨੂੰ ਬਾਹਰ ਨਾ ਸੁਟਿਆ ਜਾਵੇ।
     ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਸਮੂਹ ਹੋਟਲਾਂ, ਰੈਸਟੋਰੈਂਟਾਂ ਅਤੇ ਹੋਲ ਸੇਲਰ ਡੀਲਰਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਪੀੜਤਾਂ ਦੀ ਸਹਾਇਤਾ ਲਈ ਰੈਡ ਕਰਾਸ ਦੀ ਮਦਦ ਕਰਨ।ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਕਈ ਨਸ਼ਾ ਪੀੜਤਾਂ ਨੂੰ ਨਸ਼ਾ ਛੁਡਾਉ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਉਥੇ ਨਸ਼ਾ ਪੀੜਤਾਂ ਲਈ ਰੈਡ ਕਰਾਸ ਵੱਲੋਂ ਬੈਡ, ਗੱਦੇ ਬਰਤਨ ਆਦਿ ਦਾ ਇੰਤਜਾਮ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਸਮਾਜ ਦੀ ਭਲਾਈ ਮਿਲ ਕੇ ਯੋਗਦਾਨ ਪਾਈਏ ਅਤੇ ਰੈਡ ਕਰਾਸ ਦੀ ਸਹਾਇਤਾ ਕਰੀਏ।
     ਮੀਟਿੰਗ ਵਿੱਚ ਸੁਭਾਸ਼ ਚੰਦਰ ਸਹਾਇਕ ਕਮਿਸ਼ਨਰ ਜਨਰਲ, ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਸ਼ਿਵਰਾਜ ਸਿੰਘ ਬੱਲ ਕਾਰਜਕਾਰੀ ਮੈਜਿਸਟਰੇਟ, ਮੈਡਮ ਗਗਨਦੀਪ ਕੌਰ ਫੂਡ ਸੇਫਟੀ ਅਫਸਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਟਲਾਂ, ਰੈਸਟੋਰੈਂਟਾਂ ਅਤੇ ਹੋਲ ਸੇਲ ਡੀਲਰਾਂ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply