ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਜਿਲਾ ਪ੍ਰੀਸ਼ਦ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਭਾਸ਼ ਚੰਦਰ ਵੱਲੋਂ ਸ਼ਹਿਰ
ਦੇ ਪ੍ਰਮੁੱਖ ਵਪਾਰੀਆਂ ਅਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਨਸ਼ਾ ਪੀੜਤ ਯੁਵਕਾਂ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ।ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਕਿਹਾ ਕਿ ਰੈਡ ਕਰਾਸ ਹਮੇਸ਼ਾਂ ਹੀ ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ। ਉਨ੍ਹਾਂ ਦੱਸਿਆ ਕਿ ਰੈਡ ਕਰਾਸ ਵੱਲੋਂ ਗਰੀਬ ਲੋਕਾਂ ਨੂੰ ਮੁਫਤ ਦਵਾਈਆਂ, ਸਿਲਾਈ ਮਸ਼ੀਨਾਂ, ਵੀਲ ਚੇਅਰਾਂ ਦਿੱਤੀਆਂ ਜਾਂਦੀਆਂ ਹਨ ਅਤੇ ਰੈਡ ਕਰਾਸ ਵੱਲੋ ਹੀ ਲੜਕੀਆਂ ਲਈ ਸਿਲਾਈ ਕੇਂਦਰ, ਸਾਂਝੀ ਰਸੋਈ ਅਤੇ ਕੰਪਿਊਟਰ ਟ੍ਰੇਨਿੰਗ ਦੇ ਕੋਰਸ ਬਹੁਤ ਹੀ ਘੱਟ ਫੀਸ ਲੈ ਕੇ ਕਰਵਾਏ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਹੁਣ ਰੈਡ ਕਰਾਸ ਵੱਲੋਂ ਨਸ਼ਾ ਪੀੜਤ ਵਿਅਕਤੀਆਂ ਦੇ ਇਲਾਜ ਕਰਵਾਉਣ ਦਾ ਬੀੜਾ ਚੁੱਕਿਆ ਗਿਆ ਹੈ ਅਤੇ ਰੈਡ ਕਰਾਸ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਾ ਪੀੜਤਾਂ ਦੀ ਮਦਦ ਲਈ ਬੈਡ, ਗੱਦੇ, ਬਰਤਨ ਆਦਿ ਦੇਣ ਦਾ ਵੀ ਉਪਰਾਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਰੈਡ ਕਰਾਸ ਦੀ ਸੰਸਥਾ ਸਮਾਜ ਦੇ ਸਹਿਯੋਗ ਨਾਲ ਹੀ ਚਲਦੀ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਇਸ ਸੰਸਥਾ ਦੀ ਮਦਦ ਕਰਨੀ ਚਾਹੀਦੀ ਹੈ।
ਇਸ ਮੌਕੇ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸਿਕਾਇਤਾਂ ਨੇ ਦੱਸਿਆ ਕਿ ਰੈਡ ਕਰਾਸ ਵੱਲੋਂ ਨਸ਼ਾ ਪੀੜਤ ਵਿਅਕਤੀਆਂ ਦੀ ਮਦਦ ਕਰਨਾ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਨਸ਼ਾ ਪੀੜਤ ਯੁਵਕ ਸਾਡੇ ਹੀ ਬੱਚੇ ਹਨ ਅਤੇ ਸਾਨੂੰ ਸਭ ਨੂੰ ਇਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਪੀੜਤ ਯੁਵਕ ਨਾਲ ਨਫਰਤ ਨਹੀਂ ਸਗੋਂ ਇਨ੍ਹਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਸ੍ਰੀਮਤੀ ਵਿਨੈ ਸ਼ਰਮਾ ਸਕੱਤਰ ਰੈਡ ਕਰਾਸ ਸੁਸਾਇਟੀ ਨੇ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰੈਡ ਕਰਾਸ ਦੀ ਸਹਾਇਤਾ ਲਈ ਅੱਗੇ ਆਉਣ ਤਾਂ ਜੋ ਇਨ੍ਹਾਂ ਨਸ਼ਾ ਪੀੜਤ ਵਿਅਕਤੀਆਂ ਦਾ ਇਲਾਜ ਹੋ ਸਕੇ।
ਇਸ ਮੌਕੇ ਤੇਜਬੀਰ ਸਿੰਘ ਏ.ਈ.ਟੀ.ਸੀ ਅੰਮ੍ਰਿਤਸਰ-1, ਸ੍ਰੀਮਤੀ ਰਾਜਵਿੰਦਰ ਕੌਰ ਏ.ਈ.ਟੀ.ਸੀ ਅੰਮ੍ਰਿਤਸਰ-2, ਹਰਪਾਲ ਸਿੰਘ ਆਹਲੂਵਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਪਾਰੀ ਅਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦੇ ਹਾਜਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media