ਨਵੀਂ ਦਿੱਲੀ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਸਰਕਾਰ ’ਤੇ ਪੰਜਾਬੀ ਭਾਸ਼ਾ ਨੂੰ ਜਾਣਬੁੱਝ ਕੇ ਖੁੰਝੇ ਲਾਉਣ
ਦਾ ਗੰਭੀਰ ਦੋਸ਼ ਲਾਇਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੂੰ ਭੇਜੇ ਪੱਤਰ ’ਚ ਦਿੱਲੀ ਦੇ ਸਰਕਾਰੀ ਸਕੂਲਾਂ ਤੋਂ ਪੜ੍ਹ ਕੇ 9ਵੀਂ ਅਤੇ 10ਵੀਂ ਜਮਾਤ ’ਚ ਫੇਲ ਹੋਏ ਵਿਦਿਆਰਥੀਆਂ ਦੇ ਓਪਨ ਸਕੂਲ ਤੋਂ 10ਵੀਂ ਦੀ ਪ੍ਰੀਖਿਆ ਲਈ ਨਾਮਜ਼ਦ ਕਰਨ ਵੇਲੇ ਪੰਜਾਬੀ ਭਾਸ਼ਾ ਦੀ ਗੈਰ ਉਪਲਬਧਤਾ ਨੂੰ ਮੁੱਦੇ ਵੱਜੋਂ ਉਭਾਰਿਆ ਹੈ।
ਜੀ.ਕੇ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ 9ਵੀਂ ਅਤੇ 10ਵੀਂ ਜਮਾਤ ਦੇ ਫ਼ੇਲ ਵਿਦਿਆਰਥੀਆਂ ਨੂੰ 10ਵੀਂ ਜਮਾਤ ਦੀ ਪ੍ਰੀਖਿਆ ਸੀ.ਬੀ.ਐਸ.ਈ ਤੋਂ ਦਿਵਾਉਣ ਦੀ ਥਾਂ ਨੈਸ਼ਨਲ ਇੰਸਟੀਟਿਯੂਟ ਆਫ ਓਪਨ ਸਕੂਲਿੰਗ (ਐਨ.ਆਈ.ਓ.ਐਸ) ਤੋਂ ਦਿਵਾਉਣ ਦਾ ਕਰਾਰ ਕੀਤਾ ਸੀ।ਓਪਨ ਸਕੂਲ ਰਾਹੀਂ 10ਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਨਾਮਜ਼ਦਗੀ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਆਪਣੀ ਵੈਬਸਾਈਟ ਜਰੀਏ ਕੀਤੀ ਜਾ ਰਹੀ ਹੈ।ਜਿਸ ਦੀ ਆਖਰੀ ਤਾਰੀਖ 21 ਜੁਲਾਈ ਹੈ। ਨਾਮਜ਼ਦ ਹੋਣ ਵਾਲੇ ਲੜਕਿਆਂ ਲਈ 15 ਅਤੇ ਲੜਕੀਆਂ ਲਈ 73 ਸਿੱਖਿਆ ਕੇਂਦਰ ਦਿੱਲੀ ਦੇ ਵੱਖ-ਵੱਖ ਸਰਕਾਰੀ ਸਕੂਲਾਂ ’ਚ ਬਣਾਏ ਗਏ ਹਨ। ਜਦੋਂ ਵਿਦਿਆਰਥੀ ਵੱਲੋਂ 2 ਭਾਸ਼ਾਵਾਂ ਦੀ ਚੋਣ ਲਈ ਕਲਿੱਕ ਕੀਤਾ ਜਾਂਦਾ ਹੈ ਤਾਂ ਉਥੇ ਭਾਸ਼ਾ ਦੇ ਬਦਲ ਦੇ ਤੌਰ ’ਤੇ ਹਿੰਦੀ, ਅੰਗਰੇਜ਼ੀ ਅਤੇ ਸੰਸਕ੍ਰਿਤ ਭਾਸ਼ਾ ਸਾਹਮਣੇ ਆਉਂਦੀ ਹੈ।
ਜੀ.ਕੇ ਨੇ ਦੱਸਿਆ ਕਿ ਦਿੱਲੀ ਸਰਕਾਰ ਦੀ ਅਨਗਹਿਲੀ ਕਾਰਨ ਉਕਤ ਵਿਦਿਆਰਥੀਆਂ ਨੂੰ ਦੂਜੀ ਭਾਸ਼ਾ ਵੱਜੋਂ ਸੰਸਕ੍ਰਿਤ ਦੀ ਚੋਣ ਕਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ।ਜਦੋਂ ਇਸ ਬਾਰੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਗੈਰ ਅਧਿਕਾਰਿਕ ਤੌਰ ’ਤੇ ਕਹਿਣਾ ਸੀ ਕਿ ਸਿੱਖਿਆ ਕੇਂਦਰਾਂ ’ਚ ਪੰਜਾਬੀ ਟੀਚਰ ਸਰਕਾਰ ਵੱਲੋਂ ਉਪਲਬਧ ਨਹੀਂ ਕਰਵਾਏ ਜਾ ਰਹੇ ਹਨ।
ਜੀ.ਕੇ ਨੇ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਦਿੱਲੀ ’ਚ ਲਾਗੂ 3 ਭਾਸ਼ਾ ਫਾਰਮੂਲੇ ਦੀ ਉਲੰਘਣਾ ਕਰ ਰਹੀ ਹੈ। ਕਿਉਂਕਿ ਦਿੱਲੀ ’ਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜ਼ਾ ਪ੍ਰਾਪਤ ਹੈ।ਇਸ ਕਰਕੇ ਸੰਸਕ੍ਰਿਤ ਤੋਂ ਵੱਧ ਹੱਕ ਪੰਜਾਬੀ ਦਾ ਬਣਦਾ ਹੈ।ਪਰ ਦਿੱਲੀ ਸਰਕਾਰ ਲਗਾਤਾਰ ਸਰਕਾਰੀ ਸਕੂਲਾਂ ’ਚ ਪੰਜਾਬੀ ਟੀਚਰਾਂ ਦੀਆਂ ਖਾਲੀ ਪਈਆਂ ਆਸਾਮੀਆਂ ਨੂੰ ਨਾ ਭਰ ਕੇ ਪੰਜਾਬੀ ਪ੍ਰੇਮੀਆਂ ਨਾਲ ਧ੍ਰੋਹ ਕਮਾ ਰਹੀ ਹੈ।
ਜੀ.ਕੇ ਨੇ ਸਵਾਲ ਪੁੱਛਿਆ ਕਿ ਦਿੱਲੀ ਸਰਕਾਰ ਆਪਣੇ ਸਕੂਲਾਂ ਦੇ 9ਵੀਂ ਫ਼ੇਲ ਵਿਦਿਆਰਥੀਆਂ ਨੂੰ ਓਪਨ ਸਕੂਲ ’ਚੋਂ ਸਿੱਧੀ 10ਵੀਂ ਜਮਾਤ ਪਾਸ ਕਰਾਕੇ ਵਿਦਿਆਰਥੀਆਂ ਦੀ ਨੀਂਹ ਮਜਬੂਤ ਕਰਕੇ ਫ਼ਰਜੀ ਰਾਸ਼ਟਰ ਨਿਰਮਾਣ ਕਰ ਰਹੀ ਹੈ।ਉਨਾਂ ਨੇ ਹੈਰਾਨੀ ਪ੍ਰਗਟਾਈ ਕਿ ਦਿੱਲੀ ਸਰਕਾਰ ਦੇ ਓਪਨ ਸਕੂਲ ਵਜੋਂ ਚਲ ਰਹੇ 88 ਸਿੱਖਿਆ ਕੇਂਦਰ ਕਿਸ ਤਰੀਕੇ ਨਾਲ ਦੋਹਰੀ ਮਾਨਤਾ ਲੈ ਕੇ ਚਲ ਰਹੇ ਹਨ।ਉਕਤ ਸਕੂਲਾਂ ਨੂੰ ਸੀ.ਬੀ.ਐਸ.ਈ ਦੇ ਨਾਲ ਐਨ.ਆਈ.ਓ.ਐਸ ਦੀ ਦੋਹਰੀ ਮਾਨਤਾ ਕਿਸ ਆਧਾਰ ’ਤੇ ਮਿਲੀ ਹੈ।
ਜੀ.ਕੇ ਨੇ ਸਿਸੋਦੀਆਂ ਨੂੰ ਪੰਜਾਬੀ ਭਾਸ਼ਾ ਦੀ ਅਣਦੇਖੀ ਨਾ ਕਰਨ ਦੀ ਨਸੀਹਤ ਦਿੰਦੇ ਹੋਏ ਕਈ ਮੰਗਾਂ ਸਾਹਮਣੇ ਰੱਖਿਆ ਹਨ। ਜੀ.ਕੇ ਨੇ ਓਪਨ ਸਕੂਲ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਬਾਕੀ ਭਾਸ਼ਾਵਾਂ ਦੇ ਨਾਲ ਸ਼ਾਮਲ ਕਰਨ, ਦਾਖਲੇ ਦੀ ਆਖਰੀ ਤਾਰੀਖ ਨੂੰ 15 ਦਿਨਾਂ ਲਈ ਵਧਾਉਣ ਅਤੇ ਨਾਮਜਦ ਹੋ ਚੁੱਕੇ ਵਿਦਿਆਰਥੀਆਂ ਨੂੰ ਭਾਸ਼ਾ ’ਚ ਬਦਲਾਅ ਕਰਨ ਦਾ ਮੌਕਾ ਉਪਲਬਧ ਕਰਾਉਣ ਦੀ ਮੰਗ ਕੀਤੀ ਹੈ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media