Friday, May 17, 2024

ਸ਼੍ਰੋਮਣੀ ਕਮੇਟੀ ਨੇ ਮੁਲਾਜ਼ਮਾਂ ਨੂੰ ਸਰਵਿਸ ਨਿਯਮਾਂ ਅਨੁਸਾਰ ਪੱਕਿਆਂ ਕਰਨ ਲਈ ਕਾਰਵਾਈ ਆਰੰਭੀ

PPN2507201817ਅੰਮ੍ਰਿਤਸਰ 25 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ’ਚ ਸੇਵਾ ਨਿਭਾਅ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਲਈ ਕਾਰਵਾਈ ਆਰੰਭੀ ਗਈ ਹੈ।ਇਸ ਤਹਿਤ ਸਰਵਿਸ ਨਿਯਮਾਂ ਅਨੁਸਾਰ ਨੌਕਰੀ ਵਿਚ ਨਿਰਧਾਰਤ ਸਮਾਂ ਪੂਰਾ ਕਰਨ ਵਾਲੇ ਮੁਲਾਜ਼ਮਾਂ ਪਾਸੋਂ ਗੁਰਬਾਣੀ ਸੁਣਨ ਦਾ ਕਾਰਜ ਜਾਰੀ ਹੈ। ਬੀਤੇ ਕੱਲ੍ਹ ਤੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਪਾਸੋਂ ਗੁਰਬਾਣੀ ਸੁਣਨ ਦਾ ਇਹ ਕਾਰਜ ਇੱਕ ਸਬ-ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਸ਼ਾਮਲ ਹਨ।
ਇਸ ਬਾਰੇ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਸਰਵਿਸ ਨਿਯਮਾਂ ਅਨੁਸਾਰ ਮੁਲਾਜ਼ਮਾਂ ਨੂੰ ਗ੍ਰੇਡ ਵਿਚ ਹੋਣ ਤੋਂ ਬਾਅਦ ਨਿਰਧਾਰਤ ਗੁਰਬਾਣੀ ਸੁਣਨ ’ਤੇ ਹੀ ਪੱਕਿਆਂ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਦਾ ਪ੍ਰੋਵੀਡੈਂਟ ਫੰਡ ਜਮ੍ਹਾਂ ਹੋਣਾ ਸ਼ੁਰੂ ਹੁੰਦਾ ਹੈ।ਉਨ੍ਹਾਂ ਦੱਸਿਆ ਕਿ ਨਵੇਂ ਮੁਲਾਜ਼ਮਾਂ ਵਿੱਚੋਂ ਸਰਵਿਸ ਵਿਚ ਪੱਕਿਆਂ ਕਰਨ ਲਈ ਗੁਰਬਾਣੀ ਸੁਣਨ ਦਾ ਕਾਰਜ ਮੰਗਲਵਾਰ ਤੋਂ ਸ਼ੁਰੂ ਕੀਤਾ ਗਿਆ ਹੈ, ਜੋ ਵੀਰਵਾਰ ਤੱਕ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਕੁਲ 567 ਮੁਲਾਜ਼ਮਾਂ ਪਾਸੋਂ ਗੁਰਬਾਣੀ ਸੁਣੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਵਿਸ ਨਿਯਮਾਂ ਦੀ ਮੱਦ 35 ਅਨੁਸਾਰ ਸ਼੍ਰੋਮਣੀ ਕਮੇਟੀ ਅਤੇ ਇਸ ਅਧੀਨ ਆਉਂਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਸਮੇਤ ਹੋਰ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਉਦੋਂ ਤੋਂ ਹੀ ਸਲਾਨਾ ਤਰੱਕੀ ਸ਼ੁਰੂ ਕੀਤੀ ਜਾਂਦੀ ਹੈ, ਜਦੋਂ ਉਹ ਨਿਯਮਾਂ ਅਨੁਸਾਰ ਗੁਰਬਾਣੀ ਜ਼ਬਾਨੀ ਸੁਣਾ ਦੇਣ। ਉਨ੍ਹਾਂ ਦੱਸਿਆ ਕਿ ਸੇਵਾਦਾਰ ਲਈ ਜਪੁਜੀ ਸਾਹਿਬ ਜ਼ਬਾਨੀ ਸੁਣਾਉਣ ਦੀ ਸ਼ਰਤ ਹੈ ਅਤੇ ਪ੍ਰਚਾਰਕ ਤੇ ਗ੍ਰੰਥੀ ਸ਼੍ਰੇਣੀ ਨੂੰ ਨਿਤਨੇਮ ਦੀਆਂ ਬਾਣੀਆਂ ਯਾਦ ਹੋਣੀਆਂ ਲਾਜ਼ਮੀ ਹਨ।ਇਨ੍ਹਾਂ ਬਾਣੀਆਂ ਵਿਚ ਜਪੁਜੀ ਸਾਹਿਬ, ਜਾਪੁ ਸਾਹਿਬ, ਸਵੱਈਏ, ਅਨੰਦ ਸਾਹਿਬ, ਚੌਪਈ ਸਾਹਿਬ, ਸੋਦਰੁ ਰਹਰਾਸਿ ਅਤੇ ਸੋਹਿਲਾ ਸਾਹਿਬ ਦਾ ਪਾਠ ਸੁਣਿਆ ਜਾਂਦਾ ਹੈ। ਡਾ. ਰੂਪ ਸਿੰਘ ਅਨੁਸਾਰ ਪ੍ਰਚਾਰਕ ਅਤੇ ਗ੍ਰੰਥੀ ਸ਼੍ਰੇਣੀ ਪਾਸੋਂ ਗੁਰਬਾਣੀ ਦੇ ਨਾਲ-ਨਾਲ ਸਿੱਖ ਇਤਿਹਾਸ ਅਤੇ ਰਹਿਤ ਮਰਯਾਦਾ ਨਾਲ ਸਬੰਧਤ ਸਵਾਲ ਵੀ ਪੁੱਛੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੱਕਿਆਂ ਹੋਣ ਲਈ ਗੁਰਬਾਣੀ ਸੁਣਾਉਣ ਵਾਲੇ ਮੁਲਾਜ਼ਮਾਂ ਵਿਚ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਵਿਭਾਗਾਂ, ਧਰਮ ਪ੍ਰਚਾਰ ਕਮੇਟੀ, ਇਤਿਹਾਸਕ ਗੁਰਦੁਆਰਾ ਸਾਹਿਬਾਨਾਂ, ਸਿੱਖ ਮਿਸ਼ਨਾਂ ਦੇ ਮੁਲਾਜ਼ਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਨਿਯਮਾਂ ਅਨੁਸਾਰ ਗੁਰਬਾਣੀ ਜ਼ਬਾਨੀ ਯਾਦ ਹੈ ਉਨ੍ਹਾਂ ਨੂੰ ਸਬ-ਕਮੇਟੀ ਵੱਲੋਂ ਗੁਰਬਾਣੀ ਸੁਣਨ ਤੋਂ ਬਾਅਦ ਪੱਕਿਆਂ ਕਰ ਦਿੱਤਾ ਜਾਵੇਗਾ, ਜਦਕਿ ਗੁਰਬਾਣੀ ਨਾ ਸੁਣਾ ਸਕਣ ਵਾਲਿਆਂ ਦਾ ਦੁਬਾਰਾ ਟੈਸਟ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਵਿਸ ਨਿਯਮਾਂ ਅਨੁਸਾਰ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਸਮੇਂ ਗੁਰਬਾਣੀ ਸੁਣਨ ਦਾ ਮੰਤਵ ਮੁਲਾਜ਼ਮਾਂ ਨੂੰ ਗੁਰਮਤਿ ਰਹਿਣੀ ਵਿਚ ਪ੍ਰਪੱਕ ਕਰਨਾ ਹੈ।

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …

Leave a Reply