ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਜ਼ਿਲ੍ਹਾ ਅੰਮ੍ਰਿਤਸਰ ਵਿੱਚ ‘ਸੇਫ ਸਕੂਲ ਵਾਹਨ ਪਾਲਿਸੀ’ ਨੂੰ ਇੰਨ-ਬਿੰਨ ਲਾਗੂ ਕਰਨ ਦੇ ਨਾਲ-ਨਾਲ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਹਰ ਹਾਲਤ ਵਿੱਚ ਯਕੀਨੀ ਬਣਾਇਆ ਜਾਵੇਗਾ।ਇਹ ਐਲਾਨ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਿਟੀ ਰਜਨੀਸ਼ ਅਰੋੜਾ, ਸਹਾਇਕ ਸਿਵਲ ਸਰਜਨ ਡਾ. ਕਿਰਨਦੀਪ ਕੌਰ, ਸ੍ਰੀਮਤੀ ਜਸਵੰਤ ਕੌਰ ਡੀ.ਐਸ.ਪੀ, ਐਸ.ਡੀ.ਓ ਪੀ.ਡਬਲਯੂ.ਡੀ ਕੁਸ਼ਲਦੀਪ ਸਿੰਘ ਰੰਧਾਵਾ, ਟ੍ਰੈਫਿਕ ਪੁਲਿਸ ਇੰਸਪੈਕਟਰ ਕੁਲਦੀਪ ਕੌਰ, ਟ੍ਰੈਫਿਕ ਮਾਰਸ਼ਲ ਸੁਰਿੰਦਰਪਾਲ ਸਿੰਘ, ਟ੍ਰੈਫਿਕ ਏ.ਐਸ.ਆਈ ਪਰਮਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਹਿਮਾਂਸ਼ੂ ਅਗਰਵਾਲ ਵਲੋਂ ਸਕੂਲੀ ਬੱਚਿਆਂ ਦੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦੇ ਅਗਾਊਂ ਬਚਾਅ ਅਤੇ ਪੰਜਾਬ ਸੇਫ਼ ਸਕੂਲ ਵਾਹਨ ਪਾਲਿਸੀ ਨੂੰ ਅਪਣਾਉਣ ਦੀ ਅਫੀਲ ਕਰਦਿਆਂ ਕਿਹਾ ਕਿ ਸਕੂਲਾਂ ਵੱਲੋਂ ਬੱਚਿਆਂ ਦੇ ਸਫਰ ਕਰਨ ਲਈ ਜਿਹੜੇ ਵਾਹਨ ਵਰਤੇ ਜਾਂਦੇ ਹਨ, ਉਨ੍ਹਾਂ ਵਾਹਨਾਂ ਵੱਲੋਂ ਪੰਜਾਬ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਅਨੁਸਾਰ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।ਉਨ੍ਹਾਂ ਇਹ ਹਦਾਇਤ ਕੀਤੀ ਕਿ ਸਕੂਲ ਵੈਨਾਂ/ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਲੜਕੀਆਂ (ਵਿਦਿਆਰਥਣਾਂ) ਨਾਲ ਮਹਿਲਾ ਅਟੈਂਡੈਂਟ ਦੀ ਡਿਊਟੀ ਲਾਜ਼ਮੀ ਯਕੀਨੀ ਬਣਾਈ ਜਾਵੇ। ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਐਕਸੀਡੈਂਟ ਖੇਤਰਾਂ ਦੀ ਪਹਿਚਾਣ ਕੀਤੀ ਜਾਵੇ ਅਤੇ ਉਸ ਉੱਪਰ ਸਾਈਨ ਬੋਰਡ ਜ਼ਰੂਰ ਲਗਵਾਏ ਜਾਣ।ਅਗਰਵਾਲ ਨੇ ਟ੍ਰੈਫਿਕ ਪੁਲਿਸ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਬੁਲਟ ਮੋਟਰਸਾਈਕਲ ਵਿੱਚ ‘ਪਟਾਕੇ’ ਮਾਰਨ ਵਾਲਿਆਂ ਤੇ ਸਖ਼ਤੀ ਕੀਤੀ ਜਾਵੇ ਅਤੇ ਜਿਹੜੀਆਂ ਦੁਕਾਨਾਂ ਤੇ ਬੁਲਟ ਮੋਟਰਸਾਈਕਲ ਤੇ ‘ਪਟਾਕੇ’ ਮਾਰਨ ਵਾਲੇ ਹਾਰਨ ਲਗਾਏ ਜਾਂਦੇ ਹਨ, ਉਨ੍ਹਾਂ `ਤੇ ਛਾਪੇ ਮਾਰੇ ਜਾਣ।ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਿਟੀ ਰਜਨੀਸ਼ ਅਰੋੜਾ ਨੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਗਰੂਕ ਕਰਨ ਲਈ ਸਕੂਲਾਂ ਵਿੱਚ ਕੈਂਪ ਲਗਾਏ ਜਾਣ ਅਤੇ ਸਕੂਲੀ ਵਾਹਨਾਂ ਦੇ ਡਰਾਇਵਰਾਂ ਦੇ ਅੱਖਾਂ ਦੀ ਜਾਂਚ ਵੀ ਜ਼ਰੂਰ ਕਰਵਾਈ ਜਾਵੇ।
ਇਸ ਮੌਕੇ ਟ੍ਰੈਫਿਕ ਪੁਲਿਸ ਇੰਸਪੈਕਟਰ ਕੁਲਦੀਪ ਕੌਰ ਨੇ ਦੱਸਿਆ ਕਿ ਮਹੀਨਾ ਜੂਨ ਦੌਰਾਨ ਟ੍ਰੈਫਿਕ ਪੁਲਿਸ ਵਲੋਂ 7306 ਚਾਲਾਨ ਕੀਤੇ ਗਏ ਹਨ ਅਤੇ 3167300/- (ਇਕੱਤੀ ਲੱਖ ਸਤਾਠ ਹਜ਼ਾਰ ਤਿੰਨ ਸੌ ਰੁਪਏ) ਦਾ ਜ਼ੁਰਮਾਨਾ ਵਸੂਲ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਬਿਨਾਂ ਹੈਲਮਟ ਤੋਂ 1295, ਬਿਨਾਂ ਸੀਟ ਬੈਲਟ ਤੋਂ 939, ਮੋਬਾਇਲ ਫੋਨ ਦੀ ਵਰਤੋਂ ਦੌਰਾਨ 357, ਟ੍ਰਿਪਲ ਰਾਇਡਿੰਗ ਦੌਰਾਨ 367, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ 1049, ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਦੇ 162, ਪ੍ਰੈਸ਼ਰ ਹਾਰਨ ਦੀ 135 ਤੋਂ ਇਲਾਵਾ ਹੋਰ ਵੀ ਵੱਖ-ਵੱਖ ਚਾਲਾਨ ਕੀਤੇ ਗਏ ਹਨ।
ਅਗਰਵਾਲ ਵਲੋਂ ਜ਼ਿਲ੍ਹੇ ਵਿਚ ਗਠਿਤ ਸੇਫ਼ ਸਕੂਲ ਵਾਹਨ ਕਮੇਟੀਆਂ ਨੂੰ ਪ੍ਰਾਈਵੇਟ ਸਕੂਲ ਬੱਸਾਂ ਅਤੇ ਸਕੂਲਾਂ ਵਿੱਚ ਬੱਚਿਆਂ ਦੇ ਸ਼ੋਸ਼ਣ ਨੂੰ ਰੋਕਣ ਸਬੰਧੀ ਹਦਾਇਤਾਂ ਦੀ ਪਾਲਣਾ ਲਈ ਸਮੇਂ-ਸਮੇਂ ਚੈਕਿੰਗ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media