ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਕੀਤੇ ਗਏ 418 ਚਲਾਨ – ਸਿਵਲ ਸਰਜਨ
ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਨਸ਼ਾ ਰੋਕੂ ਮੁਹਿੰਮ ਤਹਿਤ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਹੋਣ ਵਾਲੇ ਮਰੀਜਾਂ ਦੀ ਵਧ ਰਹੀ ਗਿਣਤੀ ਵਿਚ ਧਿਆਨ ਵਿਚ ਰੱਖਦੇ ਹੋਏ 20 ਹੋਰ ਓਟ ਸੈਂਟਰ ਖੋਲਣ ਦੀ ਤਜਵੀਜ਼ ਸਰਕਾਰ ਨੂੰ ਭੇਜੀ ਗਈ ਹੈ ਅਤੇ ਛੇਤੀ ਹੀ 20 ਹੋਰ ਓਟ ਸੈਂਟਰ ਜਿਲ੍ਹੇ ਵਿਚ ਮਰੀਜਾਂ ਦਾ ਮੁਫ਼ਤ ਇਲਾਜ ਕਰਨਾ ਸ਼ੁਰੂ ਕਰ ਦੇਣਗੇ।
ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸਿਹਤ ਵਿਭਾਗ ਦੀ ਕਾਰਗੁਜਾਰੀ ਦੀ ਸਮੀਖਿਆ ਕਰਦੇ ਕੀਤਾ। ੁਨਾਂ ਦੱਸਿਆ ਕਿ ਇਸ ਵੇਲੇ ਜਿਲ੍ਹੇ ਵਿਚ 11 ਓਟ ਸੈਂਟਰ ਚੱਲ ਰਹੇ ਹਨ ਜਿਨ੍ਹਾਂ ਵਿੱਚ ਨਸ਼ਾ ਪੀੜ੍ਹਤ ਵਿਅਕਤੀ ਇਲਾਜ ਕਰਵਾਉਣ ਲਈ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ, ਪਰ ਮਰੀਜਾਂ ਦੀ ਗਿਣਤੀ ਵੱਧ ਹੋਣ ਕਾਰਨ ਅਤੇ ਲੋਕਾਂ ਨੂੰ ਘਰ ਦੇ ਨੇੜੇ ਇਲਾਜ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਜਿਲ੍ਹੇ ਦੇ ਹਰੇਕ ਬਲਾਕ ਵਿੱਚ 2-2 ਓਟ ਸੈਂਟਰ ਖੋਲ੍ਹਣ ਦੀ ਤਜਵੀਜ਼ ਹੈ।ਸੰਘਾ ਨੇ ਦੱਸਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਨਸ਼ਾ ਪੀੜ੍ਹਤ ਲੋਕ ਆਪਣਾ ਇਲਾਜ ਕਰਵਾਉਣ ਲਈ ਖੁਦ ਇਨ੍ਹਾਂ ਓਟ ਸੈਂਟਰਾਂ ਵਿਚ ਪਹੁੰਚ ਰਹੇ ਹਨ ਅਤੇ ਸਰਕਾਰ ਵਲੋਂ ਇਨ੍ਹਾਂ ਨਸ਼ਾ ਪੀੜ੍ਹਤ ਵਿਅਕਤੀਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੀਜ਼ਲ ਰੁਬੇਲੇ ਮੁਹਿੰਮ ਜੋ ਕਿ ਪਹਿਲਾਂ ਗਲਤ ਪ੍ਰਚਾਰ ਦੀ ਭੇਟ ਚੜ ਗਈ ਸੀ, ਸਿਹਤ ਅਤੇ ਦੂਸਰੇ ਵਿਭਾਗਾਂ ਦੀ ਸਹਾਇਤਾ ਨਾਲ ਜਿਲ੍ਹੇ ਵਿਚ ਬਹੁਤ ਵਧੀਆ ਰਹੀ ਹੈ ਅਤੇ ਹੁਣ ਤੱਕ 96.5 ਫੀਸਦੀ ਦਾ ਟੀਚਾ ਪ੍ਰਾਪਤ ਕੀਤਾ ਗਿਆ ਹੈ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਦੀਪ ਸਿੰਘ ਘਈ ਸਿਵਲ ਸਰਜਨ ਨੇ ਦੱਸਿਆ ਕਿ ਮਈ-ਜੂਨ ਵਿਚ ਕੁੱਲ ਤੰਬਾਕੂ ਕੰਟਰੋਲ ਪ੍ਰੋਗਾਰਮ ਅਧੀਨ 418 ਚਾਲਾਨ ਕੀਤੇ ਗਏ ਸਨ ਅਤੇ 23700/- ਰੁਪਏ ਜੁਰਮਾਨਾ ਵਸੂਲ ਕੀਤਾ ਗਿਆ ਸੀ।ਘਈ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਡਾਇਰੀਆ ਨੂੰ ਕੰਟਰੋਲ ਕਰਨ ਲਈ ਸਪੈਸ਼ਲ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਅਤੇ ਆਸ਼ਾ ਵਰਕਰਾਂ ਰਾਹੀਂ ਹਰੇਕ ਘਰ ਵਿਚ 2-2 ਪੈਕੇਟ ਓ.ਆਰ.ਐਸ ਦੇ ਮੁਹੱਈਆ ਕਰਵਾਏ ਜਾ ਰਹੇ ਹਨ। ਡਾ. ਘਈ ਨੇ ਦੱਸਿਆ ਕਿ ਜਣੇਪੇ ਦੌਰਾਨ ਹੋ ਰਹੀਆਂ ਮੌਤਾਂ ਵਿਚ ਕਾਫ਼ੀ ਹੱਦ ਤੱਕ ਘਟਾਇਆ ਗਿਆ ਹੈ ਅਤੇ ਘਰਾਂ ਵਿੱਚ ਹੋਮ ਡਲੀਵਰੀਆਂ ਵੀ ਬਹੁਤ ਘੱਟ ਹੋ ਰਹੀਆਂ ਹਨ। ਸਿਵਲ ਸਰਜਨ ਨੇ ਦੱਸਿਆ ਕਿ ਜੂਨ ਮਹੀਨੇ ਦੌਰਾਨ ਡੇਂਗੂ ਦੇ 32 ਕੇਸ ਸ਼ੱਕੀ ਪਾਏ ਗਏ ਸਨ, ਪ੍ਰੰਤੂ ਇਨ੍ਹਾਂ ਵਿਚੋਂ ਕਿਸੇ ਵੀ ਕੇਸ ਦੀ ਡੇਂਗੂ ਹੋਣ ਬਾਰੇ ਪੁਸ਼ਟੀ ਨਹੀਂ ਹੋਈ।
ਇਸ ਮੀਟਿੰਗ ਵਿੱਚ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਡਾ. ਕਿਰਨਦੀਪ ਕੌਰ ਸਹਾਇਕ ਸਿਵਲ ਸਰਜਨ, ਡਾ. ਸੁਖਪਾਲ ਸਿੰਘ ਜਿਲ੍ਹਾ ਪਰਿਵਾਰ ਅਫ਼ਸਰ, ਡਾ. ਮਹੇਸ਼ਪਾਲ ਸਿੰਘ ਜਿਲ੍ਹਾ ਟੀਕਾਕਰਨ ਅਫ਼ਸਰ ਅਤੇ ਡਾ. ਰਜਿੰਦਰ ਅਰੋੜਾ ਡਿਪਟੀ ਮੈਡੀਕਲ ਕਮਿਸ਼ਨਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੈਡੀਕਲ ਅਫ਼ਸਰ ਹਾਜ਼ਰ ਸਨ।
Punjab Post Daily Online Newspaper & Print Media