ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਮੁੱਖ ਮੰਤਰੀ ਦੁਆਰਾ ਅਧਿਆਪਕਾਂ ਦੇ ਮੰਗਾਂ ਮਸਲੇ ਹੱਲ ਕਰਨ ਦਾ ਵਾਅਦਾ ਕਰਕੇ ਮੀਟਿੰਗ ਕਰਨ ਤੋਂ
ਮੁਕਰਨ ਅਤੇ ਸਿੱਖਿਆ ਮੰਤਰੀ ਦੁਆਰਾ ਧਰਨੇ ਮੁਜਾਹਰੇ ਕਰਨ ਵਾਲੇ ਅਧਿਆਪਕਾਂ ਖਿਲਾਫ ਕਾਰਵਾਈ ਕਰਨ ਦਾ ਬਿਆਨ ਦੇਣ ਤੋਂ ਗੁੱਸੇ ਵਿੱਚ ਆਏ ਅਧਿਆਪਕਾਂ ਨੇ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿੱਚ ਅੱਜ ਇਥੇ ਕਚਿਹਰੀ ਰੋਡ `ਤੇ ਕੈਪਟਨ ਸਰਕਾਰ ਦੀ ਅਰਥੀ ਫੂਕੀ।
ਸੂਬਾ ਪੱਧਰੀ ਸੱਦੇ ਤਹਿਤ ਅੱਜ ਸਥਾਨਕ ਬਾਲ ਭਵਨ ਵਿਖੇ ਇਕੱਠੇ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਮੋਰਚੇ ਦੇ ਆਗੂਆਂ ਸਿਕੰਦਰ ਸਿੰਘ ਧਾਲੀਵਾਲ, ਅਮੋਲਕ ਡੇਲੂਆਣਾ, ਨਰਿੰਦਰ ਮਾਖਾ, ਸਤੀਸ਼ ਕੁਮਾਰ, ਗੁਰਪ੍ਰੀਤ ਸਿੰਘ, ਗੁਰਪਿਆਰ ਕੋਟਲੀ, ਗੁਚਰਨ ਰੱਲੀ, ਮੋਹਨਜੀਤ ਸਿੰਘ, ਦਰਸ਼ਨ ਅਲੀਸ਼ੇਰ, ਬਲਜੀਤ ਸਿੰਘ, ਪ੍ਰੀਤਸੁਰਿੰਦਰ ਸੋਹੀ, ਅੰਮ੍ਰਿਤਪਾਲ ਗਰਗ, ਜਸਵਿੰਦਰ ਸਿੰਘ, ਮੁਕੇਸ਼ ਕੁਮਾਰ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੀ ਤਰ੍ਹਾਂ ਹੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਇੱਕ ਪਾਸੇ ਖਜਾਨਾ ਖਾਲੀ ਹੋਣ ਦਾ ਢੰਡੋਰਾ ਪਿੱਟ ਰਹੀ ਹੈ ਦੂਜੇ ਪਾਸੇ ਆਪਣੇ ਵਿਧਾਇਕਾਂ ਨੂੰ ਨਵੀਆਂ ਗੱਡੀਆਂ ਲੈ ਕੇ ਦੇਣ ਦੀਆਂ ਤਜਵੀਜਾਂ ਲਿਆ ਰਹੀ ਹੈ। ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਵੀ ਕਾਰਪੋਰੇਟ ਘਰਾਂਣਿਆਂ ਨੂੰ ਖੁਸ਼ ਕਰਨ ਦੀ ਨੀਤੀ ਤੇ ਚਲਦਿਆਂ ਸਾਰੀਆਂ ਯੋਗਤਾਵਾਂ ਪੂਰੀਆਂ ਕਰਨ ਵਾਲੇ ਲਗਭਗ 10-10 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਵੱਖ ਵੱਖ ਕੈਟਾਗਿਰੀਆ ਦੇ ਅਧਿਆਪਕਾਂ ਨੂੰ ਪੱਕਾ ਕਰਨ ਤੋਂ ਪਾਸਾ ਵੱਟ ਰਹੀ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਸਿਖਿਆ ਮੰਤਰੀ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਬਿਨਾ ਅਰਜੀਆਂ ਮੰਗੇ ਹੀ ਆਪਣੇ ਚਹੇਤਿਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।ਜਦੋਂ ਕਿ ਲੋੜਵੰਦ ਅਧਿਆਪਕਾਂ ਕਈ ਕਈ ਸਾਲਾਂ ਤੋਂ ਆਪਣੇ ਘਰਾਂ ਤੋਂ ਦੂਰ ਬੈਠੇ ਹਨ।ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਵਲੋਂ 5178 ਅਧਿਆਪਕਾਂ ਦਾ ਸਿਰਫ 6000 ਰੁਪਏ ਪ੍ਰਤੀ ਮਹੀਨਾ ਨਿਗੁਣੀ ਤਨਖਾਹ ਤੇ ਤਿੰਨ ਸਾਲ ਲਗਾਤਾਰ ਸੋਸ਼ਣ ਕਰਨ ਤੋਂ ਬਾਅਦ ਉਹਨਾਂ ਨੂੰ ਪੱਕਾ ਕਰਨ ਦੀ ਬਜਾਏ ਤਨਖਾਹ ਬੰਦ ਕਰਨ ਦੇ ਹੁਕਮ ਜਾਰੀ ਕਰਨ ਸਰਕਾਰ ਦੇ ਦੋਗਲੇ ਅਤੇ ਲੋਕ ਪ੍ਰਤੀ ਚਿਹਰੇ ਨੂੰ ਨੰਗਾ ਕਰਦਾ ਹੈ।
ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਡੀ.ਏ ਦੀਆਂ ਕਿਸ਼ਤਾਂ ਬਕਾਇਆ ਹਨ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਵੀ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ।ਜਦੋਂ ਤੱਕ ਸਰਕਾਰ ਵੱਲੋਂ ਅਧਿਆਪਕਾਂ ਦੀਆ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।5 ਅਗਸਤ ਨੂੰ ਪਟਿਆਲਾ ਵਿਖੇ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਮਾਨਸਾ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਲ ਹੋਣਗੇ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media