ਕੈਂਪ ਦੋਰਾਨ 243 ਖੂਨਦਾਨੀਆਂ ਨੇ ਕੀਤਾ ਖੂਨਦਾਨ
ਪਠਾਨਕੋਟ, 30 ਜੁਲਾਈ (ਪੰਜਾਬ ਪੋਸਟ ਬਿਊਰੋ) – “ਮਿਸ਼ਨ ਤੰਦਰੁਸਤ ਪੰਜਾਬ” ਨੂੰ ਸਮਰਪਿਤ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਪਠਾਨਕੋਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਵੈ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਜੱਥੇਦਾਰ ਕੇਸਰ ਸਿੰਘ ਮਾਰਗ ਪਠਾਨਕੋਟ ’ਤੇ ਸਥਿਤ ਗੁਰਕਰਤਾਰ ਫਾਰਮ ਵਿਖੇ ਪੰਜਵਾਂ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਕਰੀਬ 243 ਖੂਨਦਾਨੀਆਂ ਨੇ ਖੂਨਦਾਨ ਕੀਤਾ।ਸਮਾਰੋਹ ਵਿੱਚ ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐਸ ਮੁੱਖ ਮਹਿਮਾਨ ਵਜੋਂ ਸਾਮਲ ਹੋਏ ਅਤੇ ਖੂਨਦਾਨ ਕਰਨ ਵਾਲੇ ਨੋਜਵਾਨਾਂ ਦਾ ਹੌਸਲਾ ਵਧਾਇਆ।ਇਸ ਸਮੇਂ ਅਸ਼ੋਕ ਕੁਮਾਰ ਸਹਾਇਕ ਜਰਨਲ ਕਮਿਸ਼ਨਰ, ਅਰਸ਼ਦੀਪ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ, ਡਾ. ਭੁਪਿੰਦਰ ਸਿੰਘ ਐਸ.ਐਮ.ਓ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਪਰਸ਼ੋਤਮ ਲਾਲ ਸੈਕਟਰੀ ਜਿਲ੍ਹਾ ਰੈਡ ਕਰਾਸ ਸੋਸਾਇਟੀ ਪਠਾਨਕੋਟ, ਵਿਜੈ ਪਾਸੀ, ਨਰਿੰਦਰ ਕਾਲਾ, ਐਲ.ਆਰ.ਸੋਢੀ, ਅਨੁਜ ਸ਼ਰਮਾ, ਪ੍ਰਿੰਸੀਪਲ ਓਮ ਪ੍ਰਕਾਸ, ਡਾ. ਓ.ਪੀ. ਵਿੱਗ, ਐਸ.ਐਸ. ਬਾਵਾ, ਸਵਤੰਤਰ ਕੁਮਾਰ, ਸਮੀਰ ਸਾਰਧਾ, ਅਜੈ ਕੁਮਾਰ, ਭਾਰਤ ਮਹਾਜਨ, ਚਾਚਾ ਵੇਦ ਪ੍ਰਕਾਸ, ਮਨਿੰਦਰ ਸਿੰਘ, ਬੀ.ਆਰ. ਗੁਪਤਾ, ਅਜੈ ਕੁਮਾਰ, ਅਤੇ ਹੋਰ ਵੱਖ ਵੱਖ ਸੰਸਥਾਵਾਂ ਦੇ ਆਹੁਦੇਦਾਰ ਹਾਜ਼ਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਡੀ.ਸੀ ਰਾਮਵੀਰ ਨੇ ਕਿਹਾ ਕਿ ਖੂਨਦਾਨ ਕੈਂਪ ਵਿੱਚ ਸਾਂਈ ਕਾਲਜ, ਸੁਖਜਿੰਦਰਾ ਕਾਲਜ, ਅਨੰਤ ਗੁਰੂਕੁਲ ਕਾਲਜ ਜੁਗਿਆਲ, ਆਈ.ਟੀ.ਆਈ ਲੜਕੇ ਪਠਾਨਕੋਟ ਦੇ ਬੱਚਿਆਂ ਵੱਲੋਂ ਖੂਨਦਾਨ ਕੀਤਾ ਗਿਆ ਹੈ।ਇਸ ਤੋਂ ਇਲਾਵਾ ਸਹਿਰ ਦੀਆਂ ਐਨ.ਜੀ.ਓ ਮੈਂਬਰਾਂ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀਆਂ ਨੇ ਵੀ ਖੂਨਦਾਨ ਕਰ ਕੇ ਇਸ ਕੈਂਪ ਵਿੱਚ ਹਿੱਸਾ ਪਾਇਆ।ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਜਿਹੇ ਸਮਾਜਿਕ ਕਾਰਜਾਂ ਵਿੱਚ ਜਿਆਦਾ ਤੋਂ ਜਿਆਦਾ ਭਾਗ ਲਈਏ ।ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਗਸਤ ਮਹੀਨੇ ਦੋਰਾਨ ਇਕ ਹੋਰ ਕੈਂਪ ਆਯੋਜਿਤ ਕੀਤਾ ਜਾਣਾ ਹੈ।ਅਗਰ ਕੋਈ ਹੋਰ ਵੀ ਸ਼ਹਿਰ ਨਿਵਾਸੀ ਜਾਂ ਖੂਨਦਾਨੀ ਖੂਨਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਭਵਿੱਖ ਵਿੱਚ ਲੱਗਣ ਵਾਲੇ ਕੈਂਪਾਂ ਵਿੱਚ ਜਰੂਰ ਖੂਨਦਾਨ ਕਰੇ ਅਤੇ ਇਸ ਦੇ ਨਾਲ ਹੀ ਹੋਰਨਾਂ ਲੋਕਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕਰੇ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਸਮਾਜ ਸੇਵਾ ਦਾ ਸਭ ਤੋਂ ਉੱਤਮ ਕਾਰਜ ਹੈ ਅਤੇ ਇਸ ਕਾਰਜ ਲਈ ਹੋਰਨਾਂ ਨੂੰ ਵੀ ਅੱਗੇ ਆਉਂਣਾ ਚਾਹੀਦਾ ਹੈ।ਡਿਪਟੀ ਕਮਿਸ਼ਨਰ ਰਾਮਵੀਰ ਵੱਲੋਂ ਖੂਨਦਾਨ ਕਰਨ ਵਾਲੇ ਨੋਜਵਾਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ।
Punjab Post Daily Online Newspaper & Print Media