ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ -ਸੁਖਬੀਰ ਸਿੰਘ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਨੂੰ ਨਸ਼ਿਆਂ ਤੋਂ ਮੁੱਕਤ ਕਰਨ ਅਤੇ ਇਸ ਲਈ ਲੋਕਾਂ ਦਾ ਸਾਥ
ਲੈਣ ਦੇ ਇਰਾਦੇ ਨਾਲ ਬੀਤੀ ਦੇਰ ਰਾਤ ਤੱਕ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵਾ ਵੱਲੋਂ ਸਾਂਝੇ ਤੌਰ ’ਤੇ ਨਸ਼ਿਆਂ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ।ਕੋਟ ਖਾਲਸਾ, ਇੰਦਰਪੁਰੀ, ਵਡਾਲੀ ਅਤੇ ਛੇਹਰਟਾ ਇਲਾਕੇ ਦਾ ਦੌਰਾ ਕਰਕੇ ਦੋਵਾਂ ਅਧਿਕਾਰੀਆਂ ਨੇ ਲੋਕਾਂ ਦੀਆਂ ਨਸ਼ਿਆਂ ਦੇ ਮੁੱਦੇ ’ਤੇ ਸਮੱਸਿਆਵਾਂ ਅਤੇ ਲੋੜਾਂ ਸੁਣੀਆਂ ਤੇ ਉਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਇਸ ਮੁੱਦੇ ’ਤੇ ਸਰਕਾਰ ਦਾ ਸਾਥ ਦਿਉ ਤਾਂ ਅਸੀਂ ਤਹਾਡੇ ਇਲਾਕੇ ਨੂੰ ਨਸ਼ੇ ਤੋਂ ਮੁੱਕਤ ਕਰਕੇ ਨਸ਼ੇ ਦੇ ਮਰੀਜ਼ ਬਣੇ ਬੱਚਿਆਂ ਦਾ ਇਲਾਜ ਕਰਵਾਂਗੇ।
ਇਸ ਮੌਕੇ ਕਮਲਦੀਪ ਸਿੰਘ ਸੰਘਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਨਸ਼ੇ ਵੇਚਣ ਵਾਲੇ ਲੋਕਾਂ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰੋ, ਪੁਲਿਸ ਤੁਹਾਡਾ ਨਾਮ ਗੁਪਤ ਰੱਖ ਕੇ ਉਨਾਂ ਲੋਕਾਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਵੇਗੀ।ਉਨਾਂ ਕਿਹਾ ਕਿ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਖਸ਼ਿਆਂ ਨਹੀਂ ਜਾਵੇਗਾ ਅਤੇ ਨਾ ਹੀ ਇਸ ਕੇਸ ਵਿੱਚ ਕਿਸੇ ਦੀ ਸਿਫਾਰਸ਼ ਸੁਣੀ ਜਾਵੇਗੀ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਇਸ ਮੁੱਦੇ ’ਤੇ ਸਾਰੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹੋਏ ਹਨ ਅਤੇ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ।ਸੰਘਾ ਨੇ ਦੱਸਿਆ ਕਿ ਨਸ਼ੇ ਦਾ ਕੋਈ ਜਾਤਪਾਤ, ਪਾਰਟੀ ਜਾਂ ਧਰਮ ਨਹੀਂ ਹੁੰਦਾ, ਇਸ ਲਈ ਨਸ਼ੇ ਨੂੰ ਖਤਮ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਲੜਾਈ ਹੈ ਅਤੇ ਸਾਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ।ਸੰਘਾ ਨੇ ਦੱਸਿਆ ਕਿ ਸਰਕਾਰ ਵੱਲੋਂ ਨਸ਼ੇ ਦੇ ਪੀੜਤ ਯੁਵਕਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਜਿਲ੍ਹੇ ਵਿਚ 9 ਨਸ਼ਾ ਛੁਡਾਊ ਕੇਂਦਰ ਚੱਲ ਰਹੇ ਹਨ ਅਤੇ 20 ਦੇ ਕਰੀਬ ਨਵੇਂ ਖੋਲ੍ਹੇ ਜਾ ਰਹੇ ਹਨ।ਸੰਘਾ ਨੇ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ। ਉਨਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਲੋਕ ਖੁਦ ਨਸ਼ਾ ਛੱਡਣ ਲਈ ਅੱਗੇ ਆ ਰਹੇ ਹਨ।
ਰਾਜ ਪੈਲੇਸ ਛੇਹਰਟਾ ਵਿਖੇ ਦਵਾਈ ਵਿਕਰੇਤਾਵਾਂ, ਛੇਹਰਟਾ ਬਾਜ਼ਾਰ ਦੇ ਪ੍ਰਤੀਨਿਧੀਆਂ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਐਸ. ਸ੍ਰੀਵਾਸਤਵਾ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਨਸ਼ਿਆਂ ਨੂੰ ਤੁਹਾਡੇ ਸਹਿਯੋਗ ਨਾਲ ਹੀ ਠੱਲ ਪਾਈ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਦੌਰੇ ਦਾ ਮਕਸਦ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਪਾਸੋਂ ਫੀਡ ਬੈਕ ਪ੍ਰਾਪਤ ਕਰਨਾ ਹੈ, ਤਾਂ ਜੋ ਨਸ਼ੇ ਦੇ ਖਾਤਮੇ ਲਈ ਸਹੀ ਰਣਨੀਤੀ ਉਲੀਕੀ ਜਾ ਸਕੇ।ਪੁਲਿਸ ਕਮਿਸ਼ਨਰ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਲਦੀ ਹੀ ਵਡਾਲੀ ਪਿੰਡ ਵਿੱਚ ਇਕ ਪੁਲਿਸ ਚੌਂਕੀ ਸਥਾਪਤ ਕੀਤੀ ਜਾਵੇਗੀ।
ਸ੍ਰੀ ਵਾਸਤਵਾ ਨੇ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕਰਦੇ ਕਿਹਾ ਕਿ ਤੁਸੀ ਨਸ਼ਾ ਵੇਚਣ ਵਾਲਿਆਂ ਦੇ ਪਿਛੇ ਨਾ ਆਓ, ਸਗੋਂ ਪੁਲਿਸ ਨੂੰ ਨਿਰਪੱਖ ਸੂਚਨਾ ਦੇ ਕੇ ਨਸ਼ਾ ਤਸਕਰਾਂ ਉਤੇ ਨਕੇਲ ਪਾਉਣ ਵਿੱਚ ਯੋਗਦਾਨ ਦਿਓ।ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਦੇ ਇਸ ਸਮਗਾਮ ਵਿੱਚ ਸਾਰੇ ਰਾਜਨੀਤਕ ਪਾਰਟੀਆਂ ਦੇ ਆਗੂ ਮਤਭੇਦ ਭੁਲਾ ਕੇ ਇਕੱਠੇ ਹੋਏ ਹਨ ਅਤੇ ਸਾਰੇ ਹੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਨ।ਇਸ ਮੌਕੇ ਦੋਵਾਂ ਅਧਿਕਾਰੀਆਂ ਨੇ ਲੋਕਾਂ ਨੂੰ ਨਸ਼ਾ ਮੁੱਕਤ ਪੰਜਾਬ ਸਿਰਜਣ ਵਿਚ ਯੋਗਦਾਨ ਪਾਉਣ ਲਈ ਸਹੁੰ ਵੀ ਚੁਕਾਈ।
ਇਸ ਮੌਕੇ ਲਖਬੀਰ ਸਿੰਘ ਏ.ਡੀ.ਸੀ.ਪੀ, ਵਿਸ਼ਾਲਜੀਤ ਸਿੰਘ ਏ.ਸੀ.ਪੀ, ਸੁਖਦੇਵ ਸਿੰਘ ਚਾਹਲ ਕੌਂਸਲਰ, ਅਰਵਿੰਦਰ ਕੁਮਾਰ ਕੌਂਸਲਰ, ਸਤਨਾਮ ਸਿੰਘ ਸੱਤਾ ਸਾਬਕਾ ਕੌਂਸਲਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਤੇ ਸਬੰਧਤ ਥਾਣਿਆਂ ਦੇ ਪੁਲਿਸ ਮੁਖੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media