Saturday, April 18, 2026

ਜਕਾਰਤਾ `ਚ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ ਲਈ ਗਏ ਜ਼ਿਲ੍ਹਾ ਮਾਨਸਾ ਤੋਂ ਚੁਣੇ ਚਾਰ ਖਿਡਾਰੀ

ਭੀਖੀ, 2 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਜ਼ਿਲ੍ਹਾ ਮਾਨਸਾ ਦੇ ਖਿਡਾਰੀ ਘਰੇਲੂ ਖੇਡ ਪਿੜ ਵਿੱਚ ਮੱਲਾਂ ਮਾਰਨ ਉਪਰੰਤ ਹੁਣ ਅੰਤਰਰਾਸ਼ਟਰੀ ਖੇਡ ਅਖਾੜੇ PPN0208201827ਵਿੱਚ ਆਪਣੇ ਜੌਹਰ ਵਿਖਾਉਣਗੇ।ਇਸੇ ਵਰ੍ਹੇ 2018 ਵਿੱਚ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ ਲਈ ਜ਼ਿਲ੍ਹੇ ਦੇ ਚਾਰ ਖਿਡਾਰੀਆਂ ਦਾ ਚੁਣਿਆ ਜਾਣਾ ਜ਼ਿਲ੍ਹਾ ਮਾਨਸਾ ਦੇ ਨਾਲ-ਨਾਲ ਪੰਜਾਬ ਅਤੇ ਦੇਸ਼ ਵਾਸੀਆਂ ਲਈ ਫ਼ਖ਼ਰ ਦੀ ਗੱਲ ਹੈ।
    ਕੌਮਾਂਤਰੀ ਤੇ ਕੌਮੀ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦੇ 7 ਤਮਗ਼ੇ ਆਪਣੇ ਨਾਂ ਕਰਨ ਵਾਲੇ ਉਲੰਪੀਅਨ ਖਿਡਾਰੀ ਸਵਰਨ ਸਿੰਘ ਵਿਰਕ ਤੇ ਕੌਮੀ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜੇਤੂ ਸੁਖਮੀਤ ਸਿੰਘ ਰੋਇੰਗ ਖੇਡ ਵਿੱਚ, 2 ਸੋਨ ਤਮਗ਼ੇ ਜਿੱਤਣ ਵਾਲਾ ਹਰਦੀਪ ਸਿੰਘ ਵਾਲੀਬਾਲ ਖੇਡ ਵਿੱਚ ਅਤੇ ਸੋਨੇ, ਚਾਂਦੀ ਤੇ ਕਾਂਸੀ ਦੇ 8 ਤਮਗ਼ੇ ਜੇਤੂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਕੌਰ ਨੈਸ਼ਨਲ ਸਟਾਈਲ ਕਬੱਡੀ ਖੇਡ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ ਅਤੇ ਜਕਾਰਤਾ ਵਿੱਚ ਆਪਣੀ ਜਵਾਨੀ ਦਾ ਲੋਹਾ ਮੰਨਵਾ ਕੇ ਪੰਜਾਬ ਵਾਸੀਆਂ ਖ਼ਾਸਕਰ ਨੌਜਵਾਨ ਨੂੰ `ਤੰਦਰੁਸਤ ਜ਼ਿੰਦਗੀ ਦੇ ਨਸ਼ੇ` ਦਾ ਪੈਗ਼ਾਮ ਦੇਣਗੇ।
    ਮਾਨਸਾ ਦੇ ਪਿੰਡ ਦਲੇਲ ਵਾਲਾ ਵਾਸੀ ਗੁਰਮੁਖ ਸਿੰਘ ਦੇ ਹੋਣਹਾਰ ਪੁੱਤਰ ਅਰਜੁਨਾ ਐਵਾਰਡੀ ਸਵਰਨ ਸਿੰਘ ਵਿਰਕ ਨੇ ਰੋਇੰਗ ਖੇਡ ਵਿੱਚ 2011 ਵਿੱਚ ਝਾਰਖੰਡ ਵਿਖੇ ਹੋਈਆਂ 34ਵੀਆਂ ਨੈਸ਼ਨਲ ਖੇਡਾਂ ਦੌਰਾਨ ਸੋਨ ਤਮਗ਼ਾ, 2012 `ਚ ਦੱਖਣੀ ਕੋਰੀਆ ਵਿਖੇ ਹੋਈ ਏਸ਼ੀਅਨ ਉਲੰਪਿਕ ਕੁਆਲੀਫ਼ਿਕੇਸ਼ਨ ਰੈਗਾਟਾਂ ਚੈਂਪੀਅਨਸ਼ਿਪ ਦੌਰਾਨ 1 ਸੋਨ ਤਮਗ਼ਾ, 2013 ਵਿੱਚ ਚੀਨ `ਚ ਹੋਈ 15ਵੀਂ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਦੌਰਾਨ 1 ਸੋਨ ਤਮਗ਼ਾ, 2017 `ਚ ਪੂਣੇ ਵਿਖੇ ਹੋਈ 36ਵੀਂ ਓਪਨ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਦੌਰਾਨ 2 ਚਾਂਦੀ ਦੇ ਤਮਗ਼ੇ, 2011 ਦੌਰਾਨ ਦੱਖਣੀ ਕੋਰੀਆ 14ਵੀਂ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਵਿੱਚ 1 ਕਾਂਸੀ ਦਾ ਤਮਗ਼ਾ ਅਤੇ ਦੱਖਣੀ ਕੋਰੀਆ ਦੇ ਇਨਚਾਉਨ ਵਿਖੇ 2014 ਦੌਰਾਨ ਹੋਈਆਂ 17ਵੀਆਂ ਏਸ਼ੀਅਨ ਖੇਡਾਂ ਵਿੱਚ 1 ਕਾਂਸੀ ਦਾ ਤਮਗ਼ਾ ਆਪਣੇ ਨਾਂ ਕੀਤਾ ਹੈ। ਇਸ ਤੋਂ ਇਲਾਵਾ ਉਹ ਸਲੋਵੀਨੀਆ ਵਿਖੇ ਹੋਈ ਵਿਸ਼ਵ ਰੋਇੰਗ ਚੈਂਪੀਅਨਸ਼ਿਪ-2011 ਵਿੱਚ 17ਵੇਂ ਸਥਾਨ `ਤੇ ਰਿਹਾ ਜਦ ਕਿ ਲੰਡਨ ਵਿੱਚ ਹੋਈਆਂ 30ਵੀਆਂ ਉਲੰਪਿਕ ਖੇਡਾਂ-2012 ਵਿੱਚ ਉਸ ਨੇ 16ਵਾਂ ਸਥਾਨ, ਦੱਖਣੀ ਕੋਰੀਆ ਵਿੱਚ ਹੋਈ ਵਿਸ਼ਵ ਰੋਇੰਗ ਚੈਂਪੀਅਨਸ਼ਿਪ-2013 ਦੌਰਾਨ 12ਵਾਂ ਸਥਾਨ ਅਤੇ ਇਟਲੀ ਵਿਖੇ ਹੋਈ ਪੋਲੋਡਾਲੋਜਾ ਵਿਸ਼ਵ ਰੋਇੰਗ ਰੈਗਾਟਾਂ-2014 ਵਿੱਚ 5ਵਾਂ ਸਥਾਨ ਹਾਸਲ ਕੀਤਾ।
    ਰੋਇੰਗ ਖੇਡ ਵਿੱਚ ਹੀ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਵਾਸੀ ਅਮਰੀਕ ਸਿੰਘ ਦੇ ਦੁੱਧ-ਮੱਖਣਾਂ ਨਾਲ ਪਾਲੇ ਪੁੱਤਰ ਸੁਖਮੀਤ ਸਿੰਘ ਨੇ 2017 ਵਿੱਚ ਹੋਈ 36ਵੀਂ ਓਪਨ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਦੌਰਾਨ ਚਾਂਦੀ ਦਾ ਤਮਗ਼ਾ ਹਾਸਲ ਕਰਕੇ ਜਕਾਰਤਾ ਏਸ਼ੀਅਨ ਖੇਡਾਂ ਲਈ ਆਪਣੀ ਟਿਕਟ ਪੱਕੀ ਕੀਤੀ ਹੈ।
    ਜ਼ਿਲ੍ਹੇ ਦੀ ਸਰਦੂਲਗੜ੍ਹ ਤਹਿਸੀਲ ਦੇ ਪਿੰਡ ਝੰਡੂਕੇ ਦੇ ਵਾਸੀ ਬੋਘਾ ਸਿੰਘ ਦੇ ਘਰ ਜਨਮਿਆ ਪੁੱਤਰ ਹਰਦੀਪ ਸਿੰਘ ਵਾਲੀਬਾਲ ਵਿੱਚ ਬਾਘੀਆਂ ਪਾ ਰਿਹਾ ਹੈ। ਉਸ ਨੇ 2015 ਵਿੱਚ ਸਾਊਥ ਅਫ਼ਰੀਕਾ ਵਿਖੇ ਹੋਏ ਅੰਤਰਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਅਤੇ 2016 ਦੌਰਾਨ ਗੁਹਾਟੀ ਵਿਖੇ ਹੋਈ 18ਵੀਂ ਸਾਊਥ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ ਸੋਨ ਤਮਗ਼ੇ ਜਿੱਤੇ ਜਦ ਕਿ ਦੋਹਾ ਕਤਰ ਵਿਖੇ ਹੋਏ ਅੰਤਰਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਅਤੇ 2015 ਦੌਰਾਨ ਤਹਿਰਾਨ (ਈਰਾਨ) ਵਿੱਚ ਹੋਈ 18ਵੀਂ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ ਉਸ ਦੀ ਟੀਮ ਚੰਗੀ ਖੇਡ ਦਾ ਪ੍ਰਦਰਸ਼ਨ ਕਰ ਚੁੱਕੀ ਹੈ।
    ਇਸੇ ਤਰ੍ਹਾਂ ਜ਼ਿਲ੍ਹੇ ਦੀ ਬੁਢਲਾਡਾ ਤਹਿਸੀਲ ਦੇ ਪਿੰਡ ਕਾਸਿਮਪੁਰ ਛੀਨਾ ਦੇ ਵਸਨੀਕ ਅਤੇ ਕਬੱਡੀ ਦੇ ਪ੍ਰਸਿੱਧ ਖਿਡਾਰੀ ਹਰਦੀਪ ਸਿੰਘ ਦੀ ਧੀ ਮਨਪ੍ਰੀਤ ਕੌਰ ਬਚਪਨ ਤੋਂ ਸ਼ੌਕ-ਸ਼ੌਕ ਵਿੱਚ ਕਬੱਡੀ ਖੇਡਦੀ, ਇਸੇ ਖੇਡ ਨੂੰ ਪ੍ਰਣਾਈ ਗਈ ਹੈ।ਪੰਜਾਬ ਸਕੂਲ ਖੇਡਾਂ `ਚੋਂ ਸੋਨ ਤਮਗ਼ਾ ਜਿੱਤਣ ਵਾਲੀ ਮਨਪ੍ਰੀਤ ਕੌਰ ਨੇ 2011-12 ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ `ਚ ਖੇਡਣਾ ਸ਼ੁਰੂ ਕੀਤਾ। ਅਗਲੇ ਵਰ੍ਹੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਵਲੋਂ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ `ਚ ਚਾਂਦੀ ਦਾ ਤਮਗ਼ਾ ਜਿੱਤਿਆ। ਪੰਜਾਬੀ ਯੂਨੀਵਰਸਿਟੀ ਵੱਲੋਂ ਲਗਾਤਾਰ 3 ਸਾਲ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ `ਚ ਕਾਂਸੀ ਦੇ ਤਮਗ਼ੇ ਜਿੱਤੇ। 2016 `ਚ ਪਟਿਆਲਾ ਵਿਖੇ ਹੋਈਆਂ ਕੌਮੀ ਮਹਿਲਾ ਖੇਡਾਂ `ਚ ਮਨਪ੍ਰੀਤ ਕੌਰ ਦੀ ਕਪਤਾਨੀ `ਚ ਪੰਜਾਬ ਦੀ ਟੀਮ ਨੇ ਨੈਸ਼ਨਲ ਸਟਾਈਲ ਕਬੱਡੀ ਵਿੱਚ ਸੋਨ ਤਮਗ਼ਾ ਜਿੱਤਿਆ। ਸਰਕਲ ਸਟਾਈਲ ਕਬੱਡੀ ਦੇ ਤੀਸਰੇ ਆਲਮੀ ਕੱਪ (2013) ਦੀ ਚੈਂਪੀਅਨ ਭਾਰਤੀ ਟੀਮ ਦੀ ਸਟਾਪਰ ਵਜੋਂ ਮਨਪ੍ਰੀਤ ਹਿੱਸਾ ਬਣੀ। ਕੁੱਲ ਹਿੰਦ ਅੰਤਰਵਰਸਿਟੀ ਸਰਕਲ ਸਟਾਈਲ ਚੈਂਪੀਅਨਸ਼ਿਪਾਂ `ਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਦਿਆਂ ਮਨਪ੍ਰੀਤ ਕੌਰ ਨੇ 2015 ਤੇ 16 ਵਿੱਚ ਕ੍ਰਮਵਾਰ ਕਾਂਸੀ ਅਤੇ ਚਾਂਦੀ ਦੇ ਤਮਗ਼ੇ ਜਿੱਤੇ। ਜ਼ਿਲ੍ਹਾ ਮਾਨਸਾ ਦੀ ਇਹ ਵਸਨੀਕ ਜਕਾਰਤਾ ਵਿਖੇ ਹੋ ਰਹੀਆਂ ਏਸ਼ੀਅਨ ਖੇਡਾਂ ਵਿੱਚ ਰਾਜਸਥਾਨ ਦੀ ਪ੍ਰਤੀਨਿਧਤਾ ਕਰੇਗੀ।
    ਇਨ੍ਹਾਂ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਾਪਤੀਆਂ ਲਈ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸ਼ੁਭਕਾਮਨਾਵਾਂ ਦਿੰਦਿਆਂ ਉਮੀਦ ਜਤਾਈ ਕਿ ਇਹ ਖਿਡਾਰੀ ਏਸ਼ੀਅਨ ਖੇਡਾਂ ਵਿੱਚ ਤਮਗ਼ੇ ਫੁੰਡ ਕੇ ਪੰਜਾਬ ਅਤੇ ਜ਼ਿਲ੍ਹਾ ਮਾਨਸਾ ਦਾ ਨਾਂ ਕੌਮਾਂਤਰੀ ਪੱਧਰ `ਤੇ ਰੌਸ਼ਨ ਕਰਨਗੇ।ਉਨ੍ਹਾਂ ਆਖਿਆ ਕਿ ਇਨ੍ਹਾਂ ਖਿਡਾਰੀਆਂ ਤੋਂ ਨੌਜਵਾਨ ਪ੍ਰੇਰਣਾ ਲੈਣ ਅਤੇ ਖੇਡਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਨਰੋਈ ਸੇਧ ਦੇਣ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply