Wednesday, July 29, 2026

ਅਕਾਲੀ ਦਲ ਵੱਲੋਂ ਦਿੱਲੀ ’ਚ ਭਰਤੀ ਮੁਹਿੰਮ ਦਾ ਅਗਾਜ਼

ਵਾਧੂ 450 ਮੁਲਾਜਮਾ ਨੂੰ ਨੌਕਰੀ ਤੋਂ ਕੱਢਣ ਦਾ ਕੀਤਾ ਇਸ਼ਾਰਾ

PPN0408201807ਨਵੀਂ ਦਿੱਲੀ, 4 ਅਗਸਤ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ’ਚ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜਬੂਤ ਕਰਨ ਲਈ ਭਰਤੀ ਮੁਹਿੰਮ ਦਾ ਅਗਾਜ਼ ਕੀਤਾ ਗਿਆ ਹੈ।ਇਸ ਮੁਹਿੰਮ ਤਹਿਤ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਕਾਰਗੁਜਾਰੀਆਂ ਤੋਂ ਜਾਣੂ ਕਰਵਾ ਕੇ ਪਾਰਟੀ ਦਾ ਸਰਗਰਮ ਮੈਂਬਰ ਬਣਾਇਆ ਜਾਵੇਗਾ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਅਨੁਸਾਰ ਬਣੇ ਸਮੂਹ 46 ਹਲਕਿਆਂ ’ਚ ਇਸ ਮੁਹਿੰਮ ਤਹਿਤ ਮੀਟਿੰਗਾਂ ਆਯੋਜਿਤ ਕੀਤੀ ਜਾਣਗੀਆਂ। ਇਸ ਕੜੀ ਤਹਿਤ ਪਹਿਲੀ ਮੀਟਿੰਗ ਸ਼ਾਹਪੁਰਾ ਵਿਖੇ ਸਥਾਨਕ ਕਮੇਟੀ ਮੈਂਬਰ ਚਮਨ ਸਿੰਘ ਵੱਲੋਂ ਆਯੋਜਿਤ ਕੀਤੀ ਗਈ। ਜਿਥੇ ਪਾਰਟੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਇੰਚਾਰਜ ਬਲਵਿੰਦਰ ਸਿੰਘ ਭੁੰਦੜ, ਸੂਬਾ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਅਤੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਨੇ ਆਪਣੇ ਵਿਚਾਰ ਰੱਖੇ।
     ਜੀ.ਕੇ ਨੇ ਦਿੱਲੀ ਕਮੇਟੀ ਵੱਲੋਂ ਧਰਮ ਪ੍ਰਚਾਰ, ਸਿੱਖਿਆ, ਰੁਜ਼ਗਾਰ, ਇਤਿਹਾਸ ਦੀ ਸੰਭਾਲ, ਸਟਾਫ਼ ਭਲਾਈ,1984 ਸਿੱਖ ਕਤਲੇਆਮ ਦੀ ਲੜਾਈ ਲੜਨ ਦੇ ਨਾਲ ਹੀ ਦੇਸ਼-ਵਿਦੇਸ਼ ’ਚ ਬੈਠੇ ਸਿੱਖਾਂ ਦੀਆਂ ਮੁਸ਼ਕਿਲਾਂ ਨੂੰ ਹਲ ਕਰਨ ਵਾਸਤੇ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿੱਤਾ।ਉਨਾਂ ਕਿਹਾ ਕਿ ਸਿਆਸ਼ੀ ਦੂਸ਼ਣਬਾਜ਼ੀ ਅਤੇ ਧਾਰਮਿਕ ਸਟੇਜਾਂ ਦੀ ਦੁਰਵਰਤੋਂ ਨੂੰ ਛੱਡ ਕੇ ਅਸੀਂ ਹਰ ਖੇਤਰ ’ਚ ਬੇਮਿਸਾਲ ਕਾਰਜ ਕੀਤੇ ਸਨ। ਜਿਸਦੇ ਸਿੱਟੇ ਵੱਜੋਂ 2017 ਦੀਆਂ ਕਮੇਟੀ ਚੋਣਾਂ ਦੌਰਾਨ ਸੰਗਤ ਨੇ ਸਾਨੂੰ ਮੁੜ੍ਹ ਤੋਂ ਅਸ਼ੀਰਵਾਦ ਦਿੱਤਾ ਸੀ।
    ਕਮੇਟੀ ਸਕੂਲਾਂ ਦੀ ਮਾੜ੍ਹੀ ਮਾਲੀ ਹਾਲਤ ਬਾਰੇ ਆਪਣੀ ਚੁੱਪੀ ਤੋੜਦੇ ਹੋਏ ਜੀ.ਕੇ ਨੇ ਤੱਥਾਂ ਦੇ ਨਾਲ ਵਿਰੋਧੀਆਂ ਨੂੰ ਰਗੜੇ ਲਾਏ।ਜੀ.ਕੇ ਨੇ ਕਿਹਾ ਕਿ ਅੱਜ ਵੀ ਸਾਡੇ ਸਕੂਲਾਂ ’ਚ 450 ਮੁਲਾਜਮ ਵਾਧੂ ਹਨ।ਜਿਸ ਕਰਕੇ ਹਰ ਮਹੀਨੇ ਸਕੂਲਾਂ ’ਤੇ 1.5 ਤੋਂ 2 ਕਰੋੜ ਰੁਪਏ ਦਾ ਵਾਧੂ ਮਾਲੀ ਭਾਰ ਸਾਡੇ ’ਤੇ ਪੈ ਰਿਹਾ ਹੈ।ਜਿਸ ਕਰਕੇ ਉਕਤ ਮੁਲਾਜ਼ਮਾਂ ਨੂੰ ਕੱਢੇ ਬਿਨਾਂ ਸਕੂਲਾਂ ਦੇ ਅਰਥਚਾਰੇ ਨੂੰ ਸੰਭਾਲਣਾ ਔਖਾ ਹੈ। ਪੁਰਾਣੇ ਪ੍ਰਬੰਧਕਾਂ ਨੇ ਗੈਰਜਰੂਰੀ ਅਤੇ ਨਕਲੀ ਡਿਗਰੀ ਵਾਲੇ ਸਟਾਫ਼ ਦੀ ਭਰਤੀ ਕਰਕੇ ਸਕੂਲਾਂ ਦੇ ਵਿੱਦਿਅਕ ਮਿਆਰ ਅਤੇ ਮਾਲੀ ਅਰਥਚਾਰੇ ਨੂੰ ਇਨ੍ਹੀ ਵੱਡੀ ਸੱਟ ਮਾਰੀ ਸੀ ਕਿ ਸਾਨੂੰ ਸਕੂਲਾਂ ਨੂੰ ਮੁੜ੍ਹ ਤੋਂ ਪਟਰੀ ਤੇ ਲਿਆਉਣ ਵਾਸਤੇ ਹਾਲੇ ਵੀ 6 ਮਹੀਨੇ ਲੱਗਣਗੇ।
    ਜੀ.ਕੇ. ਨੇ ਦੱਸਿਆ ਕਿ ਪਿੱਛਲੀ ਕਮੇਟੀ ਸਕੂਲਾਂ ’ਚ 43 ਕਰੋੜ ਰੁਪਏ ਦੀ ਐਫ਼.ਡੀ.ਆਰ. ਅਤੇ 175 ਕਰੋੜ ਰੁਪਏ 6ਵੇਂ ਪੇਅ ਕਮਿਸ਼ਨ ਦਾ ਬਕਾਇਆ ਸਾਡੇ ਸਿਰ ਛੱਡ ਕੇ ਗਈ ਸੀ। ਜਿਸ ’ਚੋਂ 110 ਕਰੋੜ ਰੁਪਏ ਅਸੀਂ ਸਟਾਫ਼ ਨੂੰ ਅੱਜੇ ਤਕ ਭੁਗਤਾਨ ਕਰ ਚੁੱਕੇ ਹਾਂ ਅਤੇ 65 ਤੋਂ 70 ਕਰੋੜ ਰੁਪਏ ਬਕਾਇਆ ਦੇਣ ਲਈ ਸਾਡੀ ਜਦੋਂਜ਼ਹਿਦ ਜਾਰੀ ਹੈ। ਜਿਸ ਕਰਕੇ ਸਟਾਫ਼ ਨੂੰ 2 ਮਹੀਨੇ ਦੀ ਦੇਰੀ ਨਾਲ ਤਨਖਾਹ ਮਿਲ ਰਹੀ ਹੈ।
    ਜੀ.ਕੇ ਨੇ ਗ੍ਰੇਟਰ ਕੈਲਾਸ਼ ਸਿੰਘ ਸਭਾ ਦੇ ਮਾਤਾ ਗੁਜ਼ਰੀ ਪਬਲਿਕ ਸਕੂਲ ਦੇ ਹਵਾਲੇ ਜਰੀਏ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ’ਚ ਮੌਜੂਦ ਵਾਧੂ ਪ੍ਰਬੰਧਕੀ ਸਟਾਫ਼ ਦਾ ਵੇਰਵਾ ਦਿੱਤਾ।ਜੀ.ਕੇ. ਨੇ ਕਿਹਾ ਕਿ ਮਾਤਾ ਗੁਜ਼ਰੀ ਸਕੂਲ ’ਚ 2200 ਬੱਚਿਆਂ ਪਿੱਛੇ 4 ਪ੍ਰਬੰਧਕੀ ਸਟਾਫ਼ ਹੈ।ਜਦਕਿ ਸਾਡੇ ਹੇਮਕੁੰਟ ਬਰਾਂਚ ’ਚ 45 ਅਤੇ ਲੋਨੀ ਰੋਡ ’ਚ 74 ਮੁਲਾਜ਼ਮ ਪ੍ਰਬੰਧਕੀ ਸਟਾਫ਼ ਦੇ ਤੌਰ ’ਤੇ ਨਿਯੁਕਤ ਹਨ।ਹਾਲਾਂਕਿ ਆਪਣੇ 5 ਸਾਲ ਦੇ ਕਾਰਜਕਾਲ ਦੇ ਦੌਰਾਨ ਅਸੀਂ ਸਕੂਲਾਂ ’ਚ ਨਵਾਂ ਇੱਕ ਵੀ ਪ੍ਰਬੰਧਕੀ ਮੁਲਾਜ਼ਮ ਭਰਤੀ ਨਹੀਂ ਕੀਤਾ।ਜੀ.ਕੇ ਨੇ ਸਾਫ਼ ਕਿਹਾ ਕਿ ਪੁਰਾਣੇ ਪ੍ਰਬੰਧਕਾਂ ਨੇ ਵਾਧੂ ਭਰਤੀ ਰਾਹੀਂ ਕਮੇਟੀ ਚੋਣਾਂ ਜਿੱਤਣ ਦੀ ਰਾਹ ਚੁਣੀ ਸੀ ਪਰ ਸੰਗਤ ਕਮੇਟੀ ਦੇ ਕੰਮਾਂ ਨੂੰ ਵੇਖ ਕੇ ਵੋਟਾਂ ਪਾਉਂਦੀ ਹੈ।
     ਜੀ.ਕੇ. ਨੇ ਕਮੇਟੀ ਦੇ 2 ਤਕਨੀਕੀ ਅਦਾਰਿਆਂ ’ਚ ਮੌਜੂਦ ਖਾਮਿਆਂ ਨੂੰ ਮੌਜੂਦਾ ਕਮੇਟੀ ਵੱਲੋਂ ਹੱਲ ਕਰਨ ਨੂੰ 15 ਸਾਲਾਂ ਦੌਰਾਨ ਬੀਜੇ ਗਏ ਕੰਡਿਆਂ ਨੂੰ 6 ਮਹੀਨੀਆਂ ’ਚ ਕੱਢਣ ਵਜੋਂ ਪਰਿਭਾਸ਼ਿਤ ਕੀਤਾ।ਜੀ.ਕੇ ਨੇ ਕਿਹਾ ਕਿ ਅਸੀਂ ਨਗਰ ਕੀਰਤਨ ਅਤੇ ਕੀਰਤਨ ਦਰਬਾਰਾਂ ਤੋਂ ਅੱਗੇ ਵੱਧ ਕੇ ਕੌਮ ਦੇ ਭਵਿੱਖ ਨੂੰ ਸੁਆਰਨ ਵਾਸਤੇ ਕਾਰਜ ਕਰਨ ਦੌਰਾਨ ਆਪਣੀ ਸਿਆਸੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ ਮੁੱਦਿਆਂ ਦੇ ਆਧਾਰ ’ਤੇ ਠੋਕਣ ਤੋਂ ਕਦੇ ਗੁਰੇਜ਼ ਨਹੀਂ ਕੀਤਾ। ਅਕਾਲੀ ਦਲ 98 ਸਾਲ ਪੁਰਾਣੀ ਪਾਰਟੀ ਹੈ, ਜਿਸਦਾ ਆਪਣਾ ਮਾਣਮੱਤਾ ਇਤਿਹਾਸ ਹੈ।ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ’ਤੇ ਆਯੋਜਿਤ ਕੀਤੇ ਜਾ ਰਹੇ ਸਮਾਗਮਾਂ ਦੀ ਰੂਪ-ਰੇਖਾ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਕਮੇਟੀ ਵੱਲੋਂ ਗੁਰਮਤਿ ਪ੍ਰਚਾਰ ਦੇ ਨਿਵੇਕਲੇ ਪ੍ਰੋਗਰਾਮ ਲਿਆਉਣ ਦਾ ਦਾਅਵਾ ਕੀਤਾ।
 

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply