`ਪੁਸਤਕਾਂ ਸੰਗ ਸੰਵਾਦ` ਸਮਾਗਮ `ਚ ਹੋਈ ਵਿਚਾਰ ਚਰਚਾ
ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬ ਸਾਹਿਤ ਸੰਗਮ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਦੇ
ਸਹਿਯੋਗ ਨਾਲ ਪੰਜਾਬੀ ਸ਼ਾਇਰ ਮਲਵਿੰਦਰ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ `ਸੁਪਨਿਆਂ ਦਾ ਪਿੱਛਾ ਕਰਦਿਆਂ` ਲੋਕ ਅਰਪਿਤ ਕੀਤੀ ਗਈ।ਸਥਾਨਕ ਜਿਲ੍ਹਾ ਲਾਇਬ੍ਰੇਰੀ ਵਿੱਚ ਸਾਹਿਤ ਸੰਗਮ ਵੱਲੋਂ ਕਰਵਾਏ ਜਾਂਦੇ “ਪੁਸਤਕਾਂ ਸੰਗ ਸੰਵਾਦ” ਸਮਾਗਮਾਂ ਦੀ ਲੜੀ ਤਹਿਤ ਹੋਏ ਇਸ ਅਦਬੀ ਸਮਾਗਮ `ਚ ਸਰਬਜੀਤ ਸੰਧੂ ਦੇ ਸਵਾਗਤੀ ਸ਼ਬਦ ਕਹੇ ਅਤੇ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਸਮਾਗਮ ਨੂੰ ਤਰਤੀਬ ਦਿੰਦਿਆਂ ਪੁਸਤਕ ਬਾਰੇ ਜਾਣ ਪਹਿਚਾਣ ਕਰਵਾਈ।ਪੁਸਤਕ `ਤੇ ਹੋਈ ਅਰਥ ਭਰਪੂਰ ਵਿਚਾਰ ਚਰਚਾ ਦਾ ਮੁੱਢ ਬੰਨਦਿਆਂ ਡਾ. ਹਰਭਜਨ ਸਿੰਘ ਭਾਟੀਆ ਨੇ ਕਿਹਾ ਕਿ ਇਸ ਵਿਚਲੀ ਸ਼ਾਇਰੀ ਨਾਬਰੀ ਅਤੇ ਵਿਦਰੋਹ ਦੀ ਸ਼ਾਇਰੀ ਹੈ, ਜਿਹੜੀ ਸਿਆਸਤ ਅਤੇ ਚੌਧਰਪੁਣੇ ਨੂੰ ਭੰਡਦੀ ਹੈ।ਡਾ. ਦਰਿਆ ਨੇ ਗੱਲ ਨੂੰ ਅੱਗੇ ਤੋਰਦਿਆਂ ਕਿਹਾ ਕਿ ਮਲਵਿੰਦਰ ਦੀ ਸ਼ਾਇਰੀ ਆਸ਼ਾਵਾਦੀ ਨਜ਼ਰੀਏ ਦੀ ਨਿਸ਼ਾਨਦੇਹੀ ਕਰਦੀ ਹੈ।ਡਾ. ਰਵਿੰਦਰ ਨੇ ਮਲਵਿੰਦਰ ਦੀ ਸਮੱਚੀ ਸ਼ਾਇਰੀ ਦੇ ਹਵਾਲੇ ਨਾਲ ਕਿਹਾ ਕਿ ਲੇਖਕ ਸੁਚੇਤ ਪੱਧਰ `ਤੇ ਆਪਣੀ ਸ਼ਾਇਰੀ ਰਚਦਾ ਹੈ ਜਿਹੜੀ ਮਾਨਵੀ ਸਰੋਕਾਰਾਂ ਦੇ ਹੱਕ ਵਿੱਚ ਭੁਗਤਦੀ ਹੈ।ਡਾ. ਹੀਰਾ ਸਿੰਘ ਅਤੇ ਡਾ. ਨਰੇਸ਼ ਨੇ ਕਿਹਾ ਕਿ ਲੇਖਕ ਆਪਣੇ ਕਾਵਿਕ ਮੁਹਾਂਦਰੇ ਨਾਲ ਆਪਣੀ ਗੱਲ ਕਹਿਣ ਵਿੱਚ ਕਾਮਯਾਬ ਹੋਇਆ ਹੈ। ਅਰਤਿੰਦਰ ਸੰਧੂ ਅਤੇ ਡਾ. ਇਕਬਾਲ ਕੌਰ ਨੇ ਪੁਸਤਕ ਵਿਚਲੀਆਂ ਕਵਿਤਾਵਾਂ ਦੀ ਸਹਾਰਨਾ ਕੀਤੀ।ਵਿਸ਼ਾਲ ਅਤੇ ਇੰਦਰ ਸਿੰਘ ਮਾਨ ਨੇ ਲੇਖਕ ਨੂੰ ਵਧਾਈ ਦਿੰਦਿਆਂ ਪੁਸਤਕ ਦੀਆਂ ਭਾਸ਼ਾਈ ਜੁਗਤਾਂ ਦੀ ਚਰਚਾ ਕੀਤੀ ਅਤੇ ਡਾ. ਪ੍ਰਭਜੋਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਵਿਕਰਮ, ਤਰਲੋਚਨ ਸਿੰਘ ਤਰਨ ਤਾਰਨ, ਹਰਭਜਨ ਖੇਮਕਰਨੀ, ਡਾ. ਹਜ਼ਾਰਾ ਸਿੰਘ ਚੀਮਾ, ਚੰਨ ਅਮਰੀਕ, ਡਾ. ਮੋਹਨ, ਹਰਜੀਤ ਸੰਧੂ, ਰਾਜ ਖੁਸ਼ਵੰਤ ਸਿੰਘ ਸੰਧੂ, ਬਲਵਿੰਦਰ ਕੌਰ ਰੰਧਾਵਾ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਪ੍ਰਿੰ. ਨਰੋਤਮ ਸਿੰਘ, ਧਰਵਿੰਦਰ ਔਲਖ, ਇੰਦਰੇਸ਼ ਮੀਤ, ਡਾ. ਕਾਬਲ ਸਿੰਘ ਸੰਧੂ, ਮੈਡਮ ਜੋਤੀ ਬਾਵਾ, ਜਗਤਾਰ ਗਿੱਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤਕਾਰ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media