ਨਵੀਂ ਦਿੱਲੀ, 6 ਅਗਸਤ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋੋੋਂ ਸ਼ਰਧਾ
ਭਾਵਨਾ ਨਾਲ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ `ਚ ਮਨਾਇਆ ਗਿਆ। ਮੁੱਖ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸ਼ੀਸ਼ਗੰਜ ਸਾਹਿਬ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਆਯੋਜਿਤ ਕੀਤੇ ਗਏ। ਪ੍ਰਕਾਸ਼ ਪੁਰਬ ਤੋਂ ਪਹਿਲੇ ਸਰੋਵਰ ਕੰਡੇ ਹੋਏ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਜ਼ਾਰਾਂ ਸੰਗਤਾਂ ਨੇ ਗੁਰ ਚਰਣਾਂ ’ਚ ਆਪਣਾ ਅਕੀਦਾ ਭੇਟ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸੰਗਤਾਂ ਨੂੰ ਸੰਬੌਧਿਤ ਕਰਦੇ ਹੋਏ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
ਉਨਾਂ ਨੇ ਜੰਤਰ-ਮੰਤਰ ਵਿਖੇ ਆਉਣ ਵਾਲੇ ਮੁਜ਼ਾਹਰਾਕਾਰੀਆਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਮਿਲਦੇ ਸਹਿਯੋਗ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਲੋਂ ਬਾਂਹ ਪਕੜਨ ਦੇ ਤੌਰ ’ਤੇ ਪਰਿਭਾਸ਼ਿਤ ਕੀਤਾ।ਜੀ.ਕੇ ਨੇ ਕਿਹਾ ਕਿ ਬਾਲਾ ਸਾਹਿਬ ਹਸਪਤਾਲ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ’ਤੇ ਗੁਰੂ ਸਾਹਿਬ ਦੀ ਕ੍ਰਿਪਾ ਲਈ ਅਸੀਂ ਅਰਦਾਸ ਕਰਦੇ ਹਾਂ।ਜੀ.ਕੇ ਨੇ ਇਸ ਮਸਲੇ ’ਤੇ ਵਿਰੋਧੀਆਂ ਦੀ ਕਾਰਗੁਜ਼ਾਰੀ ਦੀ ਪ੍ਰਿੱਥੀ ਚੰਦ ਅਤੇ ਰਾਮਰਾਇ ਦੀਆਂ ਪੰਥ ਵਿਰੋਧੀ ਹਰਕਤਾਂ ਨਾਲ ਤੁਲਨਾਂ ਕੀਤੀ।ਉਨਾਂ ਕਿਹਾ ਕਿ ਮੁਸ਼ਕਿਲ ਤੋਂ ਮੁਸ਼ਕਿਲ ਕਾਰਜ ਅਸੀਂ ਹੱਲ ਕੀਤੇ ਹਨ ਅਤੇ ਅੱਗੇ ਵੀ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਕਾਮਯਾਬੀ ਪ੍ਰਾਪਤ ਕਰਾਂਗੇ।
ਜੀ.ਕੇ ਨੇ ਦਿੱਲੀ ਵਿਖੇ ਗੁਰੂ ਨਾਨਕ ਸਾਹਿਬ ਵਲੌਂ 500 ਸਾਲ ਪਹਿਲੇ ਸਥਾਪਿਤ ਕੀਤੇ ਗਏ ਪਿਆਊ ਦਾ ਜਿਕਰ ਕਰਦੇ ਹੋਏ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬਾਨਾਂ ਦੇ ਫਰਸ਼ ਨੂੰ ਵੱਡੀ ਪਾਣੀ ਦੀ ਪਾਇਪ ਨਾਲ ਦਿਨ ’ਚ 4 ਵਾਰ ਧੋਣ ਨੂੰ ਗੁਰੂ ਸੋਚ ਦੇ ਉਲਟ ਦੱਸਿਆ।ਜੀ.ਕੇ ਨੇ ਕਿਹਾ ਕਿ ਅਸੀਂ ਆਪਣਾ ਭਵਿੱਖ ਨਹੀਂ ਦੇਖਦੇ।ਗੁਰੂ ਨੇ ਸਾਡੇ ਲਈ ਪਾਣੀ ਵਾਸਤੇ ਖੂਹ ਬਣਾਏ ਪਰ ਅਸੀਂ ਕੁਦਰਤੀ ਸੋਮਿਆਂ ਨੂੰ ਨਿਪਟਾਉਣ ਵੱਲ ਤੁਰ ਪਏ ਹਾਂ।
ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਨੇ ਵੀ ਸੰਗਤਾਂ ਨੂੰ ਵਧਾਈ ਦਿੱਤੀ। ਵਾਤਾਵਰਨ ਦੀ ਰੱਖਿਆ ਲਈ ਕਾਰਜ ਕਰ ਰਹੀ ਈਕੋ ਸਿੱਖ ਇੰਟਰਨੈਸ਼ਨਲ ਜੱਥੇਬੰਦੀ ਵੱਲੋਂ ਦਿੱਲੀ ਕਮੇਟੀ ਨੂੰ ਵਾਤਾਵਰਨ ਦੀ ਰੱਖਿਆ ਲਈ ਕੀਤੇ ਜਾ ਰਹੇ ਕਾਰਜਾਂ ਲਈ ਪ੍ਰਮਾਣ-ਪੱਤਰ ਵੀ ਦਿੱਤਾ ਗਿਆ।ਸੰਸਥਾਂ ਵੱਲੋਂ ਗੁਰ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਸ਼-ਵਿਦੇਸ਼ ਦੇ ਸ਼ਹਿਰਾਂ ’ਚ 550 ਬੂਟਿਆਂ ਦੀ ਇਕਾਈ ਵੱਜੋਂ 10 ਲੱਖ ਬੂਟੇ ਲਾਉਣ ਦਾ ਐਲਾਨ ਕਰਦੇ ਹੋਏ ਇਸ ਸਬੰਧੀ ਇਕ ਪੋਸ਼ਟਰ ਵੀ ਜਾਰੀ ਕੀਤਾ ਗਿਆ।ਚੰਗੇ ਨੰਬਰ ਲਿਆਉਣ ਵਾਲੇ ਖਾਲਸਾ ਸਕੂਲਾਂ ਦੇ ਬੱਚਿਆਂ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਵੱਲੋਂ ਨਿਭਾਈ ਗਈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media