ਭੀਖੀ, 10 ਅਗਸਤ (ਪੰਜਾਬ ਪੋਸਟ – ਕਮਲ ਜਿੰਦਲ) – ਬੁਢਲਾਡਾ ਸ਼ਹਿਰ ਦੀ ਕਾਇਆਕਲਪ ਲਈ ਕਰੀਬ 2 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਨੇ ਹੋਰ ਤੇਜ਼ੀ ਫੜ ਲਈ ਹੈ। ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਦੱਸਿਆ ਕਿ ਅਗਲੇ ਕੁੱਝ ਦਿਨਾਂ ਵਿੱਚ ਹੀ ਸ਼ਹਿਰ ਦੀ ਨੁਹਾਰ ਬਦਲ ਜਾਵੇਗੀ ਕਿਉਂ ਜੋ ਨਗਰ ਕੌਂਸਲ ਦੇ ਅਧਿਕਾਰੀ ਤੇ ਮੁਲਾਜ਼ਮ ਵਿਕਾਸ ਕਾਰਜਾਂ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਨ ਲਈ ਦਿਨ-ਰਾਤ ਇੱਕ ਕਰਕੇ ਕੰਮ ਵਿੱਚ ਜੁਟੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬੁਢਲਾਡਾ ਵੱਲੋਂ ਆਈ.ਟੀ.ਆਈ ਰੋਡ ਤੋਂ ਗੈਸ ਏਜੰਸੀ ਦੇ ਮੋੜ ਤੱਕ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾ ਚੁੱਕਾ ਹੈ, ਜਿਸ `ਤੇ ਅੰਦਾਜ਼ਨ 43.82 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਉਪਰ ਸੀਵਰੇਜ ਦੇ ਮੇਨ-ਹੋਲ ਨੂੰ ਉੱਚਾ ਚੁੱਕਣ ਅਤੇ ਸੀਵਰੇਜ ਚੈਂਬਰ ਬਣਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਸੜਕ ਦੇ ਬਰਮਾਂ `ਤੇ ਪਈ ਮਿੱਟੀ ਅਤੇ ਮਲਬੇ ਨੂੰ ਚੁੱਕਣ ਉਪਰੰਤ ਪੱਥਰਾਂ ਦੀ ਤਹਿ ਪਾਉਣ ਦਾ ਕੰਮ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹ ਸੜਕ 25 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਮੁਕੰਮਲ ਹੋ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਨਗਰ ਕੌਂਸਲ ਵੱਲੋਂ ਕਰੀਬ 110.29 ਲੱਖ ਰੁਪਏ ਨਾਲ ਰੇਲਵੇ ਰੋਡ ਬੁਢਲਾਡਾ ਦੀ ਸੜਕ ਬਣਾਉਣ ਦਾ ਕੰਮ, ਕਰੀਬ 15.33 ਲੱਖ ਰੁਪਏ ਦੀ ਲਾਗਤ ਨਾਲ ਟਰੱਕ ਯੂਨੀਅਨ ਤੋਂ ਕੇ.ਕੇ ਗੌੜ ਚੌਕ ਤੱਕ ਸੜਕ ਬਣਾਉਣ ਅਤੇ ਕਰੀਬ 20.38 ਲੱਖ ਰੁਪਏ ਦੀ ਲਾਗਤ ਨਾਲ ਕੇ.ਕੇ ਗੌੜ ਚੌਕ ਤੋਂ ਗੁਰੂ ਨਾਨਕ ਕਾਲਜ ਤੱਕ ਸੜਕ ਬਣਾਉਣ ਸਬੰਧੀ ਟੈਂਡਰ ਮੰਗੇ ਜਾ ਚੁੱਕੇ ਹਨ, ਜੋ 24 ਅਗਸਤ, 2018 ਨੂੰ ਖੋਲ੍ਹੇ ਜਾਣਗੇ।ਉਨ੍ਹਾਂ ਦੱਸਿਆ ਕਿ ਟੈਂਡਰ ਖੁੱਲ੍ਹਣ ਉਪਰੰਤ 60 ਦਿਨਾਂ ਵਿੱਚ ਇਨ੍ਹਾਂ ਸੜਕਾਂ ਦਾ ਕੰਮ ਮੁਕੰਮਲ ਕਰਵਾ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਵਾਰਡ ਨੰਬਰ-16 ਗੀਤਾ ਐਮ.ਸੀ. ਵਾਲੀ ਗਲੀ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਜਾ ਚੁੱਕਾ ਹੈ।ਨਾਲੀਆਂ ਨੂੰ ਬੰਦ ਕਰਕੇ ਚੈਂਬਰ ਬਣਾਉਣ ਦਾ ਕੰਮ ਚਲ ਰਿਹਾ ਹੈ ਅਤੇ ਇਹ ਗਲੀ ਅਗਲੇ 20-25 ਦਿਨਾਂ ਦੇ ਅੰਦਰ ਬਣਾ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭੀਖੀ-ਬੋਹਾ ਰੋਡ ਉਪਰ ਆਈ.ਟੀ.ਆਈ ਚੌਕ ਤੋਂ ਪੁਲ ਤੱਕ ਸੜਕ ਦੀਆਂ ਬਰਮਾਂ `ਤੇ ਪਈ ਮਿੱਟੀ ਚੁਕਵਾਉਣ ਦਾ ਕੰਮ ਚਲ ਰਿਹਾ ਹੈ। ਬਰਮਾਂ ਤੋਂ ਮਿੱਟੀ ਚੁੱਕਣ ਉਪਰੰਤ ਸੜਕ ਦਾ ਪੱਧਰ ਕਰਕੇ ਸੜਕ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਵੱਲੋਂ ਬੁਢਲਾਡਾ ਸ਼ਹਿਰ ਦੀ ਸਫਾਈ ਸਬੰਧੀ ਹਦਾਇਤਾਂ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਬੁਢਲਾਡਾ ਸ਼ਹਿਰ ਵਿੱਚ ਸਫ਼ਾਈ ਦੀ ਰੋਜ਼ਾਨਾ ਚੈਕਿੰਗ ਯਕੀਨੀ ਬਣਾਉਣ ਦੇ ਨਿਰਦੇਸ਼ਾਂ ਪਿੱਛੋਂ ਸਫ਼ਾਈ ਇੰਚਾਰਜ ਵੱਲੋਂ ਹਰ ਰੋਜ਼ ਚੈਕਿੰਗ ਕੀਤੀ ਜਾ ਰਹੀ ਹੈ।ਸ਼ਹਿਰ ਵਿੱਚ ਸਵੇਰੇ-ਸ਼ਾਮ 3 ਟਰੈਕਟਰ-ਟਰਾਲੀਆਂ ਰਾਹੀਂ ਸਕੈਡੰਰੀ ਪੁਆਇੰਟਾਂ ਤੋਂ ਕੂੜਾ ਰੋਜ਼ਾਨਾ ਚੁੱਕਵਾਇਆ ਜਾ ਰਿਹਾ ਹੈ।
Punjab Post Daily Online Newspaper & Print Media