Tuesday, November 3, 2026

ਪ੍ਰਸ਼ਾਸ਼ਨ ਵਲੋਂ ਵਿਦਿਅਕ ਸੰਸਥਾਵਾਂ `ਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ

ਹਰ ਸਕੂਲ `ਚ 6ਵੀਂ ਜਮਾਤ ਤੋਂ ਉੱਪਰ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਬਣਨਗੇ ਗਰੁੱਪ

PPN1208201801 ਅੰਮ੍ਰਿਤਸਰ, 12 ਅਗਸਤ – ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਲਾਹਨਤ  ਨੂੰ ਖਤਮ ਕਰਨ ਲਈ ਵਿੱਢੀ ਗਈ ਮੁਹਿੰਮ ਨੂੰ ਹੋਰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਲਈ ਪ੍ਰਸ਼ਾਸ਼ਨ ਵਲੋਂ ਵਿਦਿਅਕ ਸੰਸਥਾਵਾਂ ਵਿਚਲੇ ਵਿਦਿਆਰਥੀਆਂ ਨੂੰ ਨਾਲ ਜੋੜਨ ਲਈ ਵਿਸ਼ੇਸ਼ ਯਤਨ 13 ਅਗਸਤ ਤੋਂ ਆਰੰਭੇ ਜਾ ਰਹੇ ਹਨ।ਇਸ ਤਹਿਤ ਜਿੱਥੇ ਉਨਾਂ ਨੂੰ  ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਉੱਥੇ ਹੀ ਉਨ੍ਹਾਂ ਨੂੰ ਇਸ ਮੁਹਿੰਮ ਵਿਚ ਭਾਗੀਦਾਰ ਬਣਾਉਣ ਲਈ ਵਿਆਪਕ ਯੋਜਨਾਬੰਦੀ ਉਲੀਕੀ ਗਈ ਹੈ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਇਸ ਸਬੰਧੀ ਸਕੂਲ ਤੇ ਕਾਲਜ ਪ੍ਰਿੰਸੀਪਲਾਂ ਦੀ ਕਰਵਾਈ ਗਈ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦੇ ਸਹਾਇਕ ਕਮਿਸ਼ਨਰ ਸ੍ਰੀ ਸ਼ਿਵਰਾਜ ਸਿੰਘ ਬੱਲ ਨੇ ਕਿਹਾ ਕਿ ਹਰ ਵਿਦਿਅਕ ਅਦਾਰੇ ਵਿਚ 6 ਵੀਂ ਕਲਾਸ ਤੋਂ ਉਪਰ ਦੇ ਵਿਦਿਆਰਥੀਆਂ ਦਾ ਇਕ ‘ਬਡੀ’ (ਸਾਥੀ ) ਗਰੁੱਪ ਕਾਇਮ ਕੀਤਾ ਜਾਵੇਗਾ, ਜਿਸ ਵਿਚ 3 ਤੋਂ 5 ਵਿਦਿਆਰਥੀ ਸ਼ਾਮਿਲ ਕੀਤੇ ਜਾਣਗੇ।ਇਸ ਤੋਂ ਇਲਾਵਾ ਕਲਾਸ ਦੇ ਅਧਿਆਪਕ/ਅਧਿਆਪਕਾ ਗਰੁੱਪ ਵਿਚ ਸੀਨੀਅਰ ਸਾਥੀ ਵਜੋਂ ਕੰਮ ਕਰਨਗੇ, ਜਦਕਿ ਸਕੂਲ ਦੇ ਪ੍ਰਿੰਸੀਪਲ ਸੁਪਰ ਬਡੀ ਵਜੋਂ ਸੇਵਾ ਨਿਭਾਉਣਗੇ ਅਤੇ ਸਾਰੇ ਸਕੂਲ ਵਿਚਲੀਆਂ ਗਤੀਵਿਧੀਆਂ ਦੇ ਨਿਗਰਾਨ ਹੋਣਗੇ।ਹਰੇਕ ਬਡੀ ਗਰੁੱਪ ਵਲੋਂ ਹਰ ਹਫਤੇ 30 ਤੋਂ 40 ਮਿੰਟ ਦਾ  ਇਕ ਨਸ਼ਾ ਵਿਰੋਧੀ ਪ੍ਰੋਗਰਾਮ ਕੀਤਾ ਜਾਵੇਗਾ।PPN1208201802
ਉਨਾਂ ਕਿਹਾ ਕਿ ਵਿਦਿਅਕ ਅਦਾਰਿਆਂ ਦੇ ਨੋਡਲ ਅਧਿਕਾਰੀ ਪ੍ਰਸ਼ਾਸ਼ਨ ਤੇ ਵਿਦਿਅਕ ਅਦਾਰਿਆਂ ਵਿਚਕਾਰ ਪੁਲ ਦਾ ਕੰਮ ਕਰਨਗੇ।ਉਨਾਂ ਕਿਹਾ ਕਿ ਗੁਰੱਪ ਵਿਚ ਸ਼ਾਮਿਲ ਕੀਤੇ ਜਾਣ ਵਾਲੇ ਬੱਚਿਆਂ ਦੀ ਚੋਣ ਅਧਿਆਪਕਾਂ ਵਲੋਂ ਕੀਤੀ ਜਾਵੇਗੀ ਜਿਸ ਲਈ ਮਾਨਸਿਕ ਤੌਰ ’ਤੇ ਮਜ਼ਬੂਤ ਬੱਚਿਆਂ ਨੂੰ ਚੁਣਿਆ ਜਾਵੇਗਾ ਤਾਂ ਜੋ ਉਹ ਆਪਣੇ ਸਾਥੀਆਂ ਨੂੰ ਨਸ਼ਿਆਂ ਦੇ ਖਾਤਮੇ ਲਈ ਯਤਨਸ਼ੀਲ ਹੋਣ ਵਾਸਤੇ ਪ੍ਰੇਰਿਤ ਕਰ ਸਕਣ।ਉਨਾਂ ਇਹ ਵੀ ਕਿਹਾ ਕਿ ਗਰੁੱਪ ਦੇ ਮੈਂਬਰਾਂ, ਨੋਡਲ ਅਫਸਰਾਂ ਲਈ ਇਕ ਸਿਖਲਾਈ ਪ੍ਰੋਗਰਾਮ ਵੀ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ।
ਡਾ. ਪੀ. ਡੀ. ਗਰਗ ਇੰਚਾਰਜ ਨਸ਼ਾ ਛੁਡਾਉ ਕੇਂਦਰ ਨੇ ਕਿਹਾ ਕਿ ਬਡੀ ਪ੍ਰੋਗਰਾਮ ਵਿਸ਼ੇਸ਼ ਟਾਸਕ ਫੋਰਸ ਦੇ ਮਾਹਿਰਾਂ ਵਲੋਂ ਮਨੋਵਿਗਿਆਨੀਆਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ 18 ਤੋਂ 25 ਸਾਲ ਉਮਰ ਵਰਗ ਦੇ ਨੌਜਵਾਨਾਂ ਦੀ ਨਸ਼ਿਆਂ ਵੱਲ ਆਕਰਸ਼ਿਤ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੰੁਦੀ ਹੈ, ਜਿਸ ਕਰਕੇ ਵਿਦਿਆਰਥੀਆਂ ਨੂੰ ਆਪਸੀ ਸਮਝ ਨਾਲ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਮਾਸਟਰ ਟਰੇਨਰ ਸੁਖਪਾਲ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਅਪਣਾਈ ਜਾਣ ਵਾਲੀ ਰਣਨੀਤੀ ਵਿਚ  ਜਾਣਕਾਰੀ, ਵਿਵਹਾਰ, ਭਰੋਸਾ ਤੇ ਅਭਿਆਸ ਦੀ ਮਹੱਤਵਪੂਰਨ ਥਾਂ ਹੈ ਜਿਸ ਕਰਕੇ ਸਾਰੇ ਗਰੁੱਪਾਂ ਨੂੰ ਸਿਖਲਾਈ ਦਿੱਤੀ ਜਾਵੇਗੀ।ਉਨਾਂ ਅਧਿਆਪਕਾਂ ਨੂੰ ਕਿਹਾ ਕਿ ਉਹ  ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਇਸ ਸਮਾਜਿਕ ਬੁਰਾਈ ਵਿਰੁੱਧ ਜੰਗ ਵਿਚ ਵੀ ਮੋਹਰੀ ਭੂਮਿਕਾ ਨਿਭਾਉਣ।
ਇਸ ਮੌਕੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ, ਸਹਾਇਕ ਜਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ ਤੇ ਸ੍ਰੀਮਤੀ ਰੇਖਾ ਮਹਾਜਨ ਤੇ ਸਕੂਲਾਂ ਤੇ ਕਾਲਜਾਂ ਦੇ ਪ੍ਰਿੰਸੀਪਲ ਹਾਜ਼ਰ ਸਨ।

 

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …

Leave a Reply