
ਨਵੀਂ ਦਿੱਲੀ, 20 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਵਿਕਾਸ ਕਮੇਟੀ ਦੀ ਅੱਜ ਹੋਈ ਇਕ ਮੀਟਿੰਗ ‘ਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲੋੜੀਂਦੇ ਕਾਰਜ ਖੁਦ ਕਰਨ ਅਤੇ ਸਰਕਾਰ ਪਾਸੋਂ ਕਰਵਾਉਣ ਦਾ ਅਹਿਦ ਲਿਆ ਗਿਆ। ਪੰਜਾਬੀ ਵਿਕਾਸ ਕਮੇਟੀ ਦੇ ਚੇਅਰਮੈਨ ਐਡਵੋਕੇਟ ਬੀਰਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ‘ਚ ਮੁੱਖ ਮਹਿਮਾਨ ਵੱਜੋਂ ਹਾਜਰੀ ਭਰਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪੰਜਾਬੀ ਨੂੰ ਸਕੂਲਾਂ ਵਿਚ ਹੁੰਗਾਰਾ ਦੇਣ ਵਾਸਤੇ ਹਰ ਪ੍ਰਕਾਰ ਦਾ ਸਹਿਯੋਗ ਦੇਣ ਅਤੇ ਸਰਕਾਰਾਂ ਪਾਸੋਂ ਰੁਕੇ ਹੋਏ ਕਾਰਜਾਂ ਨੂੰ ਵੀ ਛੇਤੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਆਪਣੇ ਪਰਿਵਾਰ ਵੱਲੋਂ ਬੀਤੇ ਸਮੇਂ ‘ਚ ਪੰਜਾਬੀ ਭਾਸ਼ਾ ਨੂੰ ਦਿੱਲੀ ਵਿੱਖੇ ਦੂਜੀ ਭਾਸ਼ਾ ਦਾ ਦਰਜਾ ਦਿਵਾਉਣ ਵਾਸਤੇ ਲੜੇ ਗਏ ਸੰਘਰਸ਼ ਨੂੰ ਯਾਦ ਕਰਦੇ ਹੋਏ ਜੀ.ਕੇ. ਨੇ ਪੰਜਾਬੀ ਵਾਸਤੇ ਜਥੇਬੰਦਕ ਤੌਰ ਤੇ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਹੋਕੇ ਸੰਘਰਸ਼ ਕਰਨ ਦਾ ਵੀ ਸੱਦਾ ਦਿੱਤਾ।
ਪੰਜਾਬੀ ਵਿਕਾਸ ਕਮੇਟੀ ਦੇ ਕੰਵੀਨਰ ਡਾ. ਹਰਮੀਤ ਸਿੰਘ ਨੇ ਆਏ ਹੋਏ ਸਾਰੇ ਪੱਤਵੰਤਿਆਂ ਦਾ ਸਵਾਗਤ ਕਰਦੇ ਹੋਏ ਮੌਜੂਦਾ ਸਮੇਂ ‘ਚ ਪੰਜਾਬੀ ਭਾਸ਼ਾ ਦੇ ਪ੍ਰਸਾਰ ‘ਚ ਆ ਰਹੀਆਂ ਪਰੇਸ਼ਾਨੀਆਂ ਨੂੰ ਵਿਚਾਰ ਚਰਚਾ ਲਈ ਸਭਦੇ ਸਾਹਮਣੇ ਰੱਖਿਆ। ਪੰਜਾਬੀ ਭਾਸ਼ਾ ਦੀਆਂ ਮਿਆਰੀ ਕਿਤਾਬਾਂ ਦੀ ਕਮੀ, ਪੰਜਾਬੀ ਵਿਸ਼ੇ ‘ਚ ਸਭ ਤੋਂ ਵੱਧ ਅੰਕ ਲੈਣ ਵਾਲੇ ਸਕੂਲਾਂ ਦੇ ਬੱਚਿਆਂ ਦੇ ਨਾਲ ਹੀ ਟੀਚਰਾਂ ਦਾ ਸਨਮਾਨ ਕਰਨ ਦੀ ਮੰਗ, ਖਾਲਸਾ ਸਕੂਲਾਂ ‘ਚ ਪਹਿਲੀ ਜਮਾਤ ਤੋਂ ਪੰਜਾਬੀ ਜ਼ਰੂਰੀ ਕਰਨਾ ਅਤੇ 12ਵੀਂ ਜਮਾਤ ‘ਚ ਐਡੀਸ਼ਨਲ ਸਬਜੈਕਟ ਵੱਜੋਂ ਫਿਜ਼ੀਕਲ ਐਜੂਕੇਸ਼ਨ ਵਿਸ਼ੇ ਦੀ ਬਜਾਏ ਪੰਜਾਬੀ ਨੂੰ ਲੈਣ ਵਾਸਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਰਗੇ ਮਸਲਿਆਂ ‘ਤੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਟੀਚਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਪੰਜਾਬੀ ਅਕੈਡਮੀ ਦਿੱਲੀ ਦੇ ਸਾਬਕਾ ਸਕੱਤਰ ਡਾ. ਰਵੈਲ ਸਿੰਘ ਨੇ ਮਾਂ ਬੋਲੀ ਪੰਜਾਬੀ ਨੂੰ ਮਨੁੱਖ ਦੇ ਵਿਕਾਸ ਲਈ ਜ਼ਰੂਰੀ ਦੱਸਦੇ ਹੋਏ ਮੁਸਲਿਮ ਬੱਚਿਆਂ ਵੱਲੋਂ ਪੰਜਾਬੀ ਵਿਸ਼ੇ ‘ਚ ਵਧੀਆ ਅੰਕ ਪ੍ਰਾਪਤ ਕਰਨ ਦੇ ਸਾਹਮਣੇ ਆ ਰਹੇ ਰੁਝਾਨ ਤੋਂ ਪ੍ਰੇਰਣਾ ਲੈਂਦੇ ਹੋਏ ਦੂੱਜੇ ਬੱਚਿਆਂ ਨੂੰ ਵੀ ਪੰਜਾਬੀ ਵਿਸ਼ੇ ‘ਚ ਲੋੜੀਂਦੀ ਮਹਿਨਤ ਕਰਵਾਉਣ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀ ਕਿਸੇ ਭਾਸ਼ਾ ਦੇ ਵਿਰੋਧੀ ਨਹੀਂ ਸਗੋਂ ਅੱਜ ਸਾਨੂੰ ਯੂਨੈਸਕੋ ਵੱਲੋਂ ਮਾਂ ਬੋਲੀ ‘ਚ ਪੜਨ ਵਾਲੇ ਬੱਚਿਆਂ ਦੂਜਿਆਂ ਬੱਚਿਆਂ ਦੇ ਮੁਕਾਬਲੇ ਅੱਗੇ ਹੋਣ ਦੇ ਸਾਹਮਣੇ ਆਏ ਸਰਵੇ ਤੋਂ ਵੀ ਨਵੇਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਨਾ ਚਾਹੀਦਾ ਹੈ।ਉਨ੍ਹਾਂ ਨੇ ਪੰਜਾਬੀ ਭਾਸ਼ਾ ਦੀਆਂ ਚੰਗੀਆਂ ਕਿਤਾਬਾ ਨੂੰ ਸਾਹਮਣੇ ਲਿਆਉਣ ਲਈ ਖਾਲਸਾ ਐਜੂਕੇਸ਼ਨ ਬੋਰਡ ਦਿੱਲੀ ਕਮੇਟੀ ਦੀ ਸਰਪ੍ਰਸਤੀ ਹੇਠ ਕਾਇਮ ਕਰਨ ਦਾ ਵੀ ਸੁਝਾਵ ਦਿੱਤਾ। ਪੰਜਾਬੀ ਟੀਚਰਾਂ ਵੱਲੋਂ ਬੱਚਿਆਂ ਨੂੰ ਟੈਸਟ ਬੁੱਕ ਦੇ ਬਜਾਏ ਕੁੰਜੀਆਂ ਤੋਂ ਪੜਾਏ ਜਾਣ ਨੂੰ ਤਰਜੀਹ ਦੇਣ ਨੂੰ ਵੀ ਉਨ੍ਹਾਂ ਨੇ ਬੱਚਿਆਂ ਨਾਲ ਵੱਡਾ ਧੋਖਾ ਕਰਾਰ ਦਿੱਤਾ।
ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਨੇ ਅੰਗ੍ਰੇਜ਼ਾ ਵੱਲੋਂ ਪੰਜਾਬੀ ਭਾਸ਼ਾ ਨੂੰ ਸਿੱਖਾਂ ਦੀ ਮਾਂ ਬੋਲੀ, ਹਿੰਦੀ ਭਾਸ਼ਾ ਨੂੰ ਹਿੰਦੂਆਂ ਦੀ ਮਾਂ ਬੋਲੀ ਅਤੇ ਉਰਦੂ ਭਾਸ਼ਾ ਨੂੰ ਮੁਸਲਮਾਨਾਂ ਦੀ ਮਾਂ ਬੋਲੀ ਦੱਸਣ ਕਰਕੇ ਪੰਜਾਬੀ ਪ੍ਰਤੀ ਦੂੱਜੇ ਧਰਮਾਂ ਦੇ ਲੋਕਾਂ ਵਿਚ ਪੈਦਾ ਹੋਈ ਸੋੜੀ ਸੋਚ ਨੂੰ ਦੂਰ ਕਰਨ ਵਾਸਤੇ ਵਿਦਵਾਨਾ ਨੂੰ ਪਹਿਲ ਕਦਮੀ ਕਰਨ ਦਾ ਵੀ ਤਰਲਾ ਮਾਰਿਆ। ਪੰਜਾਬੀ ਕਮੇਟੀ ਦੇ ਚੇਅਰਮੈਨ ਬੀਰਇੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ ਵਾਸਤੇ ਪੰਜਾਬੀ ਆਪਣੇ ਬੱਚਿਆਂ ਨੂੰ ਪੜਾਉਣ ਨੂੰ ਜ਼ਰੂਰੀ ਦੱਸਦੇ ਹੋਏ ਅਕਤੂਬਰ ਮਹੀਨੇ ‘ਚ 7 ਦਿਨੀ ਦਿੱਲੀ ਸਟੇਟ ਪੰਜਾਬੀ ਭਾਸ਼ਾ ਕਾਂਨਫ੍ਰੈਂਸ ਕਰਾਉਣ ਦੀ ਜਾਣਕਾਰੀ ਵੀ ਦਿੱਤੀ।ਪੰਜਾਬੀ ਪਰਿਵਾਰਾਂ ਦੇ ਬੱਚਿਆਂ ਦਾ ਦਿਮਾਗੀ ਵਿਕਾਸ ਪੰਜਾਬੀ ਭਾਸ਼ਾ ਰਾਹੀਂ ਵਧੀਆਂ ਤਰੀਕੇ ਨਾਲ ਹੋਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਨੇ ਦਿੱਲੀ ਸ਼ਹਿਰ ਨੂੰ ਪੰਜਾਬੀਆਂ ਦੀ ਸਭ ਤੋਂ ਵੱਧ ਵਸੋ ਵਾਲਾ ਸ਼ਹਿਰ ਵੀ ਦੱਸਿਆ। ਇਸ ਮੌਕੇ ਖਾਲਸਾ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ, ਦਿਆਲ ਸਿੰਘ ਕਾਲਜ ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਪ੍ਰਿਥਵੀ ਰਾਜ ਥਾਪਰ, ਸਕੂਲਾਂ ਅਤੇ ਕਾਲਜਾਂ ਦੇ ਪੰਜਾਬੀ ਅਧਿਆਪਕਾਂ ਸਣੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕੋ-ਚੇਅਰਮੈਨ ਵਿਕ੍ਰਮ ਸਿੰਘ ਮੌਜੂਦ ਸਨ।
Punjab Post Daily Online Newspaper & Print Media