ਬਾਰਡਰ ਖੇਤਰ ਦੇ ਲੋਕਾਂ ਦੀ ਸੁਣੀਆਂ ਸਮੱਸਿਆਵਾਂ ਤੇ ਹੱਲ ਕਰਨ ਦਾ ਦਿੱਤਾ ਭਰੋਸਾ
ਪਠਾਨਕੋਟ, 19 ਅਗਸਤ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਭੋਆ ਵਿਧਾਇਕ ਜੋਗਿੰਦਰ ਪਾਲ ਨੇ ਅੱਜ ਉਜ ਦਰਿਆ ਤੋਂ ਪਾਰ ਲੋਕਾਂ ਵਿੱਚ ਪਹੁੰਚ ਕੇ ਕਰੀਬ ਇੱਕ ਕਰੋੜ ਨਾਲ ਕਰਵਾਏ ਜਾਣ ਵਾਲੇ ਕੰਮਾਂ ਦੀ ਸੁਰੂਆਤ ਕੀਤੀ।ਉਨ੍ਹਾਂ ਦਰਿਆ ਪਾਰ ਦੇ ਪਿੰਡਾਂ ਦਾ ਦੋਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।ਪਿੰਡ ਬਮਿਆਲ ਦੀ ਫਿਰਨੀ ਨੂੰ ਪੱਕਿਆਂ ਕਰਨ ਤੋਂ ਇਲਾਵਾ ਪਿੰਡ ਟੀਂਡਾਂ ਤੋਂ ਕੋਟਲੀ ਜਵਾਹਰ ਤੱਕ ਸੜਕ ਨੂੰ ਬਣਾਏ ਜਾਣ ਦੇ ਕਾਰਜ ਦਾ ਸ਼ੁਭ ਅਰੰਭ ਕੀਤਾ। ਜਿਕਰਯੋਗ ਹੈ ਕਿ ਪਿੰਡ ਟੀਂਡਾ ਤੋਂ ਕੋਟਲੀ ਜਵਾਹਰ ਤੱਕ ਦੀ ਸੜਕ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਸੀ ਅਤੇ ਲੋਕਾਂ ਨੇ ਇਸ ਮਾਰਗ ਦੀ ਖਰਾਬ ਹਾਲਤ ਦੇ ਚਲਦਿਆਂ ਇਸ ਰੋਡ ਤੋਂ ਆਉਣਾ ਜਾਣਾ ਵੀ ਬੰਦ ਕਰ ਦਿੱਤਾ ਸੀ। ਇਸ ਲਈ ਪਿੰਡ ਵਾਸੀਆਂ ਨੂੰ ਕੋਟਲੀ ਜਵਾਹਰ ਜਾਣ ਦੇ ਲਈ ਕਰੀਬ 2 ਤੋਂ 3 ਕਿਲੋਮੀਟਰ ਜਿਆਦਾ ਸਫਰ ਕਰਨਾ ਪੈਂਦਾ ਸੀ। ਇਸ ਸੜਕ ਦੇ ਨਿਰਮਾਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।
ਉਨ੍ਹਾਂ ਪਿੰਡ ਪਲਾਹ ਤੋਂ ਡੇਰਾ ਕੁੰਨਣ ਸਿੰਘ ਤੱਕ ਪੱਕੀ ਸੜਕ ਦਾ ਵੀ ਅਰੰਭ ਵੀ ਕੀਤਾ।ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੇਸ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ। ਆਪਣੇ ਸੰਬੋਧਨ `ਚ ਜੋਗਿੰਦਰ ਪਾਲ ਵਿਧਾਇਕ ਭੋਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਦਾ ਇਕ ਹੀ ਉਪਰਾਲਾ ਹੈ ਕਿ ਜਿਨ੍ਹਾਂ ਲੋਕਾਂ ਤੱਕ ਪਿਛਲੇ ਦਸ ਸਾਲਾਂ ਦੋਰਾਨ ਕੋਈ ਸੁਵਿਧਾ ਨਹੀਂ ਪਹੁੰਚੀ ਉਨ੍ਹਾਂ ਲੋਕਾਂ ਤੱਕ ਸੁਵਿਧਾਵਾਂ ਪਹੁੰਚਾਈਆਂ ਜਾਣ। ਉਨ੍ਹਾਂ ਕਿਹਾ ਕਿ ਗਠਬੰਧਨ ਦੀ ਸਰਕਾਰ ਦੇ ਚਲਦਿਆਂ ਪਿਛਲੇ 10 ਸਾਲਾਂ ਦੋਰਾਨ ਇੰਨ੍ਹਾਂ ਲੋਕਾਂ ਤੱਕ ਕੋਈ ਵੀ ਸੁਵਿਧਾ ਨਹੀਂ ਪਹੁੰਚੀ ਅਤੇ ਇਹ ਲੋਕ ਅਪਣੀਆਂ ਸਮੱਸਿਆਵਾਂ ਨਾਲ ਜਿੰਦਗੀ ਕੱਟ ਰਹੇ ਸਨ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਦੀ ਹਰੇਕ ਯੌਜਨਾਂ ਉਨ੍ਹਾਂ ਤੱਕ ਪਹੁੰਚਾਈ ਜਾਵੇਗੀ ਅਤੇ ਬਾਡਰ ਏਰੀਆ ਦੇ ਲੋਕਾਂ ਨੂੰ ਵੀ ਬਾਕੀ ਖੇਤਰਾਂ ਦੀ ਤਰ੍ਹਾਂ ਹਰੇਕ ਪ੍ਰਕਾਰ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਸਿਹਤ ਸੁਵਿਧਾਵਾਂ, ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾਵੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪਿੰਡ ਟੀਂਡਾ ਦਾ ਸਰਪੰਚ ਬਲਬਾਨ ਸਿੰਘ, ਸਾਬਕਾ ਸਰਪੰਚ ਕਰਨੈਲ ਸਿੰਘ, ਸਾਬਕਾ ਬਲਾਕ ਪ੍ਰਧਾਨ ਅਤੇ ਸਾਬਕਾ ਸਰਪੰਚ ਬਲਵੰਤ ਸਿੰਘ, ਵਿੱਕੀ ਠਾਕੁਰ ਅਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ।
Punjab Post Daily Online Newspaper & Print Media