ਮੋਗਾ, 20 ਅਗਸਤ (ਪੰਜਾਬ ਪੋਸਟ ਬਿਊਰੋ) – ਵਸ਼ਿੰਗਟਨ ਸਥਿਤ ਸੰਸਥਾ ਈਕੋਸਿੱਖ ਵੱਲੋਂ ਇੱਕ ਨਿਵੇਕਲੇ ਉਪਰਾਲੇ ਤਹਿਤ ਗੁਰਬਾਣੀ ਦੇ ਆਸ਼ੇ ਅਨੁਸਾਰ, ਪੰਜਾਬ
ਵਿੱਚ ਆਪਣੀ ਕਿਸਮ ਦੇ ਪਹਿਲੇ ਹਰਿਆਵਲ-ਭਰਪੂਰ ਬਾਗ ਦਾ ਉਦਘਾਟਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਈਕੋਸਿੱਖ ਸੰਸਥਾ ਦੇ ਕੋਮਾਂਤ੍ਰੀ ਪ੍ਰਧਾਨ ਸੁਪਰੀਤ ਕੋਰ ਨੇ ਦੱਸਿਆ ਕਿ ਈਕੋਸਿੱਖ ਸੰਸਥਾ ਵੱਲੋਂ2019 ਵਿੱਚ ਆ ਰਹੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ, ਪੱਤੋ ਹੀਰਾ ਸਿੰਘ ਦੇ ਸਮੂਹ ਨਗਰ ਨਿਵਾਸੀ ਅਤੇ ਪੱਤੋ ਈਕੋ ਟ੍ਰੀ ਐਂਡ ਲੈਂਡਸਕੇਪ ਸੋਸਾਇੀਟੀ (ਪੈਟਲਸ) ਦੇ ਸਹਿਯੋਗ ਨਾਲ ‘ਗੁਰੂ ਨਾਨਕ ਬਾਗ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਥੇ ਕਿ 5-ਕਿੱਲੇ ਜਮੀਨ `ਤੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਏ ਗਏ ਹਨ।
ਧਾਰਮਿਕ ਮਹੱਤਤਾ ਦੇ ਪੱਖ ਤੋਂ ਮੋਗਾ ਦੇ ਇਸ ਅਸਥਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਲ-ਨਾਲ ਪਾਤਸ਼ਾਹੀ ਛੇਵੀਂ, ਸੱਤਵੀਂ ਅਤੇ ਦੱਸਵੀਂ ਦੀ ਚਰਨ-ਛੋਹ ਪ੍ਰਾਪਤ ਹੈ।ਸੁਪਰੀਤ ਕੌਰ ਨੇ ਕਿਹਾ, “ਸਿੱਖ ਇਤਿਹਾਸ ਵਿੱਚ ਇਹ ਅਜਿਹਾ ਪਹਿਲਾ ਅਸਥਾਨ ਬਨਣ ਜਾ ਰਿਹਾ ਹੈ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਈ ਪਰਜਾਤੀਆਂ ਦੇ ਰੁੱਖ ਇੱਕੋ ਥਾਂ ਲਗਾਏ ਗਏ ਹੋਣ। ਕੁੱਲ ਮਿਲਾ 13 ਕਿਸਮਾਂ ਦੇ 400 ਤੋਂ ਵੱਧ ਰੁੱਖ ਲਗਾਏ ਗਏ ਜਿੰਨ੍ਹਾਂ ਵਿੱਚ ਅੰਬ, ਕਿੱਕਰ, ਸਿੰਮਲ, ਬੇਰ, ਮਹੂਆ, ਚੰਦਨ, ਬੋਹੜ ਆਦਿ ਹਨ।”
ਇਸ ਮੌਕੇ ਈਕੋਸਿੱਖ ਦੇ ਸਕੱਤਰ ਜਸਪ੍ਰੀਤ ਸਿੰਘ ਨੇ ਕਿਹਾ, “ਇਹ ਪ੍ਰੋਜੈਕਟ ਈਕੋਸਿੱਖ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ‘550 ਰੁੱਖ ਗੁਰੂ ਦੇ ਨਾਮ’ ਵਾਤਾਵਰਣ ਲਹਿਰ ਦੇ ਹੇਠ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਹਰ ਇੱਕ ਰੁੱਖ ਦੀ ਪਹਿਚਾਨ ਲਈ ਉਸ ਨਾਲ ਢੁਕਦੀ ਗੁਰਬਾਣੀ ਦੀ ਤੁੱਕ ਦਿੱਤੀ ਗਈ ਹੈ। ਅਸੀਂ ਡਾ. ਬਲਵਿੰਦਰ ਸਿੰਘ ਲੱਖੇਵਾਲੀ ਦੇ ਸ਼ੁਕਰਗੁਜ਼ਾਰ ਹਾਂ ਜਿੰਨ੍ਹਾਂ ਨੇ ਗੁਰਬਾਣੀ ਦੀ ਖੋਜ ਅਤੇ ਬਾਗ ਦੀ ਲੈਂਡਸਕੇਪਿੰਗ ਕੀਤੀ ਹੈ। ਅਸੀਂ ਪੱਤੋ ਹੀਰਾ ਸਿੰਘ ਦੇ ਸਮੂਹ ਨਗਰ ਨਿਵਾਸੀਆਂ ਦੇ ਵੀ ਧਨਵਾਦੀ ਹਾਂ ਜਿੰਨ੍ਹਾਂ ਦੇ ਕੁਦਰਤ ਪ੍ਰਤੀ ਚਾਅ ਅਤੇ ਸੰਵੇਦਨਸ਼ੀਲਤਾ ਕਰਕੇ ਇਹ ਕੰਮ ਸ਼ੁਰੂ ਹੋਇਆ ਹੈ।”
ਈਕੋਸਿੱਖ ਸੰਸਥਾ ਦੇ ਅੰਤਰ-ਰਾਸ਼ਟਰੀ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਉਹ ਗੁਰੂ ਨਾਨਕ ਦੇਵ ਜੀ ਦੀਆਂ ਕੁਦਰਤ-ਪ੍ਰੇਮਪ੍ਰਤੀ ਦਿੱਤੀਆਂ ਗਈਆਂ ਸਿਖਿਆਵਾਂ ਅਤੇ ਸਿੱਖ ਧਰਮ ਦੇ ਕੁਦਰਤ ਦੇ ਸਬੰਧਾਂ ਵਾਲੇ ਫਲਸਫੇ ਨੂੰ ਸਮੁੱਚੇ ਸੰਸਾਰ ਤੱਕ ਪਹੁੰਚਾਉਣ ਦਾ ਟੀਚਾ ਲੈ ਕੇ ਚੱਲੇ ਹਨ।ਜਿਸ ਲਈ ਇਹ ਸੱਭ ਤੋਂ ਵਧੀਆ ਢੰਗ ਹੈ।ਇਹ ਪ੍ਰੌਜੈਕਟ ਨਾ ਕੇਵਲ ਪੰਜਾਬ ਬਲਕਿ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆਂ ਨੂੰ ਸਾਚੇ ਗੁਰੂਆਂ ਦੀ ਵਿਚਾਰਧਾਰਾ ਪ੍ਰਤੀ ਪ੍ਰੇਰਿਤ ਕਰੇਗਾ।
ਪੈਟਲਸ ਦੇ ਪ੍ਰਧਾਨ ਸੁਖਚੈਨ ਸਿੰਘ ਨੇ ਕਿਹਾ ਕਿ ਉਹ ਈਕੋਸਿੱਖ ਸੰਸਥਾ ਦੇ ਧੰਨਵਾਦੀ ਹਨ ਜਿੰਨ੍ਹਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ 2019 ਵਿੱਚ 550ਵੇਂ ਪ੍ਰਕਾਸ਼ ਪੁਰਬ ਨੂੰ ਸਾਕਾਰਾਤਮਕ ਢੰਗ ਨਾਲ ਮਨਾਉਨਦਿਆਂ ਸਦੀਵੀਂ ਬਨਾਉਣ ਲਈ ਦੂਰ-ਅੰਦੇਸ਼ੀ ਟੀਚੇ ਮਿੱਥੇ ਗਏ ਹਨ।ਉਹਨਾਂ ਕਿਹਾ ਕਿ ਗੁਰਬਾਣੀ ਤੋਂ ਸੇਧ ਲੈ ਕੇ ਗੁਰੂ ਦੇ ਨਾਮ ਤੇ ਮਨੁੱਖਤਾ, ਧਰਤੀ, ਪਸ਼ੂਆਂ ਅਤੇ ਪ੍ਰਕਿਰਤੀ ਨੂੰ ਬਚਾਉਣ ਲਈ ਰੁੱਖ ਲਗਾਉਣ ਤੋਂ ਵੱਡੀ ਮਾਣ ਵਾਲੀ ਗੱਲ ਸ਼ਾਇਦ ਕੋਈ ਹੋ ਨਹੀਂ ਸਕਦੀ।
ਪੈਟਲਸ ਦੇ ਸੈਕਟਰੀ ਜਗਤਾਰ ਸਿੰਘ ਅਤੇ ਖਜਾਨਚੀ ਅਜਮੇਰ ਸਿੰਘ ਨੇ ਕਿਹਾ ਕਿ 14 ਮਾਰਚ 2012 ਨੂੰ ਪਿੰਡ ਪੱਤੋ ਹੀਰਾ ਸਿੰਘ ਦੇ ਨਿਵਾਸੀਆਂ ਅਤੇ ਪੈਟਲਸ ਸੰਸਥਾ ਨੇ ਡਾ. ਜਸਵਿੰਦਰ ਸਿੰਘ ਬਿਲਗਾ ਦੀ ਅਗਵਾਈ ਵਿੱਚ 13-ਏਕੜ ਜ਼ਮੀਨ ਵਿੱਚ ਵਾਤਾਵਰਣ ਦੀ ਸੁਰੱਖਿਆ ਦੇ ਮਨੋਰਥ ਨਾਲ ਕਾਰਜ ਸ਼ੁਰੂ ਕੀਤੇ ਸਨ।
ਜ਼ਿਕਰਯੋਗ ਹੈ ਕਿ ਈਕੋਸਿੱਖ ਸੰਸਥਾ ਵੱਲੋਂ ਸਮੂਹ ਸਿੰਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ਵਿੱਚ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬਦੇ ਮੌਕੇ ਸੰਸਾਰ ਭਰ ਵਿੰਚ 1820 ਸਥਾਨਾਂ ਤੇ 10 ਲੱਖ ਰੁੱਖ ਲਗਾਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਪਿੰਡਾਂ ਅਤੇ ਸ਼ਹਿਰਾਂ ਦੀਆਂ ਵੱਖ-ਵੱਖ ਸੰਸਥਾਵਾਂ ਵੰਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media