ਜੰਡਿਆਲਾ ਗੁਰੂ, 22 ਅਗਸਤ (ਪੰਜਾਬ ਪੋਸਟ- ਹਰਿਦਰ ਪਾਲ ਸਿੰਘ) – ਜਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਵਲਂੋ ਗੁਪਤ ਸੂਚਨਾ ਤੇ ਅਧਾਰ `ਤੇ ਪਿੰਡ ਗਾਉਂਸਾਬਾਦ ਰਾਮ ਤੀਰਥ ਰੋਡ ਅਤੇ ਪਨੂੰ ਡੇਅਰੀ ਕਾਲਿਆਂ ਵਾਲਾ ਮੋੜ ਨੇੜੇ ਮਾਹਲ ਵਿਖੇ ਮਿਲਾਵਟੀ ਦੁੱਧ, ਦਹੀ, ਪਨੀਰ, ਘਿਓ ਵੱਖ-ਵੱਖ ਜਿਲਿਆਂ ਵਿੱਚ ਸਪਲਾਈ ਕਰਨ ਵਾਲਿਆਂ ਤੇ ਛਾਪੇਮਾਰੀ ਕੀਤੀ ਗਈ।ਇਸ ਦੌਰਾਨ ਕਰੀਬ 50 ਲੱਖ ਰੁਪਏ ਦਾ ਮਿਲਾਵਟੀ ਸਾਮਾਨ ਜ਼ਬਤ ਕੀਤਾ ਗਿਆ।ਇਸ ਛਾਪੇਮਾਰੀ ਦੌਰਾਨ ਕੰਬੋ ਦੇ ਐਸ.ਐਚ.ਓ ਰਾਜਬੀਰ ਸਿੰਘ, ਫੂਡ ਸੇਫਟੀ ਅਫਸਰ ਸਿਮਰਨਜੀਤ ਸਿੰਘ ਅਤੇ ਮੈਡਮ ਗਗਨਦੀਪ ਕੌਰ ਵੀ ਸ਼ਾਮਲ ਸਨ।
ਡਾ. ਭਾਗੋਵਾਲੀਆ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਤੋਂ ਪਹਿਲਾਂ ਪਿੰਡ ਗਾਉਂਸਾਬਾਦ ਵਿਖੇ ਗਿੱਲ ਡੇਅਰੀ ਤੇ ਛਾਪੇਮਾਰੀ ਕੀਤੀ ਗਈ ਜਿਥੇ ਲਗਭਗ 25 ਕਿਲੋ ਦੀਆਂ 58 ਬੋਰੀਆਂ ਦੇ ਕਰੀਬ ਸੁੱਕਾ ਦੁੱਧ, 20 ਕਿਲੋ ਪਨੀਰ, 7 ਕੁਇੰਟਲ ਦੇਸੀ ਘਿਓ, 60 ਕਿਲੋ ਦਹੀ ਅਤੇ ਕਿਲੋ-ਕਿਲੋ ਦੇ 16 ਪੈਕਟ ਸੁੱਕਾ ਦੁੱਧ ਬਰਾਮਦ ਕੀਤਾ ਗਿਆ।ਉਨਾਂ ਦੱਸਿਆ ਕਿ ਇਹ ਸੁੱਕਾ ਦੁੱਧ (ਸਕਿਮਡ ਮਿਲਕ) ਦਹੀ, ਦੁੱਧ, ਪਨੀਰ ਅਤੇ ਘਿਓ ਬਨਾਉਣ ਲਈ ਵਰਤਿਆ ਜਾਂਦਾ ਸੀ।ਇਹ ਸਭ ਕੁੱਝ ਫੂਡ ਸਟੈਂਡਰਡ ਐਕਟ ਨਿਯਮਾਂ ਦੀ ਘੋਰ ਉਲੰਘਣਾ ਹੈ।ਉਨਾਂ ਦੱਸਿਆ ਕਿ ਇਸ ਡੇਅਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਡੇਅਰੀ ਵੱਲੋਂ ਤਿਆਰ ਕੀਤੀਆਂ ਗਈਆਂ 5 ਵੱਖ ਵੱਖ ਆਈਟਮਾਂ ਦੇ ਸੈਂਪਲ ਖਰੜ ਲੈਬਾਰਟਰੀ ਵਿਖੇ ਜਾਂਚ ਲਈ ਭੇਜ ਦਿੱਤੇ ਗਏ ਹਨ।
ਉਨਾਂ ਦੱਸਿਆ ਕਿ ਇਸ ਉਪਰੰਤ ਪਨੂੰ ਡੇਅਰੀ ਕਾਲਿਆਂ ਵਾਲਾ ਮੋੜ ਨੇੜੇ ਮਾਹਲ ਵਿਖੇ ਵੀ ਛਾਪੇਮਾਰੀ ਕੀਤੀ ਗਈ।ਇਸ ਦੌਰਾਨ ਪਨੂੰ ਡੇਅਰੀ ਤੋਂ 78 ਬੋਰੀਆ ਸੁੱਕਾ ਦੁੱਧ ਫੜਿਆ ਗਿਆ ਅਤੇ 150 ਕਿਲੋ ਮਿਕਸ ਦੁੱਧ, 150 ਕਿਲੋ ਦਹੀ, 35 ਕਿਲੋ ਪਨੀਰ, 20 ਕੁਇੰਟਲ ਘਿਓ ਜ਼ਬਤ ਕੀਤਾ ਗਿਆ।ਉਨਾਂ ਦੱਸਿਆ ਕਿ ਇਨਾਂ ਡੇਅਰੀਆਂ ਪਾਸ ਦੁੱਧ ਜਾਂ ਘਿਓ ਬਣਾਉਣ ਦਾ ਕੋਈ ਵੀ ਲਾਇਸੈਂਸ ਨਹੀਂ ਸੀ ਅਤੇ ਨਾ ਹੀ ਇਨਾਂ ਨੇ ਕਿਸੇ ਕਰਮਚਾਰੀ ਦਾ ਮੈਡੀਕਲ ਕਰਵਾਇਆ ਸੀ।ਉਨਾਂ ਕਿਹਾ ਕਿ ਇਹ ਡੇਅਰੀ ਵੀ ਸੀਲ ਕਰ ਦਿੱਤੀ ਗਈ ਹੈ ਅਤੇ ਇਸ ਦੇ 5 ਸੈਂਪਲ ਲੈ ਕੇ ਖਰੜ ਲੈਬਾਰਟਰੀ `ਚ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਰਿਪੋਰਟ ਆਉਣ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media