ਮੋਬਾਇਲ ਐਪਲੀਕੇਸ਼ਨ ਡਾਊਨਲੋਡ ਕਰਕੇ ਜ਼ਿਲ੍ਹਾ ਵਾਸੀ ਕਰ ਸਕਦੇ ਹਨ ਆਪਣੇ ਜ਼ਿਲ੍ਹੇ ਲਈ ਵੋਟ
ਬਠਿੰਡਾ, 25 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਭਾਰਤ ਸਰਕਾਰ ਵੱਲੋਂ ਸਵੱਛਤਾ ਸਰਵੇਖਣ ਗ੍ਰਾਮੀਣ 2018 ਕਰਵਾਇਆ ਜਾ ਰਿਹਾ ਹੈ।ਜਿਸ ਤਹਿਤ ਜ਼ਿਲੇ੍ਹ ਦਾ ਕੋਈ ਵੀ ਨਾਗਰਿਕ ਆਪਣਾ ਫੀਡਬੈਕ ਦੇ ਕੇ ਆਪਣੇ ਜ਼ਿਲ੍ਹਾ ਬਠਿੰਡਾ ਨੂੰ ਦੇਸ਼ ਭਰ ਅਤੇ ਸੂਬੇ ਵਿਚੋਂ ਜਿਤਾਉਣ ਵਿੱਚ ਆਪਣਾ ਯੋਗਦਾਨ ਦੇ ਸਕਦਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਨੀਤ ਨੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਆਪਣੇ ਜ਼ਿਲੇ੍ਹ ਲਈ ਵੋਟ ਕਰਨ ਦੀ ਅਪੀਲ ਕੀਤੀ ਹੈ।ਉਨਾਂ ਦੱਸਿਆ ਕਿ ਇਸ ਲਈ ਕੋਈ ਵੀ ਗੁਗਲ ਪਲੇਅ ਸਟੋਰ ਤੋਂ ‘ਸਵੱਛ ਸਰਵੇਖਣ ਗ੍ਰਾਮੀਣ 2018’ ਐਪ ਡਾਊਨਲੋਡ ਕਰਕੇ ਇਸ ਸਰਵੇਖਣ ਵਿੱਚ ਆਪਣਾ ਵੋਟ ਦਰਜ ਕਰਵਾ ਸਕਦਾ ਹੈ।ਉਨ੍ਹਾਂ ਕਿਹਾ ਕਿ ਐਪ ਡਾਊਨਲੋਡ ਕਰਨ ’ਤੇ ਐਪ ਵੱਲੋਂ ਕੁੱਝ ਪ੍ਰਵਾਨਗੀਆਂ ਮੰਗੇ ਜਾਣ ਤੋਂ ਬਾਅਦ ਭਾਸ਼ਾ ਦੀ ਚੋਣ ਦਾ ਲਿੰਕ ਮਿਲੇਗਾ ਜਿਥੋਂ ਆਪਣੀ ਮਨਪਸੰਦ ਭਾਸ਼ਾ ਚੁਣ ਕੇ ਅਗਲੇ ਪੇਜ਼ ’ਤੇ ਜਾਇਆ ਜਾਂਦਾ ਹੈ।ਜਿਥੋਂ ਦੇਸ਼ ਦੇ ਸਮੂਹ ਰਾਜਾਂ ਦੀ ਸੂਚੀ ਵਿਚੋਂ ਆਪਣਾ ਰਾਜ ‘ਪੰਜਾਬ’ ਚੁਣ ਕੇ ਜ਼ਿਲ੍ਹਾ ‘ਬਠਿੰਡਾ’ ਨੂੰ ਚੁਣੋ ਅਤੇ ਫਿਰ ਜ਼ਿਲੇ੍ਹ ’ਚ ਸਵੱਛਤਾ ਸਬੰਧੀ ਪੁੱਛੇ ਗਏ ਚਾਰ ਸਵਾਲਾਂ ਦੇ ਜਵਾਬ ਦੇ ਕੇ ਅਸੀਂ ਆਪਣੀ ਪ੍ਰਤੀਕ੍ਰਿਆ ਦਰਜ ਕਰਵਾ ਸਕਦੇ ਹਾਂ। ਇਸ ਤੋਂ ਬਾਅਦ ਐਪ ਵੱਲੋਂ ਭਾਗ ਲੈਣ ਵਾਲੇ ਦੀ ਉਮਰ, ਸਿੱਖਿਆ ਅਤੇ ਕੰਮ-ਕਾਜ ਸਬੰਧੀ ਜਾਣਕਾਰੀ ਮੰਗੀ ਜਾਂਦੀ ਹੈ, ਜਿਸ ਵਿੱਚ ਸਹੀ ਦੇ ਨਿਸ਼ਾਨ ’ਤੇ ਟਿਕ ਕਰਕੇ ਆਪਣੀ ਸੂਚਨਾ ਦਰਜ ਕਰਵਾਈ ਜਾ ਸਕਦੀ ਹੈ ਜੋ ਕਿ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਹ ਮੋਬਾਈਲ ਐਪ ਡਾਊਨਲੋਡ ਕਰਕੇ ਆਪਣੇ ਜ਼ਿਲੇ੍ਹ ਨੂੰ ਇਸ ਮੁਕਾਬਲੇ ਵਿੱਚੋਂ ਜੇਤੂ ਬਣਾਉਣ ਲਈ ਆਪਣੀ ਪ੍ਰਤੀਕ੍ਰਿਆ ਦੇਣ। ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਵੱਲੋਂ ਲਗਾਤਾਰ ਦਿਹਾਤੀ ਖੇਤਰਾਂ ਵਿੱਚ ਸਾਫ਼-ਸਫ਼ਾਈ ਦੇ ਯਤਨ ਹੋ ਰਹੇ ਹਨ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੀ ਵੱਖ-ਵੱਖ ਵਿਭਾਗਾਂ ਵੱਲੋਂ ਜ਼ਿਲੇ੍ਹ ਵਿੱਚ ਸਾਫ਼-ਸਫ਼ਾਈ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
Punjab Post Daily Online Newspaper & Print Media