ਬਠਿੰਡਾ, 25 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬੀਆਂ ਦੀ ਨਰੋਈ ਸਿਹਤ ਨੂੰ ਕਾਇਮ ਰੱਖਣ ਲਈ ਚਲਾਏ ਜਾ ਰਹੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਅੱਜ ਵੱਖ-ਵੱਖ ਸਰਕਾਰੀ ਸਕੂਲਾਂ ’ਚ 2 ਕਿਲੋਮੀਟਰ ਦੀ ਲੰਬਾਈ ਤੱਕ ਮੈਰਾਥਨ ਦੌੜਾਂ ਕਰਵਾਈਆਂ ਗਈਆਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਕੋਠਾ ਗੁਰੂ, ਭਗਵਾਨਗੜ੍ਹ, ਬਹਿਮਣ ਦੀਵਾਨਾ, ਮੌੜ ਖੁਰਦ ਆਦਿ ਵਿਖੇ ਵਿਦਿਆਰਥੀਆਂ ਨੇ ਇਸ ਦੌੜ ’ਚ ਹਿੱਸਾ ਲਿਆ। 29 ਅਗਸਤ ਨੂੰ ਵੱਡੇ ਪੱਧਰ ’ਤੇ ਸਾਰੇ ਜ਼ਿਲ੍ਹੇ ’ਚ ਸਕੂਲੀ ਵਿਦਿਆਰਥੀਆਂ ਦੀ ਮੈਰਾਥਨ ਕਰਵਾਈ ਜਾਣੀ ਹੈ। ਜਿਹੜੇ ਸਕੂਲ ਕਿਸੇ ਦੂਸਰੇ ਰੁਝੇਵਿਆਂ ਕਾਰਣ 29 ਅਗਸਤ ਨੂੰ ਇਹ ਮੈਰਾਥਨ ਨਹੀਂ ਕਰਵਾ ਸਕਣਗੇ, ਉਨ੍ਹਾਂ ਨੂੰ ਸਿੱਖਿਆ ਵਿਭਾਗ ਵਲੋਂ ਹਦਾਇਤ ਦਿੱਤੀ ਗਈ ਹੈ ਕਿ ਉਹ ਇਹ ਮੈਰਾਥਨ ਪਹਿਲਾਂ ਹੀ ਕਰਵਾ ਲੈਣ। ਇਸੇ ਤਰ੍ਹਾਂ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਬਲਾਕ ਤਲਵੰਡੀ ਸਾਬੋ ਵਿਖੇ ਨਸ਼ਾ ਰੋਕੂ ਅਫ਼ਸਰਾਂ ਅਤੇ ਪੁਲਿਸ ਦੀ ਬੈਠਕ ਕੀਤੀ ਗਈ। ਇਹ ਅਹਿਮ ਬੈਠਕ ’ਚ ਸਾਰੇ ਨਸ਼ਾ ਰੋਕੂ ਅਫ਼ਸਰਾਂ ਨੇ ਨਸ਼ਾ ਖਤਮ ਕਰਨ ਸਬੰਧੀ ਆਪਣੇ ਵਡਮੁੱਲੇ ਸੁਝਾਅ ਸਾਂਝੇ ਕੀਤੇ।
ਇਸੇ ਤਰ੍ਹਾਂ ਪਿੰਡ ਚੱਠੇਵਾਲਾ, ਜੀਵਨ ਸਿੰਘ ਵਾਲਾ, ਨੱਤ, ਸੁਖਲੱਧੀ, ਕਲਾਲਵਾਲਾ, ਲੈਲੇਵਾਲਾ, ਨਸੀਬਪੁਰਾ, ਕੋਟਬਖਤੂ, ਗੁਰੂਸਰ ਜਗਾ ਆਦਿ ਵਿਖੇ ਵੀ ਇਸ ਤਰ੍ਹਾਂ ਦੀਆਂ ਬੈਠਕਾਂ ਆਯੋਜਿਤ ਕੀਤੀਆਂ ਗਈਆਂ।ਮਿਸ਼ਨ ਤੰਦਰੁਸਤ ਪੰਜਾਬ ਤਹਿਤ ਉਦਯੋਗ ਵਿਭਾਗ ਵਲੋਂ ਰਣਜੀਤ ਇੰਡਸਟਰੀ ਬੰਬੀਹਾ ਅਤੇ ਭਗਵਤੀ ਰੋਲਰ ਫਲੋਰ ਮਿੱਲ ਡੱਬਵਾਲੀ ਰੋਡ ਬਲਾਕ ਸੰਗਤ ਵਿਖੇ ਵਾਤਾਵਰਣ ਦੀ ਸਾਂਭ ਅਤੇ ਬੂਟੇ ਲਗਾਉਣ ਸਬੰਧੀ ਪ੍ਰੇਰਿਆ ਗਿਆ।ਮੁੱਖ ਖੇਤੀਬਾੜੀ ਅਫ਼ਸਰ ਗੁਰਾਦਿੱਤਾ ਸਿੰਘ ਨੇ ਪਿੰਡ ਸ਼ੇਖਪੁਰਾ, ਤਲਵੰਡੀ ਸਾਬੋ ਅਤੇ ਮੌੜ ਇਲਾਕਿਆਂ ’ਚ ਨਰਮੇ ਦੀ ਫ਼ਸਲ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਸੀਜਨ ਦੌਰਾਨ ਨਰਮੇ ਦੀ ਪੈਦਾਵਾਰ ਚੰਗੀ ਹੋਣ ਦੀ ਉਮੀਦ ਹੈ।ਮਿਸ਼ਨ ਤੰਦਰੁਸਤ ਪੰਜਾਬ ਹੇਠ ਨਗਰ ਪੰਚਾਇਤ ਮਹਿਰਾਜ ਵਿਖੇ ਜਨਤਕ ਪਖ਼ਾਨਿਆਂ ਦੀ ਸਫ਼ਾਈ ਕਰਵਾਈ ਗਈ।ਨਥਾਣਾ ਵਿਖੇ ਨਾਲੀਆਂ ਦੀ ਸਫ਼ਾਈ ਕਰਵਾਈ ਗਈ ਅਤੇ ਮੰਡੀ ਕਲਾਂ ਵਿਖੇ ਗਲੀਆਂ ਅਤੇ ਨਾਲੀਆਂ ਦੀ ਸਫ਼ਾਈ ਕਰਵਾਈ ਗਈ। ਲਹਿਰਾ ਮੁਹੱਬਤ ਵਿਖੇ ਵੱਖ-ਵੱਖ ਥਾਵਾਂ ’ਤੇ ਲੱਗੇ ਪੌਦਿਆਂ ਨੂੰ ਪਾਣੀ ਵੀ ਦਿੱਤਾ ਗਿਆ।
Check Also
ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵਲੋਂ ਇੰਸਟ੍ਰਕਟਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
ਅੰਮ੍ਰਤਿਸਰ, 27 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) -ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਲਾਈਫ ਲੌਂਗ ਲਰਨਿੰਗ …
Punjab Post Daily Online Newspaper & Print Media