ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਲਈ ਇੱਕ ਬੁਨਿਆਦੀ ਜੀਵਨ ਸਹਾਇਤਾ ਕੌਸ਼ਲ ਸਿਖਲਾਈ ਪ੍ਰੋਗਰਾਮ ਅੱਜ ਇਥੇ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਦਾ ਉਦੇਸ਼ ਜਿੰਦਗੀ ਬਚਾਉਣ ਵਾਸਤੇ ਦਿੱਤੀ ਜਾਂਦੀ ਮੁਢਲੀ ਸਹਾਇਤਾ ਬਾਰੇ ਸਿਖਲਾਈ ਦੇਣਾ ਸੀ। ਇਸ ਮੌਕੇ ਵੱਡੀ ਗਿਣਤੀ ਵਿਚ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀਆਂ ਨੇ ਭਾਗ ਲਿਆ ਅਤੇ ਵਿਸ਼ਾ ਮਾਹਿਰ ਨਾਲ ਵਿਚਾਰ ਕੀਤੀ।
ਇਹ ਪ੍ਰੋਗਰਾਮ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਇਆ ਗਿਆ। ਪ੍ਰਸਿੱਧ ਡਾਕਟਰ ਡਾ. ਰਮਨ ਚਤਰਥ, ਐਮ.ਡੀ ਨੇ ਇਸ ਮੌਕੇ ਵਿਸ਼ਾ ਮਾਹਿਰ ਵਜੋਂ ਸ਼ਿਰਕਤ ਕੀਤੀ ਅਤੇ ਦਿਲ ਦੀਆਂ ਬੀਮਾਰੀਆਂ ਨਾਲ ਸਬੰਧਤ ਜਾਣਕਾਰੀ ਮੁਹਈਆ ਕੀਤੀ।ਉਨ੍ਹਾਂ ਹਾਰਟ ਅਟੈਕ ਆਉਣ ਮੌਕੇ ਮੈਡੀਕਲ ਸਹਾਇਤਾ ਉਪਲਬਧ ਹੋਣ ਤੱਕ ਐਮਰਜੈਂਸੀ ਪ੍ਰਬੰਧ ਕਰਨ ਲਈ ਸਿਖਲਾਈ ਦਿੱਤੀ।
ਡਾ. ਰਮਨ ਚਤਰਥ ਨੇ ਕਿਹਾ ਕਿ ਬੁਨਿਆਦੀ ਜੀਵਨ ਸਹਾਇਤਾ ਕਿਸੇ ਪੱਧਰ `ਤੇ ਵਡਮੁੱਲੀ ਹੁੰਦੀ ਹੈ ਜੋ ਕਿ ਜਾਨਲੇਵਾ ਬਿਮਾਰੀਆਂ ਜਾਂ ਸੱਟਾਂ ਦੇ ਪੀੜਤਾਂ ਨੂੰ ਹਸਪਤਾਲ ਪੁਚਾਉਣ ਤੋਂ ਪਹਿਲਾਂ ਦਿੱਤੀ ਜਾਵੇ ਤਾਂ ਮਰੀਜ ਦੀ ਮਦਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਜਾਨ ਬਚਾਉਣ ਦੀਆਂ ਤਕਨੀਕਾਂ ਬਾਰੇ ਗਿਆਨ ਹੋਵੇ ਤਾਂ ਅਸੀਂ ਕੀਮਤੀ ਜਾਨਾਂ ਬਚਾਅ ਸਕਦੇ ਹਾਂ।
ਕਾਰਡੀਓ ਪਲਮਨਰੀ ਰੀਜ਼ਸੀਟੇਸ਼ਨ (ਸੀ.ਪੀ.ਆਰ) ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੀ.ਪੀ.ਆਰ. ਇੱਕ ਜੀਵਨ-ਬਚਾਉਣ ਦੀ ਤਕਨੀਕ ਹੈ ਜਿਸ ਦੀ ਵਰਤੋਂ ਪਹਿਲੇ ਤਿੰਨ ਜਾਂ ਪੰਜ ਮਿੰਟਾਂ ਵਿਚ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਦਾ ਦਿਲ ਦੀ ਹਰਕਤ ਬੰਦ ਹੋ ਜਾਵੇ। ਕੁੱਝ ਹਾਲਤਾਂ, ਜਿਵੇਂ ਕਿ ਗੰਭੀਰ ਦਿਲ ਦਾ ਦੌਰਾ, ਡੁੱਬਣ, ਬਿਜਲੀ ਦੇ ਝਟਕੇ, ਜ਼ਹਿਰ, ਓਵਰਡੋਜ਼ ਅਤੇ ਗੰਭੀਰ ਸੱਟਾਂ ਦੌਰਾਨ ਸੀ.ਪੀ.ਆਰ ਕਾਮਯਾਬੀ ਨਾਲ ਮੁਢਲੀ ਸਹਾਇਤਾ ਦੇਣ ਵਿਚ ਸਮਰੱਥ ਹੈ।
ਉਨ੍ਹਾਂ ਨੇ ਕਿਹਾ ਕਿ ਸੀ.ਪੀ.ਆਰ ਸਿੱਖਣਾ ਆਸਾਨ ਹੈ ਅਤੇ ਇਹ ਇਕ ਅਜਿਹਾ ਹੁਨਰ ਹੈ ਜਿਸ ਬਾਰੇ ਸਭ ਨੂੰ ਪਤਾ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਡਾ ਫੁਰਸਤ ਵਿਹੁਣਾ ਜੀਵਨ ਅਤੇ ਸਾਡੀ ਜੀਵਨ-ਸ਼ੈਲੀ ਵਿੱਚ ਬਦਲਾਵ ਕਰਕੇ ਅਜੋਕੇ ਦੌਰ ਵਿਚ ਵੱਖ-ਵੱਖ ਤਰ੍ਹਾਂ ਦੇ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਅਤੇ ਦਿਲ ਦੇ ਦੌਰੇ ਸਾਡੇ ਲਈ ਇੱਕ ਆਮ ਸ਼ਬਦ ਬਣ ਗਏ ਹਨ।ਉਨ੍ਹਾਂ ਸਲਾਹ ਦਿੱਤੀ ਕਿ ਸਾਨੂੰ ਰੋਜ਼ ਮਰਾ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਲੋੜੀਂਦੇ ਪਰਹੇਜ ਅਪਨਾਉਣੇ ਚਾਹੀਦੇ ਹਨ।
ਡਾ. ਚਤਰਥ ਨੇ ਇਸ ਮੌਕੇ ਆਪਣੀ ਟੀਮ ਨਾਲ ਸਭ ਨੂੰ ਹੱਥੀਂ ਸਿਖਲਾਈ ਵੀ ਦਿੱਤੀ।ਐਮਰਜੈਂਸੀ ਹਾਲਤਾਂ ਵਿਚ ਵਰਤੀ ਜਾਂਦੀ ਜੀਵਨ ਬਚਾਉ ਮਸ਼ੀਨ (ਏ.ਈ.ਡੀ) ਵਰਤੋਂ ਬਾਰੇ ਜਾਣਕਾਰੀ ਵੀ ਦਿੱਤੀ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media