Wednesday, March 4, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਯਾਦ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ 10 ਨੂੰ

ਨਵੀਂ ਦਿੱਲੀ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ, ਸ਼ਬਦ ਗੁਰੂ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਹੋਏ ਪਹਿਲੇ ਪ੍ਰਕਾਸ਼ ਦੀ ਯਾਦ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸੋਮਵਾਰ 10 ਸਤੰਬਰ (25 ਭਾਦੋਂ) ਨੂੰ ਸਵੇਰੇ ਅੰਮ੍ਰਿਤ ਵੇਲੇ ਤੋਂ ਰਾਤ ਦੇਰ ਤਕ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
 ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦੱਸਿਆ ਕਿ ਇਸ ਗੁਰਮਤਿ ਸਮਾਗਮ ਦੀ ਅਰੰਭਤਾ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਹੋਵੇਗੀ।ਉਪਰੰਤ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਜੀਤ ਸਿੰਘ ਕੁਲਬੀਰ ਸਿੰਘ ਦਾ ਕੀਰਤਨੀ ਜੱਥਾ ਆਸਾ ਦੀ ਵਾਰ ਦਾ ਕੀਰਤਨ ਕਰੇਗਾ ਤੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਬਲਜਿੰਦਰ ਸਿੰਘ ਗੁਰ ਸ਼ਬਦ ਦੀ ਕਥਾ ਰਾਹੀਂ ਮਨੁੱਖਾ ਜੀਵਨ ਵਿੱੱਚ ਬਾਣੀ ਦੀ ਮਹਤੱਤਾ ਦੇ ਸੰਬੰਧ ਵਿੱਚ ਵਿਸਥਾਰ ਨਾਲ ਜਾਣਕਾਰੀ ਦੇਣਗੇ।ਉਪਰੰਤ ਭਾਈ ਸਤਵਿੰਦਰ ਸਿੰਘ ਸਰਤਾਜ (ਗੁ. ਸੀਸਗੰਜ ਸਾਹਿਬ), ਭਾਈ ਬਲਬੀਰ ਸਿੰਘ (ਚੰਡੀਗੜ੍ਹ), ਭਾਈ ਨਰਿੰਦਰ ਸਿੰਘ (ਬਨਾਰਸ), ਭਾਈ ਮਨਪ੍ਰੀਤ ਸਿੰਘ (ਕਾਨਪੁਰੀ) ਅਤੇ ਭਾਈ ਅਰੁਣਪਾਲ ਸਿੰਘ (ਗੁ. ਸੀਸਗੰਜ ਸਾਹਿਬ) ਆਦਿ ਕੀਰਤਨੀ ਜਥੇ ਗਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਸੇਵਾ ਪੰਥੀ ਬਾਬਾ ਬਚਨ ਸਿੰਘ (ਕਾਰਸੇਵਾ) ਸੰਗਤਾਂ ਨੂੰ ਨਾਮ ਸਿਮਰਨ ਕਰਵਾ ਗੁਰੂ ਚਰਨਾਂ ਨਾਲ ਜੋੜਨਗੇ। ਇਸ ਮੌਕੇ ਹੋ ਰਹੇ ਕਵੀ ਦਰਬਾਰ ਵਿੱਚ ਪੰਜਾਬੀ ਦੇ ਪ੍ਰਮੁੱਖ ਕਵੀ ਆਪਣੀਆਂ ਸੱਜਰੀਆਂ ਕਾਵਿ ਰਚਨਾਵਾਂ ਪੇਸ਼ ਕਰ ਅਤੇ ਢਾਡੀ ਜੱਥਾ ਭਾਈ ਅਮਰਿੰਦਰ ਸਿੰਘ ਤਾਲਬ ਢਾਡੀ ਪ੍ਰਸੰਗ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਪਹਿਲੇ ਪ੍ਰਕਾਸ਼ ਦੀ ਇਤਿਹਾਸਕਤਾ ਤੋਂ ਜਾਣੂ ਕਰਵਾਣਗੇ।ਰਾਣਾ ਨੇ ਹੋਰ ਦਸਿਆ ਕਿ ਇਸ ਮੌਕੇ ਪੰਥਕ ਆਗੂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਸੰਗਤਾਂ ਦੇ ਦਰਸ਼ਨ ਕਰ, ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ।
 

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply