ਪੰਜਾਬ ਸਰਕਾਰ ਦੇ ਸੇਵਾ ਮੁਕਤ ਮੁਲਾਜ਼ਮਾਂ ਲਈ ਲਾਈ ਪੈਨਸ਼ਨ ਅਦਾਲਤ
ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਅੱਜ ਹਰੇਕ ਜ਼ਿਲ੍ਹਾ ਹੈਡਕੁਆਰਟਰ ’ਤੇ ਆਪਣੇ ਸੇਵਾਮੁਕਤ ਮੁਲਾਜ਼ਮਾਂ ਦੀ ਪੈਨਸ਼ਨ ਸਬੰਧੀ ਮੁਸ਼ਕਿਲਾਂ/ ਸ਼ਿਕਾਇਤਾਂ ਦੇ ਨਿਪਟਾਰੇ ਲਈ ਲਾਈਆਂ ਗਈਆਂ ਪੈਨਸ਼ਨ ਅਦਾਲਤਾਂ ਦੀ ਲੜੀ ’ਚ ਅੰਮਿਤਸਰ ਦੇ ਜਿਲ੍ਹਾ ਪ੍ਰੀਸ਼ਦ ਹਾਲ ਮੀਟਿੰਗ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਿਮਾਂਸ਼ੂ ਅਗਰਵਾਲ ਅਤੇ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤ ਦੀ ਅਗਵਾਈ ਹੇਠ ਪੈਨਸ਼ਨ ਅਦਾਲਤ ਲਾਈ ਗਈ।
ਪੈਨਸ਼ਨ ਅਦਾਲਤ ਦੌਰਾਨ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਪੈਨਸ਼ਨ ਅਦਾਲਤਾਂ ਦਾ ਮੰਤਵ ਸੇਵਾਮੁਕਤੀ ਹਾਸਲ ਕਰ ਚੁੱਕੇ ਮੁਲਾਜ਼ਮਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਵੱਖ-ਵੱਖ ਦਫ਼ਤਰਾਂ ’ਚ ਜਾਣ ਦੀ ਬਜਾਏ ਇੱਥੇ ਹੀ ਸਮੂਹ ਵਿਭਾਗਾਂ ਨੂੰ ਇੱਕ ਛੱਤ ਥੱਲੇ ਬੁਲਾ ਕੇ ਹੱਲ ਕਰਵਾਉਣਾ ਹੈ।ਉਨ੍ਹਾਂ ਦੱਸਿਆ ਕਿ ਲਾਈ ਗਈ ਪੈਨਸ਼ਨ ਅਦਾਲਤ ਦੌਰਾਨ ਆਏ ਪੈਨਸ਼ਨ ਸਬੰਧੀ ਮਾਮਲਿਆਂ ਨੂੰ ਮਹਾਂ ਲੇਖਾਕਾਰ ਪੰਜਾਬ, ਚੰਡੀਗੜ੍ਹ ਦੇ ਨੁਮਾਇੰਦੇ, ਜ਼ਿਲ੍ਹਾ ਖਜ਼ਾਨਾ ਅਫ਼ਸਰ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਤੇ ਵੱਖ-ਵੱਖ ਬੈਂਕਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਅਗਰਵਾਲ ਨੇ ਦੱਸਿਆ ਕਿ ਇਸ ਪੈਨਸ਼ਨ ਅਦਾਲਤ ਵਿੱਚ 27 ਕੇਸ ਪ੍ਰਾਪਤ ਹੋਏ ਸਨ ਜਿੰਨਾਂ ਵਿੱਚੋਂ 25 ਕੇਸਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿਤਾ ਗਿਆ ਸੀ।ਇਕ ਪੈਨਸਨ ਕੇਸ ਜਲੰਧਰ ਨਾਲ ਸਬੰਧਤ ਸੀ ਅਤੇ ਇਕ ਕੇਸ ਮੈਡੀਕਲ ਸਰਟੀਫਿਕੇਟ ਨਾਲ ਸਬੰਧਤ ਸੀ।ਇਸ ਪੈਨਸ਼ਨ ਅਦਾਲਤ ਵਿੱਚ ਮਹਾਂਲੇਖਕਾਰ ਪੰਜਾਬ ਤੋਂ ਭੋਪਾਲ ਸਿੰਘ ਏ.ਏ.ਓ, ਪ੍ਰਵੀਨ ਕੁਮਾਰ ਸੀਨੀਅਰ ਅਕਾਉਂਟ ਅਫਸਰ, ਅਮਨ ਮੈਣੀ ਜਿਲਾ ਖਜਾਨਾ ਅਫਸਰ ਤੋਂ ਇਲਾਵਾ ਸਾਰੇ ਵਿਭਾਗਾਂ ਦੇ ਮੁਖੀ ਹਾਜਰ ਸਨ।
Punjab Post Daily Online Newspaper & Print Media