ਡਿਪਟੀ ਕਮਿਸ਼ਨਰ ਵੱਲੋਂ ਟੀਮਾਂ ਨੂੰ ਸਖਤ ਹਦਾਇਤਾਂ
ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਡਿਪਟੀ ਕਮਿਸਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਜਿਲ੍ਹੇ ਵਿਚ ਕੰਮ ਕਰ ਰਹੀਆਂ ਟੀਮਾਂ ਨੇ ਰਾਸ਼ਟਰੀ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੀਆਂ ਹਦਾਇਤਾਂ, ਜਿਸ ਵਿਚ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਸਖਤ ਮਨਾਹੀ ਕੀਤੀ ਗਈ ਹੈ, ’ਤੇ ਅਮਲ ਕਰਦੇ ਹੋਏ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਭਾਰੀ ਜੁਰਮਾਨੇ ਕੀਤੇ ਹਨ।
ਖੇਤੀਬਾੜੀ ਅਧਿਕਾਰੀ ਡਾ. ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਰਾਸ਼ਟਰੀ ਗਰੀਨ ਟ੍ਰਿਬਿਊਨਲ ਵੱਲੋਂ ਝੋਨੇ ਦੀ ਪਰਾਲੀ ਨੰੂ ਸਾੜਨ ’ਤੇ ਮੁੰਕਮਲ ਪਾਬੰਦੀ ਲਗਾਈ ਗਈ ਹੈ, ਪਰ ਜਿਲ੍ਹੇ ਵਿਚ ਅਗੇਤਾ ਝੋਨਾ ਵੱਢਣ ਵਾਲੇ ਕਿਸਾਨਾਂ ਨੇ ਇਨਾਂ ਹੁਕਮਾਂ ਦੀ ਅਦੂਲੀ ਕੀਤੀ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਿਲ੍ਹੇ ਵਿਚ ਅੱਗ ਰੋਕਣ ਲਈ ਕੰਮ ਕਰ ਰਹੀਆਂ ਟੀਮਾਂ ਨੇ ਕਿਸਾਨਾਂ ਨੂੰ ਉਲੰਘਣਾ ਕਰਨ ’ਤੇ ਭਾਰੀ ਜੁਰਮਾਨੇ ਕੀਤੇ ਹਨ।ਉਨਾਂ ਦੱਸਿਆ ਕਿ ਬਲਾਕ ਮਜੀਠਾ ਦੇ ਪਿੰਡ ਨੰਗਲ ਪੰਨੂਆ ਦੇ ਕਿਸਾਨ ਜਗੀਰ ਸਿੰਘ ਪੁੱਤਰ ਅਜੀਤ ਸਿੰਘ, ਗੁਰਮੀਤ ਸਿੰਘ ਪੁੱਤਰ ਅਜੀਤ ਸਿੰਘ ਪਿੰਡ ਨਾਗ ਕਲਾਂ ਦੇ ਕਿਸਾਨ ਧਰਮ ਸਿੰਘ ਪੁੱਤਰ ਚਾਨਣ ਸਿੰਘ, ਬਲਜਿੰਦਰ ਸਿੰਘ ਪੁੱਤਰ ਅਜੀਤ ਸਿੰਘ, ਕੁਲਵੰਤ ਸਿੰਘ ਪੁੱਤਰ ਮੰਗਲ ਸਿੰਘ ਪਿੰਡ ਰੱਖ ਨਾਗ ਦੇ ਕਿਸਾਨ ਰਣਜੀਤ ਸਿੰਘ ਪੁੱਤਰ ਬਲਵੰਤ ਸਿੰਘ ਇਸੇ ਤਰਾਂ ਬਲਾਕ ਜੰਡਿਆਲਾ ਗੁਰੂ ਪਿੰਡ ਤਲਵੰਡੀ ਡੋਗਰਾ ਦੇ ਕਿਸਾਨ ਰਾਜਬਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ, ਦਿਆਲ ਸਿੰਘ ਪੁੱਤਰ ਸੋਹਣ ਸਿੰਘ ਪਿੰਡ ਵਡਾਲਾ ਜੋਹਲ ਦੇ ਕਿਸਾਨ ਕੇਵਲ ਸਿੰਘ, ਇਸੇ ਤਰਾਂ ਪਿੰਡ ਜੰਡ ਦੇ ਕਿਸਾਨ ਸੰਤੋਖ ਸਿੰਘ, ਮੱਘਰ ਸਿੰਘ, ਸੇਵਾ ਸਿੰਘ ਆਦਿ ਕਿਸਾਨਾਂ ਨੂੰ ਪਰਾਲੀ ਸਾੜਨ ਕਰਕੇ ਜੁਰਮਾਨੇ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਅੱਜ ਵੀ ਡਿਪਟੀ ਕਮਿਸ਼ਨਰ ਸੰਘਾ ਨੇ ਟੀਮਾਂ ਦੀ ਵਿਸ਼ੇਸ਼ ਮੀਟਿੰਗ ਕਰਕੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਕਿਸਾਨ ਪਰਾਲੀ ਸਾੜ ਕੇ ਵਾਤਾਵਰਨ ਨੂੰ ਗੰਦਲਾ ਕਰੇਗਾ ਅਤੇ ਧਰਤੀ, ਮਨੁੱਖਤਾ ਹੋਰ ਜੀਵ-ਜੰਤੂਆਂ ਨੰੂ ਹਾਨੀ ਪਹੰੁਚਾਏਗਾ, ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨਾਂ ਇਸ ਕੰਮ ਵਿਚ ਲੱਗੀਆਂ ਸਾਰੀਆਂ ਟੀਮਾਂ ਨੂੰ ਸਪੱਸ਼ਟ ਕੀਤਾ ਕਿ ਉਹ ਇਸ ਕੰਮ ਵਿਚ ਜ਼ਰਾ ਵੀ ਢਿੱਲ ਨਾ ਕਰਨ ਅਤੇ ਜਿਥੇ ਵੀ ਸੂਚਨਾ ਮਿਲਦੀ ਹੈ, ਉਥੇ ਪਹੁੰਚ ਕੇ ਕਿਸਾਨ ਨੂੰ ਬਣਦਾ ਜੁਰਮਾਨਾ ਕਰਨ।ਸੰਘਾ ਨੇ ਸਾਰੇ ਐਸ.ਡੀ.ਐਮ ਨੂੰ ਵਿਸ਼ੇਸ਼ ਹਦਾਇਤ ਦਿੱਤੀ ਕਿ ਉਹ ਇੰਨਾਂ ਟੀਮਾਂ ਦੀ ਅਗਵਾਈ ਕਰਨ ਅਤੇ ਲੋੜ ਪੈਣ ’ਤੇ ਇੰਨਾਂ ਦੀ ਮਦਦ ਲਈ ਤਰੁੰਤ ਪਹੁੰਚਣ।
Punjab Post Daily Online Newspaper & Print Media