ਮਾਕਾ ਟਰਾਫੀ ਖਿਡਾਰੀ-ਵਿਦਿਆਰਥੀਆਂ ਦੀ ਸਖਤ ਮਿਹਨਤ ਦਾ ਨਤੀਜਾ – ਵਾਈਸ-ਚਾਂਸਲਰ
ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭਾਗਾਂ ਭਰੇ ਵਿਹੜੇ ਵਿਚ ਅੱਜ ਉਦੋਂ ਖੁਸ਼ੀਆਂ ਸਾਂਭੀਆਂ ਨਹੀਂ ਜਾ ਰਹੀਆਂ ਸਨ ਜਦੋਂ 6 ਸਾਲਾਂ ਦੇ ਵਕਫੇ ਬਾਅਦ ਦੇਸ਼ ਦੀ ਖੇਡਾਂ ਦੀ ਸੱਭ ਤੋਂ ਵਕਾਰੀ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਇਥੇ ਪੁੱਜੀ।ਯੂਨੀਵਰਸਿਟੀ ਦੇ ਮੁੱਖ ਗੇਟ `ਤੇ ਖੁਲ੍ਹੀ ਗੱਡੀ ਵਿਚ ਰੱਖੀ ਟਰਾਫੀ ਨੂੰ ਵੇਖ ਕੇ ਖਿਡਾਰੀਆਂ, ਵਿਦਿਆਰਥੀਆਂ ਅਤੇ ਖਿਡਾਰੀ-ਕੋਚ, ਯੂਨੀਵਰਸਿਟੀ ਦਾ ਸਾਰਾ ਅਮਲਾ ਅਤੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਖੁਸ਼ੀ ਨਾਲ ਖੀਵੇ ਹੋ ਰਹੇ ਸਨ।ਖਿਡਾਰੀਆਂ ਨੇ ਢੋਲ ਦੇ ਡੱਗੇ `ਤੇ ਬੋਲੀਆਂ ਅਤੇ ਭੰਗੜੇ ਪਾ ਕੇ ਖੂਬ ਖੁਸ਼ੀ ਮਨਾਈ। ਫੁੱਲਾਂ ਨਾਲ ਸਿੰ਼ਗਾਰੀ ਇਕ ਗੱਡੀ ਤੇ ਟਰਾਫੀ ਸਜਾਈ ਗਈ ਸੀ ਜਿਸ ਨਾਲ ਕੋਚ ਤੇ ਉਚ ਅਧਿਕਾਰੀ ਖੜ੍ਹੇ ਸਨ ਜਦੋਂ ਕਿ ਦੂਸਰੀ ਸਿ਼ਗਾਰੀ ਜਿਪਸੀ ਵਿਚ ਉਹ ਖਿਡਾਰੀ ਸਨ ਜਿੰਨ੍ਹਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਕੀਤੀਆਂ ਪ੍ਰਾਪਤੀਆਂ ਸਦਕਾ ਇਹ ਟਰਾਫੀ ਦੇਸ਼ ਦੇ ਰਾਸ਼ਟਰਪਤੀ ਤੋਂ 23 ਵੀਂ ਵਾਰ ਪ੍ਰਾਪਤ ਕਰਨ ਦਾ ਮਾਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਾਸਲ ਹੋਇਆ ਸੀ। ਦੋਵਾਂ ਗੱਡੀਆਂ ਨਾਲ ਯੂਨੀਵਰਸਿਟੀ ਦਾ ਇਕ ਜੇਤੂ ਗੇੜਾ ਕੱਢਣ ਦੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਹੋ ਰਹੇ ਜਸ਼ਨ ਸਮਾਗਮ ਵਿਚ ਲਿਆ ਕੇ ਸਟੇਜ਼ ਤੇ ਸ਼ਾਨੋ-ਸ਼ੋਕਤ ਸਜਾਇਆ ਗਿਆ। 
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਸ ਮਾਣਮੱਤੀ ਪ੍ਰਾਪਤੀ `ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਾਈਸ ਚਾਂਸਲਰ ਪ੍ਰੋ. ਸੰਧੂ ਨੂੰ ਵਧਾਈ ਦਿੱਤੀ ਅਤੇ ਕਿਹਾ ਹੈ ਕਿ ਪੰਜਾਬ ਅਤੇ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿਚ ਖੇਡ ਸਭਿਆਚਾਰ ਨੂੰ ਪ੍ਰਫੁਲਤ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਸਹਿਯੋਗ ਦੇਵੇਗੀ।ਇਸੇ ਤਰ੍ਹਾਂ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਨਵਜੋਤ ਸਿੰਘ ਸਿੱਧੂ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਓਮ ਪ੍ਰਕਾਸ਼ ਸੋਨੀ (ਸਾਰੇ ਕੈਬਨਿਟ ਮੰਤਰੀ), ਸਿੰਡੀਕੇਟ ਮੈਂਬਰ ਅਤੇ ਵਿਧਾਇਕ ਤਰਸੇਮ ਸਿੰਘ ਡੀ.ਸੀ, ਅਤੇ ਹਰਮਿੰਦਰ ਸਿੰਘ ਗਿੱਲ ਤੋਂ ਇਲਾਵਾ ਹੋਰ ਵੀ ਵੱਖ-ਵੱਖ ਵਿਦਿਅਕ ਅਤੇ ਖੇਡ ਸੰਸਥਾਵਾਂ ਦੇ ਮੁਖੀਆਂ ਨੇ ਵੀ ਇਸ ਉਪਲਬਧੀ ਲਈ ਉਪ ਕੁਲਪਤੀ ਅਤੇ ਯੂਨੀਵਰਸਿਟੀ ਨੂੰ ਵਧਾਈ ਦਿੱਤੀ।
ਇਸ ਖੁਸ਼ੀ ਦੇ ਮੌਕੇ ਤੇ ਆਪਣੀ ਖੁਸ਼ੀ ਜਾਹਿਰ ਕਰਦਿਆ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਅੱਜ ਸਾਡੇ ਸਾਰਿਆਂ ਲਈ ਭਾਗਾਂ ਵਾਲਾ ਅਤੇ ਖੁਸ਼ੀਆਂ ਭਰਿਆ ਦਿਨ ਹੈ ਕਿ ਸਾਨੂੰ ਛੇ ਸਾਲਾਂ ਬਾਅਦ ਇਹ ਵਕਾਰੀ ਟਰਾਫੀ ਮੁੜ ਹਾਸਿਲ ਹੋਈ ਹੈ।ਉਨ੍ਹਾਂ ਇਸ ਦਾ ਸਿਹਰਾ ਖਿਡਾਰੀਆਂ ਦੇ ਨਾਲ-ਨਾਲ ਕੋਚਾਂ, ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਸਪੋਰਟ ਦੇ ਡਾਇਰੈਕਟਰ ਪ੍ਰੋ ਸੁਖਦੇਵ ਸਿੰਘ ਅਤੇ ਡਿਪਟੀ ਡਾਇਰੈਕਟਰ ਡਾ. ਕੰਵਰ ਮਨਦੀਪ ਸਿੰਘ ਦੇ ਸਿਰ ਸਜਾਇਆ ਅਤੇ ਨਾਲ ਇਹ ਵੀ ਕਿਹਾ ਕੇ ਅਗੇ ਤੋਂ ਇਸ ਟਰਾਫੀ ਲਈ ਬਦਲੇ ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਹੁਣ ਤੋਂ ਕੋਸਿ਼ਸਾਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਜੋ ਇਹ ਟਰਾਫੀ ਮੁੜ ਵਾਪਸ ਲਈ ਜਾ ਸਕੇ।ਉਨ੍ਹਾਂ ਕਿਹਾ ਕਿ ਪਹਿਲਾ ਹੀ ਯੂਨੀਵਰਸਿਟੀ ਸੱਭ ਯੂਨੀਵਰਸਿਟੀਆਂ ਤੋਂ ਵੱਧ ਕਰੀਬ ਸਵਾ ਦੋ ਕਰੋੜ ਰੁਪਿਆ ਨਗਦ ਰਾਸ਼ੀ ਇਨਾਮ ਵਜੋਂ ਖਿਡਾਰੀਆਂ ਦੇਂਦੀ ਆ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਰਾਖਵੀ ਖੇਡ ਨੀਤੀ ਦੇ ਮੁਕਾਬਲੇ ਤੇ ਵੱਖ- ਵੱਖ ਕਲਾਸਾਂ `ਚ 2-2 ਸੀਟਾਂ ਹੋਰ ਰਾਖਵੀਆਂ ਯੂਨੀਵਰਸਿਟੀ ਵੱਲੋਂ ਕਰ ਦਿੱਤੀਆਂ ਗਈਆਂ । ਇਸ ਤੋਂ ਇਲਾਵਾਂ ਵਰਲਡ ਕਲਾਸ ਫਿਟਨੈਸ ਸੈਂਟਰ ਵੀ ਬਣ ਕੇ ਤਿਆਰ ਹੋ ਚੁੱਕਾ ਹੈ ਅਤੇ ਕੌਮਾਂਤਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਨਗਦ ਦਿੱਤੀ ਜਾਣ ਵਾਲੀ ਰਾਸ਼ੀ ਨੂੰ ਦੁਗਣਾ ਕਰਨਾ ਵੀ ਯੂਨੀਵਰਸਿਟੀ ਦੇ ਵਿਚਾਰ ਅਧੀਨ ਹੈ। ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਪੋਰਟਸ ਕਮੇਟੀ (ਪੁਰਸ਼) ਦੇ ਪ੍ਰਧਾਨ, ਡਾ. ਜਸਪਾਲ ਸਿੰਘ (ਪ੍ਰਿੰਸੀਪਲ, ਗੁਰੂ ਨਾਨਕ ਨੈਸ਼ਨਲ ਕਾਲਜ, ਨਕੋਦਰ) ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਪੋਰਟਸ ਕਮੇਟੀ (ਇਸਤਰੀਆਂ) ਦੇ ਪ੍ਰਧਾਨ, ਡਾ. ਹਰਬਿੰਦਰ ਕੌਰ (ਪ੍ਰਿੰਸੀਪਲ, ਐਸ.ਐਨ. ਕਾਲਜ, ਅੰਮ੍ਰਿਤਸਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਦੇਸ਼ ਦੇ ਰਾਸ਼ਟਰਪਤੀ ਮਾਣਯੋਗ ਰਾਮ ਨਾਥ ਕੋਵਿੰਦ ਤੋਂ 23ਵੀਂ ਰਿਕਾਰਡ ਤੋੜ ਕੇ 107745 ਅੰਕਾਂ ਨਾਲ ਇਹ ਟਰਾਫੀ ਪ੍ਰਾਪਤ ਕਰਨ ਦੇ ਲਈ ਪ੍ਰੋ. ਸੰਧੂ ਨੇ ਸਾਰਿਆ ਦਾ ਇਕ ਵਾਰ ਫਿਰ ਧੰਨਵਾਦ ਕੀਤਾ ਅਤੇ ਇਸ ਮੌਕੇ ਅੰਤਰਰਾਸ਼ਟਰੀ ਪੱਧਰ `ਤੇ ਮੈਡਲ ਪ੍ਰਾਪਤ ਖਿਡਾਰੀਆਂ ਦਾ ਸਨਮਾਨ ਵੀ ਕੀਤਾ। ਜਿ਼ਨ੍ਹਾਂ ਵਿਚ ਲਕਸ਼ੇ (ਏਸ਼ੀਅਨ ਗੇਮਜ਼, ਜਾਕਰਤਾ ਵਿਚ ਸਿਲਵਰ ਮੈਡਲ ਸ਼ੂਟਿੰਗ ਜੇਤੂ ਤੇ ਕਾਂਸੀ ਮੈਡਲ ਜੇਤੂ ਭਾਨੂ ਪ੍ਰਤਾਪ, ਵਰਲਡ ਯੂਨੀਵਰਸਿਟੀ ਗੇਮਜ਼ 2018 ਵਿਚ ਗੋਲਡ ਮੈਡਲ ਜੇਤੂ ਮਗਨਾ ਸੰਜਰੇਕਰ, ਏਸ਼ੀਅਨ ਗੇਮਜ਼ ਦੇ ਫੈਂਸਿੰਗ ਵਿਚ ਭਾਗ ਲੈਣ ਵਾਲੇ ਕਵਿਤਾ ਦੇਵੀ ਅਤੇ ਜੋਤਿਕਾ ਦੱਤਾ ਸ਼ਾਮਿਲ ਸਨ।ਇਸ ਤੋਂ ਪਹਿਲਾ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਮੁੱਖੀ, ਡਾ. ਸੁਖਦੇਖ ਸਿੰਘ ਨੇ ਕਿਹਾ ਕਿ ਇਹ ਟਰਾਫੀ ਅਜਿਹੇ ਸਮੇਂ ਯੂਨੀਵਰਸਿਟੀ ਨੂੰ ਮਿਲਣਾ ਹੋਰ ਵੀ ਖੁਸ਼ੀਆਂ ਦੁਗਣੀਆਂ ਕਰਨ ਵਾਲੀ ਗਲ ਹੈ ਜਦੋਂ ਇਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਮਨਾਉਣ ਦੀ ਤਿਆਰੀ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੀ ਗੋਲਡਨ ਜੁੁਬਲੀ ਮਨਾੳਣ ਵਿਚ ਰੁਝੀ ਹੋਈ ਹੈ ਤੇ ਬਾਬਾ ਨਾਨਕ ਹਰ ਵਰ੍ਹੇ ਇਹੋ ਅਜਿਹੀਆਂ ਖੁਸ਼ੀਆਂ ਲਿਆਵੇਂ।ਉਨ੍ਹਾਂ ਇਹ ਵੀ ਦੱਸਿਆ ਕੇ ਭਾਵਂੇ ਮਾਕਾ ਟਰਾਫੀ ਦੀ ਸਥਾਪਨਾ ਨੂੰ 61ਵਾ ਵਰ੍ਹਾ ਹੈ ਪਰ ਯੂਨੀਵਰਸਿਟੀ ਨੇ ਆਪਣੇ 45 ਸਾਲਾਂ ਦੇ ਖੇਡਾਂ ਦੇ ਕਾਰਜਕਾਲ ਵਿਚੋਂ 23 ਵਾਰ ਇਹ ਟਰਾਫੀ ਜਿਤ ਕੇ ਦੇਸ਼ ਦੀਆਂ 609 ਯੂਨੀਵਰਸਿਟੀਆਂ ਵਿਚੋਂ ਪਹਿਲੇ ਨੰਬਰ ਤੇ ਹੈ।ਸਮਾਗਮ ਉਪਰੰਤ ਇਹ ਟਰਾਫੀ ਉਪ-ਕੁਲਪਤੀ ਦੇ ਦਫਤਰ ਵਿਚ ਸੁਸ਼ੋਭਿਤ ਕਰ ਦਿੱਤੀ।
Punjab Post Daily Online Newspaper & Print Media