ਹਜੂਰ ਸਾਹਿਬ (ਨਾਂਦੇੜ) 28 (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਪਿਛਲੇ 20 ਸਾਲਾਂ ਤੋਂ ਹਜੂਰ ਸਾਹਿਬ ਨਾਂਦੇੜ ਅਤੇ ਸ਼੍ਰੀ ਅੰਮ੍ਰਿਤਸਰ ਸ਼ਹਿਰਾਂ ਦੇ ਦਰਮਿਆਨ ਸਭ ਤੋਂ ਸਫ਼ਲ ਸੁਪਰ ਫਾਸਟ ਐਕਸਪ੍ਰੈਸ ਗੱਡੀ ਸੱਚਖੰਡ ਐਕਸਪ੍ਰੈਸ ਵਿੱਚ ਵੀਰਵਾਰ 27 ਸਤੰਬਰ ਤੋਂ ਨਵੇਂ ਟੈਕਨੋਲੋਜੀ ਦੇ ਡੱਬੇ ਜੋੜੇ ਗਏ।ਹਜੂਰ ਸਾਹਿਬ ਸਟੇਸ਼ਨ ਤੋਂ ਵੀਰਵਾਰ ਦੀ ਸਵੇਰ 9.30 ਵਜੇ ਸੰਗਤਾਂ ਨੇ ਜੈਕਾਰੇ ਦੀ ਗੂੰਜ ਵਿੱਚ ਸੱਚਖੰਡ ਨੂੰ ਰਵਾਨਾ ਕੀਤਾ।ਇਸ ਵੇਲੇ ਨਾਂਦੇੜ ਮਹਾਂਨਗਰੀ ਦੇ ਮੇਅਰ ਸ਼ੀਲਾ ਕਿਸ਼ੋਰ ਭਵਰੇ, ਗੁਰਦੁਆਰਾ ਬੋਰਡ ਦੇ ਪ੍ਰਸ਼ਾਸਨ ਅਧਿਕਾਰੀ ਡੀ.ਪੀ ਸਿੰਘ, ਸੁਪਰਡੈਂਟ ਗੁਰਿੰਦਰ ਸਿੰਘ ਵਧਵਾ, ਕੌਂਸਲਰ ਪ੍ਰਕਾਸ਼ ਕੌਰ ਖਾਲਸਾ, ਐਡੀਸ਼ਨਲ ਡੀ.ਆਰ.ਐਮ ਵਿਸ਼ਵਨਾਥ, ਅਧਿਕਾਰੀ ਨੇਹਾ ਰਤਨਾਕਰ, ਸਟੇਸ਼ਨ ਮਾਸਟਰ ਭਿਸੇ, ਅਵਤਾਰ ਸਿੰਘ ਪਹਿਰੇਦਾਰ, ਜਸਪਾਲ ਸਿੰਘ ਲਾਂਗਰੀ, ਉਮੈ ਕੰਤ ਜੋਸ਼ੀ ਅਤੇ ਹੋਰ ਸਨਮਾਨਿਤ ਸੱਜਣ ਮੌਜੂਦ ਸਨ।
ਸਟੇਸ਼ਨ `ਤੇ ਹਰੀ ਝੰਡੀ ਦਿਖਾ ਕੇ ਗੱਡੀ ਨੂੰ ਰਵਾਨਾ ਕੀਤਾ ਗਿਆ।ਹਜੂਰ ਸਾਹਿਬ ਦੀ ਸੰਗਤ ਵਿਸ਼ੇਸ਼ ਤੌਰ `ਤੇ ਸਚਖੰਡ ਐਕਸਪ੍ਰੈਸ ਦਾ ਨਵਾਂ ਰੂਪ ਵੇਖਣ ਵਾਸਤੇ ਹਾਜਿਰ ਸਨ।ਗੁਰਦੁਆਰਾ ਸੱਚਖੰਡ ਬੋਰਡ ਵਲੋਂ ਰੇਲ ਡਰਾਈਵਰ ਅਤੇ ਸਟਾਫ ਦਾ ਸਿਰੋਪਾ ਪਾ ਕੇ ਸਤਿਕਾਰ ਕੀਤਾ ਗਿਆ।ਟਰੇਨ ਦੇ ਯਾਤਰੀਆਂ ਨੂੰ ਵਿਸ਼ੇਸ਼ ਲੰਗਰ ਵਰਤਾਇਆ ਗਿਆ। ਯਾਤਰੀਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। 
ਇਸ ਵੇਲੇ ਸਰਦਾਰ ਡੀ.ਪੀ ਸਿੰਘ ਨੇ ਕਿਹਾ ਕਿ, ਸੱਚਖੰਡ ਐਕਸਪ੍ਰੈਸ ਪਿਛਲੇ 20 ਸਾਲਾਂ ਤੋਂ ਚੱਲ ਰਹੀ ਕਾਮਯਾਬ ਗੱਡੀ ਹੈ।ਯਾਤਰੀਆਂ ਲਈ ਸਭ ਤੋਂ ਚੰਗੀ ਗੱਡੀ ਹੋਣ ਕਾਰਣ ਇਸ ਗੱਡੀ ਦੀ ਨਵੀ ਦਿੱਖ ਵਧੀਆ ਤੇ ਸਹੂਲਤਾਂ ਵਾਲੀ ਹੈ।2000 ਕਿਲੋ ਮੀਟਰ ਦੀ ਯਾਤਰਾ ਵਿੱਚ ਬੁਜ਼ੁਰਗ, ਮਹਿਲਾਵਾਂ ਅਤੇ ਬੱਚਿਆਂ ਵਾਸਤੇ ਨਵੇਂ ਕੋਚ ਬਹੁਤ ਆਰਾਮਦਾਇਕ ਹਨ। ਗੱਡੀ ਦੀ ਨਵੀਂ ਦਿੱਖ ਦੇ ਨਾਲ ਹੀ 134 ਸੀਟਾਂ ਵੀ ਵੱਧ ਗਈਆਂ ਹਨ. ਰੇਲਵੇ ਬੋਰਡ ਅਤੇ ਨਾਂਦੇੜ ਰੇਲਵੇ ਡਵੀਜਨ ਦਾ ਵਿਸ਼ੇਸ਼ ਧੰਨਵਾਦ ਹੈ।
ਉਨਾਂ ਕਿਹਾ ਕਿ ਸ਼ੱਚਖੰਡ ਐਕਸਪ੍ਰੈਸ ਵਿੱਚ ਸਾਰੇ 22 ਡੱਬੇ ਅੱਜ ਤੋਂ ਬਦਲੇ ਗਏ ਹਨ।ਇਹ ਸਾਰੇ ਕੋਚ ਜਰਮਨ ਟੈਕਨੋਲੋਜੀ ਤੋਂ ਬਣਾਏ ਗਏ ਹਨ।ਜਿਸ ਦੇ ਵਿਚ ਸਾਰੇ ਨਵੇਂ ਡਿਜ਼ਾਈਨ ਹਨ।ਸੀਟਾਂ ਹੋਰ ਆਰਾਮਦਾਇਕ ਹਨ।ਵਾਸ਼ ਬੇਸਿਨ ਅਤੇ ਸ਼ੌਚਾਲਯ ਦੇ ਨਵੇਂ ਡਿਜ਼ਾਈਨ ਦਿਤੇ ਗਏ ਹਨ. ਸੇਫਟੀ ਕਿਟ, ਹੈਂਗਰ ਅਤੇ ਦਰਵਾਜੇ ਵੀ ਆਧੁਨਿਕ ਹਨ। ਸੱਚਖੰਡ ਵਿੱਚ ਸੈਕੰਡ ਏ.ਸੀ ਦਾ ਇਕ ਕੋਚ, ਥਰਡ ਏ.ਸੀ ਦੇ ਚਾਰ ਕੋਚ, ਜਨਰਲ ਏ.ਸੀ ਦੇ 12 ਕੋਚ, ਜਨਰਲ ਕੋਚ 2 ਅਤੇ ਪੈਂਟਰੀ ਕਾਰ, ਸੁਰੱਖਿਆ ਡਬਾ ਤੇ ਪਾਰਸਲ ਕੋਚ ਲਗੇ ਹਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media