ਐਸ.ਡੀ.ਐਮ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ
ਭੀਖੀ, 2 ਅਕਤੂਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਚੈਕਿੰਗ ਕਰਨਗੀਆਂ ਅਤੇ ਜਿੱਥੇ ਕਿਤੇ ਵੀ ਡੇਂਗੂ ਦਾ ਲਾਰਵਾ ਪਾਇਆ ਜਾਂਦਾ ਹੈ, ਉਸ ਦਾ ਚਲਾਨ ਕਰਕੇ ਪੂਰੀ ਰਿਪੋਰਟ ਤਿਆਰ ਕੀਤੀ ਜਾਵੇਗੀ ਤਾਂ ਜੋ ਡੇਂਗੂ ਦੇ ਪ੍ਰਕੋਪ ਨੂੰ ਘਟਾਇਆ ਜਾ ਸਕੇ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼ ਨੇ ਅਧਿਕਾਰੀਆਂ ਨਾਲ ਸਥਾਨਕ ਬੱਚਤ ਭਵਨ ਵਿਖੇ ਕੀਤੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਚੈਕਿੰਗ ਲਈ ਗਠਿਤ ਟੀਮ ਵਿਚ ਸਿਹਤ ਵਿਭਾਗ ਦਾ ਅਧਿਕਾਰੀ, ਇਕ ਆਸ਼ਾ ਵਰਕਰ ਅਤੇ ਦੋ ਮੁਲਾਜ਼ਮ ਹੋਰ ਵਿਭਾਗਾਂ ਤੋਂ ਹੋਣਗੇ।ਸੁਪਰਵਾਈਜ਼ਰ ਸਬੰਧਤ ਏਰੀਏ ਦੇ ਐਮ.ਸੀ ਨਾਲ ਤਾਲਮੇਲ ਕਰਕੇ ਚੈਕਿੰਗ ਦੀ ਪ੍ਰਕਿਰਿਆ ਸ਼ੁਰੂ ਕਰਨਗੇ।ਉਨ੍ਹਾਂ ਸਖ਼ਤੀ ਨਾਲ ਕਿਹਾ ਕਿ ਕਿਸੇ ਵੀ ਜਗ੍ਹਾ ਲਾਰਵਾ ਮਿਲਣ ਤੇ ਚਲਾਨ ਕਰਨਾ ਯਕੀਨੀ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਨਿਰਧਾਰਿਤ ਪ੍ਰੋਫਾਰਮੇ ਵਿੱਚ ਚੈਕਿੰਗ ਅਤੇ ਚਲਾਨ ਸਬੰਧੀ ਸੂਚਨਾ ਪੂਰਨ ਰੂਪ `ਚ ਭਰੀ ਜਾਵੇ।
ਸਹਾਇਕ ਮਲੇਰੀਆ ਅਫ਼ਸਰ ਦਰਸ਼ਨ ਭੰਮੇ ਨੇ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਚੈਕਿੰਗ ਦੌਰਾਨ ਕੂਲਰ, ਫਰਿੱੱਜ, ਗਮਲੇ, ਛੱਤਾਂ ਤੇ ਪਿਆ ਫਾਲਤੂ ਸਾਮਾਨ, ਖੜ੍ਹੇ ਸਾਫ਼ ਅਤੇ ਗੰਦੇ ਪਾਣੀ ਦਾ ਮੁਆਇਨਾ ਕਰਨਾ ਯਕੀਨ ਬਣਾਇਆ ਜਾਵੇ। ਡੇਂਗੂ ਦਾ ਲਾਰਵਾ ਮਿਲਣ ਤੇ ਇਸ ਨੂੰ ਸਿਰਫ਼ ਧਰਤੀ ਜਾਂ ਫਰਸ਼ ਤੇ ਹੀ ਡੋਲਣਾ ਹੈ ਅਤੇ ਇਸ ਨੂੰ ਨਾਲੀ ਜਾਂ ਹੋਰ ਪਾਣੀ ਵਾਲੀ ਜਗ੍ਹਾ ਤੇ ਨਹੀਂ ਡੋਲ੍ਹਣਾ ਤਾਂ ਜੋ ਇਹ ਫੇਰ ਤੋਂ ਪ੍ਰਫੁਲਿਤ ਨਾ ਹੋ ਸਕੇ।ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਜਿਸ ਵੀ ਘਰ ਤੋਂ ਡੇਂਗੂ ਦਾ ਲਾਰਵਾ ਮਿਲਦਾ ਹੈ, ਤਾਂ ਉਸ ਲਾਰਵੇ ਦਾ ਇਕ ਸੈਂਪਲ ਵੀ ਇਕੱਤਰ ਕਰ ਲਿਆ ਜਾਵੇ।ਉਨ੍ਹਾਂ ਇਸ ਪ੍ਰਕਿਰਿਆ ਲਈ ਟੀਮ ਮੈਂਬਰਾਂ ਨੂੰ ਪੂਰੀ ਬਾਂਹ ਦੇ ਕੱਪੜੇ ਪਾਉਣ ਦੀ ਸਲਾਹ ਦਿੱਤੀ।
ਮੀਟਿੰਗ ਦੌਰਾਨ ਸਿਹਤ ਕਰਮਚਾਰੀਆਂ ਵੱਲੋਂ ਡੇਂਗੂ ਦੀ ਪੈਦਾਵਾਰ ਅਤੇ ਇਸ ਦੇ ਫੈਲਣ ਦੀ ਪ੍ਰਕਿਰਿਆ ਬਾਰੇ ਤਿਆਰ ਕੀਤੀ ਇਕ ਵੀਡੀਓ ਵੀ ਹਾਜਰੀਨ ਨੂੰ ਵਿਖਾਈ ਗਈ ਤਾਂ ਜੋ ਸਮੂਹ ਅਧਿਕਾਰੀ ਅਤੇ ਕਰਮਚਾਰੀ ਡੇਂਗੂ ਦੇ ਪੈਦਾ ਹੋਣ ਅਤੇ ਫੈਲਣ ਦੀ ਪ੍ਰਕਿਰਿਆ ਸਬੰਧੀ ਜਾਗਰੂਕ ਹੋ ਸਕਣ।
Punjab Post Daily Online Newspaper & Print Media