ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨਾਲ ਸਮਝੌਤਾ ਕਰਨ ਦਾ ਸਿਲਸ਼ਿਲਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਦੂਜੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚ ਖੋਜ, ਅਕਾਦਮਿਕ ਅਤੇ ਹੋਰ ਖੇਤਰਾਂ ਦੇ ਲਈ ਜਾਣ ਦਾ ਮੌਕਾ ਮਿਲੇਗਾ ਸਗੋਂ ਇਸ ਨਾਲ ਵਿਦੇਸ਼ੀ ਯੂਨੀਵਰਸਟਿੀ ਦੇ ਅਕਾਦਮਿਕ ਸਟਾਫ ਅਤੇ ਵਿਦਿਆਰਥੀਆਂ ਦੇ ਨਾਲ ਵਿਸ਼ਵ ਪੱਧਰ `ਤੇ ਹੋ ਰਹੀਆਂ ਨਵੀਆਂ ਖੋਜਾਂ ਤੋਂ ਵੀ ਜਾਣੂ ਹੋ ਸਕਣਗੇ।ਗੁਰੂ ਨਾਨਕ ਦੇਵ ਯੂਨਵਿਰਸਟਿੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਦੂਰਦ੍ਰਿਸ਼ਟੀ ਸਦਕਾ ਫਿਨਲੈਂਡ ਦੀ ਪ੍ਰਸਿੱਧ ਅਕਾਦਮਿਕ ਸੰਸਥਾ ਜੇ.ਏ.ਐਮ.ਕੇ ਯੂਨੀਵਰਸਿਟੀ ਆਫ ਅਪਲਾਇਡ ਸਾਇੰਸਜ਼, ਫਿਨਲੈਂਡ ਨਾਲ ਸਮਝੌਤਾ ਸਹੀਬੰਦ ਕੀਤਾ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਸ ਸਮਝੌਤੇ `ਤੇ ਹਸਤਾਖਰ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਕਮਲਜੀਤ ਸਿੰਘ ਤੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਕੀਤੇ ਜਦੋਂਕਿ ਜੇ.ਏ.ਐਮ.ਕੇ ਯੂਨੀਵਰਸਿਟੀ ਆਫ ਅਪਲਾਇਡ ਸਾਇੰਸਜ਼ ਵੱਲੋਂ ਗਲੋਬਲ ਕੰਪੀਟੈਂਸ ਐਂਡ ਐਕਸਪੋਰਟਸ ਦੇ ਮੁਖੀ, ਡਾ. ਮਤੀ ਹਿਰਸਿਲਾ ਨੇ ਕੀਤੇ।ਦੋਵੇਂ ਯੂਨੀਵਰਸਿਟੀਆਂ ਵਿਚਕਾਰ ਹੋਏ ਇਸ ਅਹਿਮ ਸਮਝੌਤੇ ਅਧੀਨ ਜਿਥੇ ਦੋਵਾਂ ਯੂਨਵਿਰਸਿਟੀ ਦੇ ਖਿਤੇ ਨੂੰ ਅਕਾਦਮਿਕ ਸਹਿਯੋਗ ਅਤੇ ਆਦਾਨ ਪ੍ਰਦਾਨ ਸਬੰਧੀ ਹੁਲਾਰਾ ਮਿਲੇਗਾ ਉਥੇ ਨਵੇਂ ਅਕਾਦਮਿਕ ਰਾਹ ਵੀ ਤਲਾਸ਼ੇ ਜਾਣਗੇ ਜਿਸ ਦਾ ਦੋਵਾਂ ਯੂਨਵਿਰਸਿਟੀਆਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲਾਭ ਪੁਜੇਗਾ।ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਤਾਲਮੇਲ ਕਮੇਟੀ ਦੇ ਨੋਡਲ ਅਫਸਰ, ਪ੍ਰੋ. ਪ੍ਰਤਾਪ ਕੁਮਾਰ ਪਤੀ ਤੋਂ ਇਲਾਵਾ ਪੰਜਾਬ ਸਕੂਲ ਆਫ ਇਕਨਾਮਿਕਸ ਅਤੇ ਯੂਨੀਵਰਸਟੀ ਸਕੂਲ ਆਫ ਫਾਇਨੈਂਸ਼ੀਅਲ ਸਟੱਡੀਜ਼ ਦੇ ਮੁਖੀ ਅਤੇ ਕੌਮਾਂਤਰੀ ਸਹਿਯੋਗ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ।
ਡਾ. ਹਿਰਸਿਲਾ ਨੇ ਯੂਨੀਵਰਸਿਟੀ ਨਾਲ ਹੋਏ ਇਸ ਸਮਝੌਤੇ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਯੂਨਵਿਰਸਿਟੀ ਵੱਲੋਂ ਵਧਾਏ ਗਏ ਹੱਥ ਨੂੰ ਪੂਰੀ ਮਜਬੂਤੀ ਨਾਲ ਪਕੜ ਕੇ ਰੱਖਣਗੇ।ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦਾ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਲਾਭ ਪੁਜੇਗਾ।ਉਨ੍ਹਾਂ ਦੱਸਿਆ ਕਿ ਫਿਨਲੈਂਡ ਦੀ ਜੇ.ਏ.ਐਮ.ਕੇ ਯੂਨੀਵਰਸਿਟੀ ਆਫ ਅਪਲਾਈਡ ਸਾਇੰਸਿਜ਼, ਇੱਕ ਅੰਤਰਰਾਸ਼ਟਰੀ ਉੱਚ ਸਿੱਖਿਆ ਸੰਸਥਾਨ ਹੈ ਜਿਸ ਵਿੱਚ ਤਕਰੀਬਨ 70 ਤੋਂ ਵੱਧ ਦੇਸ਼ਾਂ ਦੇ 8500 ਵਿਦਿਆਰਥੀ ਹਨ।ਉਨ੍ਹਾਂ ਕਿਹਾ ਕਿ ਇਸ ਸਮਝੌਤੇ ਅਧੀਨ ਜੇ.ਏ.ਐਮ.ਕੇ ਦੇ ਸਕੂਲ ਆਫ ਬਿਜ਼ਨਸ ਦੇ ਕਾਰੋਬਾਰ ਦੇ ਖੇਤਰ ਵਿਚ ਕੀਤੀਆਂ ਗਈਆਂ ਵੱਖ-ਵੱਖ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਐਕਸਚੇਂਜ ਪ੍ਰੋਗਰਾਮ ਅਧੀਨ ਸ਼ਾਮਿਲ ਕੀਤਾ ਜਾਵੇਗਾ।
ਡੀਨ, ਅਕਾਦਮਿਕ ਮਾਮਲੇ ਪ੍ਰੋ. ਕਮਲਜੀਤ ਸਿੰਘ ਨੇ ਕਿਹਾ ਕਿ ਦੋਵਾਂ ਯੂਨੀਵਰਸਿਟੀਆਂ ਦੇ ਵਿਚਕਾਰ ਕੀਤੇ ਗਏ ਇਸ ਸਮਝੌਤੇ `ਤੇ ਵਿਦਿਅਕ, ਖੋਜ ਅਤੇ ਪਾਠਕ੍ਰਮ ਮਾਮਲਿਆਂ` ਤੇ ਸੂਚਨਾ ਦੇ ਆਦਾਨ-ਪ੍ਰਦਾਨ ਨੂੰ ਰਸਮੀ ਰੂਪ ਦੇਣ ਲਈ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਲਈ ਉਪਰਾਲੇ ਕੀਤੇ ਜਾਣਗੇ।ਇਸ ਅਧੀਨ ਅਧਿਆਪਨ ਸਮੱਗਰੀ ਅਤੇ ਗਲੋਬਲ ਪਾਠਕ੍ਰਮ ਦੇ ਵਿਕਾਸ ਬਾਰੇ ਜਾਣਕਾਰੀ ਸਬੰਧੀ ਵਿਦਿਅਕ ਪ੍ਰੋਗਰਾਮ, ਸੈਮੀਨਾਰ, ਕਾਨਫਰੰਸਾਂ, ਵਰਕਸ਼ਾਪਾਂ ਅਤੇ ਗਰਮੀ / ਸਰਦੀਆਂ ਦੇ ਸਕੂਲ ਆਯੋਜਿਤ ਕੀਤੇ ਜਾਣਗੇ।ਸਮਝੌਤੇ `ਤੇ ਵੀ ਆਪਸੀ ਹਿੱਤਾਂ ਅਤੇ ਮੁਹਾਰਤ ਦੇ ਖੇਤਰਾਂ ਵਿਚ ਵਿਦਿਆਰਥੀਆਂ ਦੀ ਸਾਂਝੀ ਨਿਗਰਾਨੀ ਲਈ ਇਕ ਵਿਵਸਥਾ ਵੀ ਕੀਤੀ ਗਈ ਹੈ।ਇਹ ਪਹਿਲ ਦੋਹਰੀ ਡਿਗਰੀ ਪ੍ਰੋਗਰਾਮ ਨੂੰ ਉਤਸ਼ਾਹਤ ਕਰੇਗੀ ਜੋ ਦੋਵਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਹਿੱਤ ਵਿਚ ਹੋਵੇਗਾ।
ਰਜਿਸਟਰਾਰ ਪ੍ਰੋ. ਕਾਹਲੋਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਪ ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਯੂਨੀਵਰਸਿਟੀ ਦੀ ਅਕਾਦਮਿਕ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਲਈ ਪ੍ਰਸਿੱਧ ਅੰਤਰਰਾਸ਼ਟਰੀ ਯੂਨੀਵਰਸਿਟੀਆਂ / ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨ ਲਈ ਸਮਝੌਤੇ ਕੀਤੇ ਜਾ ਰਹੇ ਹਨ ਤਾਂ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਅੰਤਰਰਾਸ਼ਟਰੀ ਐਕਸਪੋਜ਼ਰ ਲੈ ਸਕਣ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media