ਨਾ ਭਾਰਤ ਸਵੱਛ ਹੋਇਆ ਤੇ ਨਾ ਸਫਾਈ ਕਰਮੀਆਂ ਦੀ ਸੁਣੀ ਗਈ – ਵੇਰਕਾ
ਅੰਮ੍ਰਿਤਸਰ, 24 ਅਕਤੂਬਰ (ਪੰਜਾਬ ਪੋਸਟ-ਪ੍ਰੀਤਮ ਸਿੰਘ) – ਆਦਿ ਕਵੀ ਭਗਵਾਨ ਵਾਲਮੀਕ ਦੇ ਰਾਜ ਪੱਧਰੀ ਸਮਾਗਮ, ਜੋ ਕਿ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ
ਨੂੰ ਸ਼ਰਧਾਂਜਲੀ ਦੇਣ ਨਾਲ ਸ਼ੁਰੂ ਹੋਇਆ, ਨੂੰ ਸੰਬੋਧਨ ਕਰਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮਹਾਂਪੁਰਖਾਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਨਸੀਹਤ ਦਿੰਦੇ ਜ਼ੋਰ ਦਿੱਤਾ ਕਿ ਅੱਜ ਸਾਮਜ ਵਿਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਨੈਤਿਕ ਕਦਰਾਂ-ਕੀਮਤਾਂ ’ਤੇ ਪਹਿਰਾ ਦੇਣ ਦੀ ਲੋੜ ਹੈ। ਉਨਾਂ ਕਿਹਾ ਕਿ ਅਜਿਹੇ ਮਹਾਂਪੁਰਖਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ, ਜਿੰਨਾ ਨੇ ਹੱਕ-ਸੱਚ ਦੀ ਅਵਾਜ ਸਦਾ ਬਲੁੰਦ ਕੀਤੀ ਅਤੇ ਮਨੁੱਖੀ ਜੀਵਨ ਵਿਚ ਜਾਤ-ਪਾਤ ਨੂੰ ਕੋਈ ਸਥਾਨ ਨਹੀਂ ਦਿੱਤਾ।ਸਿੱਧੂ ਨੇ ਹਾਲ ਹੀ ਵਿਚ ਰੇਲ ਹਾਦਸੇ ਵਿਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਨੂੰ ਯਾਦ ਕਰਦੇ ਕਿਹਾ ਕਿ ਮੈਂ ਇਹ ਪਰਿਵਾਰ ਮੇਰੇ ਪਰਿਵਾਰ ਹਨ ਅਤੇ ਮੈਂ ਸਾਰੀ ਜਿੰਦਗੀ ਇੰਨਾਂ ਦੀ ਸਾਰ ਲੈਣ ਦਾ ਵਾਅਦਾ ਕਰਦਾ ਹਾਂ।
ਉਨਾਂ ਕਿਹਾ ਕਿ ਅੱਜ ਵੱਡਾ ਦੁਖਾਂਤ ਇਹ ਹੈ ਕਿ ਸਮਾਜ ਵਿਚ ਕਿਰਦਾਰ ਵਾਲੇ ਲੋਕਾਂ ਦੀ ਘਾਟ ਆ ਗਈ ਹੈ ਅਤੇ ਅਸੀਂ ਆਪਣੇ ਨਿੱਜੀ ਮੁਫ਼ਾਦ ਲਈ ਕਿਸ ਹੱਦ ਤੱਕ ਵੀ ਜਾ ਸਕਦੇ ਹਾਂ। ਉਨਾਂ ਕਿਹਾ ਕਿ ਅੱਜ ਮੈਨੂੰ ਦੁੱਖ ਹੋ ਰਿਹਾ ਹੈ ਕਿ ਕੁੱਝ ਘਟੀਆ ਕਿਸਮ ਦੇ ਲੋਕ ਇੰਨੇ ਦਰਦਨਾਕ ਹਾਦਸੇ ਵਿਚ ਪੀੜਤ ਲੋਕਾਂ ਦੀ ਮਦਦ ਕਰਨ ਦੀ ਥਾਂ ਲਾਸ਼ਾਂ ’ਤੇ ਰਾਜਨੀਤੀ ਕਰ ਰਹੇ ਹਨ ਅਤੇ ਜਾਤ-ਪਾਤ ਦੇ ਨਾਮ ’ਤੇ ਸਮਾਜ ਨੂੰ ਵੰਡਿਆ ਜਾ ਰਿਹਾ ਹੈ।ਉਨਾਂ ਕਿਹਾ ਕਿ ਉਹ ਅੰਮ੍ਰਿਤਸਰ ਦਾ ਸਦਾ ਅਹਿਸਾਨਮੰਦ ਰਹਿਣਗੇ ਜਿਥੋਂ ਦੇ ਵਾਸੀਆਂ ਨੇ ਉਨਾਂ ਦੀ ਕਦੇ ਪਿੱਠ ਨਹੀਂ ਲੱਗਣ ਦਿੱਤੀ।ਸਿੱਧੂ ਨੇ ਕਿਹਾ ਕਿ ਉਨਾਂ ’ਤੇ ਅੰਮ੍ਰਿਤਸਰ ਦੇ ਇੰਨੇ ਅਹਿਸਾਨ ਹਨ ਅਤੇ ਉਹ ਇੰਨਾ ਅਹਿਸਾਨਾਂ ਦਾ ਬਦਲਾ ਕਦੇ ਨਹੀਂ ਦੇ ਸਕਦਾ।
ਉਨਾਂ ਭਗਵਾਨ ਵਾਲਮੀਕ ਦੇ ਪਾਵਨ ਸਥਾਨ ਸ੍ਰੀ ਰਾਮਤੀਰਥ ਵਿਖੇ ਆਈ.ਟੀ.ਆਈ ਬਨਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ 10 ਕਰੋੜ ਰੁਪਏ ਜਾਰੀ ਕਰਵਾਉਣ ਦਾ ਐਲਾਨ ਕਰਦੇ ਕਿਹਾ ਕਿ ਛੇਤੀ ਇਸ ਆਈ.ਟੀ.ਆਈ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾਵੇਗਾ।
ਇਸ ਮੌਕੇ ਸੰਬੋਧਨ ਕਰਦੇ ਡਾ. ਰਾਜ ਕੁਮਾਰ ਵੇਰਕਾ ਨੇ ਭਗਵਾਨ ਵਾਲਮੀਕ ਨੂੰ ਸ਼ਰਧਾ ਭੇਟ ਕਰਦੇ ਕਿਹਾ ਕਿ ਅੱਜ ਵਾਲਮੀਕ ਕੌਮ ਨਾਲ ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਦੇ ਨਾਮ ’ਤੇ ਵੱਡਾ ਧੋਖਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਵੱਛ ਭਾਰਤ ਦੇ ਨਾਮ ’ਤੇ ਸੈਸ ਲਗਾ ਕੇ 25000 ਕਰੋੜ ਰੁਪਏ ਇਕੱਠੇ ਕੀਤੇ ਅਤੇ ਸਵੱਛ ਭਾਰਤ ਦੇ ਇਸ਼ਤਹਾਰਾਂ ’ਤੇ 87000 ਕਰੋੜ ਰੁਪਏ ਖਰਚ ਕੀਤੇ, ਪਰ ਵਾਲਮੀਕ ਭਾਈਚਾਰਾ ਜੋ ਕਿ ਸਫਾਈ ਦੇ ਕੰਮ ਵਿਚ ਮੋਹਰੀ ਭੂਮਿਕਾ ਨਿਭਾਉਂਦਾ ਹੈ, ਉਨਾਂ ਦੀ ਭਲੇ ਲਈ ਫੁੱਟੀ ਕੌਡੀ ਵੀ ਖਰਚ ਨਹੀਂ ਕੀਤੀ।ਉਨਾਂ ਠੇਕੇਦਾਰੀ ਪ੍ਰਥਾ ਬੰਦ ਕਰਨ ਦੀ ਵਕਾਲਤ ਵੀ ਕੀਤੀ।
ਇਸ ਤੋਂ ਪਹਿਲਾਂ ਸਾਰੇ ਹਾਜ਼ਰੀਨ ਨੇ 2 ਮਿੰਟ ਦਾ ਮੋਨ ਰੱਖ ਕੇ ਰੇਲ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ।ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ.ਸ੍ਰੀਵਾਸਤਵਾ, ਵਿਧਾਇਕ ਸੁਨੀਲ ਦੱਤੀ, ਮਹਿਲਾ ਕਾਂਗਰਸ ਦੇ ਆਗੂ ਸ੍ਰੀਮਤੀ ਮਮਤਾ ਦੱਤਾ, ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media