ਅੰਮ੍ਰਿਤਸਰ, 25 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਜੌੜਾ ਫਾਟਕ ਵਿਖੇ ਹੋਏ ਰੇਲ ਹਾਦਸੇ ਦੌਰਾਨ ਆਮ ਲੋਕਾਂ ਵੱਲੋਂ ਜ਼ਖਮੀਆਂ ਅਤੇ ਮਿ੍ਰਤਕਾਂ ਦੀ ਕੀਤੀ
ਗਈ ਸਾਂਭ-ਸੰਭਾਲ ਅਤੇ ਸੇਵਾ ਨੇ ਪੰਜਾਬੀਆਂ ਦੀ ਮਨੁੱਖਤਾ ਪ੍ਰਤੀ ਉਸਾਰੂ ਪਹੁੰਚ, ਜਿਸ ਵਿਚ ਜਾਤ, ਨਸਲ, ਧਰਮ, ਰੰਗ ਦੇ ਭੇਦ-ਭਾਵ ਨੂੰ ਕੋਈ ਥਾਂ ਨਹੀਂ ਹੈ, ਦੀ ਮਿਸਾਲ ਜੱਗ ਸਾਹਮਣੇ ਪੇਸ਼ ਕੀਤੀ ਹੈ।ਲੋਕਾਂ ਨੇ ਜਿਸ ਤਰਾਂ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ, ਉਨਾਂ ਦੀ ਸਾਂਭ-ਸੰਭਾਲ ਕੀਤਾ, ਲੋੜਵੰਦਾਂ ਲਈ ਖੂਨ ਦੇਣ ਵਾਲਿਆਂ ਦੀ ਲਾਇਨਾਂ ਲੱਗ ਗਈਆਂ, ਮਰੀਜ਼ਾਂ ਦੇ ਰਿਸ਼ਤੇਦਾਰਾਂ ਲਈ ਹਾਦਸੇ ਵਾਲੇ ਦਿਨ ਤੋਂ ਹੀ ਹਸਪਤਾਲਾਂ ਵਿਚ ਲੰਗਰ ਸ਼ੁਰੂ ਕਰਨਾ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਸਸਕਾਰ ਲਈ ਲੱਕੜਾਂ ਆਦਿ ਕਈ ਅਜਿਹੇ ਮੌਕੇ ਆਏ, ਜਦ ਲੋਕਾਂ ਨੇ ਦਿਲ ਖੋਲ੍ਹ ਕੇ ਲੋੜਵੰਦਾਂ ਦਾ ਸਾਥ ਦਿੱਤਾ।ਕਈ ਨਿੱਜੀ ਤੇ ਗੈਰ ਸਰਕਾਰੀ ਸੰਸਥਾਵਾਂ ਦਾ ਵੱਡਾ ਯੋਗਦਾਨ ਇਸ ਹਾਦਸੇ ਦੇ ਬਚਾਅ ਕੰਮਾਂ ਵਿਚ ਰਿਹਾ।
ਕਈ ਜ਼ਖਮੀ ਅਜੇ ਵੀ ਹਸਪਤਾਲ ਵਿਚ ਭਰਤੀ ਹਨ ਅਤੇ ਉਨਾਂ ਦਾ ਇਲਾਜ ਸਰਕਾਰੀ ਖਰਚੇ ’ਤੇ ਚੱਲ ਰਿਹਾ ਹੈ, ਪਰ ਇਨਾਂ ਦੇ ਪਰਿਵਾਰਾਂ ਤੋਂ ਇਲਾਵਾ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁੜ ਪੈਰਾਂ ਸਿਰ ਖੜੇ ਕਰਨ ਲਈ ਵੀ ਕਈ ਸੰਸਥਾਵਾਂ ਅੱਗੇ ਆਉਣ ਲੱਗੀਆਂ ਹਨ।ਇਸ ਕਾਰਜ ਦੀ ਵਿਉਂਤਬੰਦੀ ਲਈ ਗੈਰ ਸਰਕਾਰੀ ਸੰਸਥਾ ‘ਜਸਟ ਸੇਵਾ ਅਤੇ ਗੁਰੂ ਕਾ ਲੰਗਰ ਹਸਪਤਾਲ’ ਨੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨਾਲ ਵਿਸ਼ੇਸ਼ ਤੌਰ ’ਤੇ ਮੀਟਿੰਗ ਕੀਤੀ।ਮੀਟਿੰਗ ਵਿਚ ਲੋੜ ਵਾਲੇ ਪਹਿਲੂਆਂ ’ਤੇ ਵਿਚਾਰ ਕੀਤਾ ਗਿਆ ਅਤੇ ਸਭ ਤੋਂ ਵੱਡੀ ਲੋੜ ਇੰਨਾਂ ਪਰਿਵਾਰਾਂ ਦਾ ਮੁੜ ਵਸੇਬਾ ਕਰਨ ਅਤੇ ਇੰਨਾਂ ਨੂੰ ਮੁੜ ਪੈਰਾਂ ਸਿਰ ਖੜੇ ਕਰਨ ਦੀ ਮਹਿਸੂਸ ਕੀਤੀ।ਦੋਵਾਂ ਸੰਸਥਾਵਾਂ ਨੇ ਇਸ ਲਈ ਹਰ ਤਰਾਂ ਦੀ ਸਹਾਇਤਾ ਕਰਨ ਦਾ ਅਹਿਦ ਲਿਆ।ਡਿਪਟੀ ਕਮਿਸ਼ਨਰ ਸੰਘਾ ਨੇ ਦੱਸਿਆ ਕਿ ਇੰਨਾਂ ਤੋਂ ਇਲਾਵਾ ਵੀ ਕਈ ਹੋਰ ਸੰਸਥਾਵਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਕਰਦੇ ਹੋਏ ਮਦਦ ਲਈ ਜਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰ ਰਹੀਆਂ ਹਨ ਅਤੇ ਆਸ ਹੈ ਕਿ ਇੰਨਾ ਲੋਕਾਂ ਦੀ ਮਦਦ ਨਾਲ ਅਸੀਂ ਪੀੜਤ ਪਰਿਵਾਰਾਂ ਨੂੰ ਛੇਤੀ ਹੀ ਪੈਰਾਂ ਸਿਰ ਕਰ ਲਵਾਂਗੇ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media