ਪੰਜਾਬ ਸਕੂਲ ਅੰਤਰ ਜਿਲ੍ਹਾ ਪ੍ਰਾਇਮਰੀ ਖੇਡਾਂ ਦੀ ਕਰਵਾਈ ਸ਼ੁਰੂੂਆਤ
ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਰਾਜ ਵਿਚ ਤੰਦਰੁਸਤ ਜੀਵਨ-ਜਾਚ ਨੂੰ ਮੁੜ ਲੀਹਾਂ ’ਤੇ ਲਿਆਉਣ
ਲਈ ਯਤਨਸ਼ੀਲ ਹੈ ਅਤੇ ਇਸ ਲਈ ਜਿੱਥੇ ਪੜ੍ਹੋ ਪੰਜਾਬ-ਖੇਡੋ ਪੰਜਾਬ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਉਥੇ ਧਰਤੀ ਅਤੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਕਿਸਾਨਾਂ ਤੇ ਸਨਅਤਕਾਰਾਂ ਨੂੰ ਵੱਡੇ ਪੱਧਰ ’ਤੇ ਜਾਗਰੂਕ ਕੀਤਾ ਜਾ ਰਿਹਾ ਹੈ।ਉਕਤ ਸਬਦਾਂ ਦਾ ਪ੍ਰਗਟਾਵਾ ਸਿੱਖਿਆ ਤੇ ਵਾਤਾਵਰਣ ਮਾਮਲੇ ਮੰਤਰੀ ਓ.ਪੀ ਸੋਨੀ ਨੇ ਖਾਲਸਾ ਕਾਲਜ ਸਕੂਲ ਵਿਚ ਪੰਜਾਬ ਸਕੂਲ ਅੰਤਰ ਜਿਲ੍ਹਾ ਪ੍ਰਾਇਮਰੀ ਖੇਡਾਂ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਤੇ ਦਰਸ਼ਕਾਂ ਨੂੰ ਸੰਬੋਧਨ ਕਰਦੇ ਕੀਤਾ।ਸੋਨੀ ਨੇ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਇਸ ਖੇਡ ਮੇਲੇ ਵਿਚ ਪੰਜਾਬ ਦੇ ਸਾਰੇ ਜਿਲਿਆਂ ਦੇ ਬੱਚੇ ਵੱਖ-ਵੱਖ ਖੇਡਾਂ ਵਿਚ ਭਾਗ ਲੈਣ ਲਈ ਅੰਮਿ੍ਰਤਸਰ ਪਹੁੰਚੇ ਹਨ ਅਤੇ ਸਿੱਖਿਆ ਵਿਭਾਗ ਉਨਾਂ ਦੀ ਮੇਜ਼ਬਾਨੀ ਦਾ ਮਾਣ ਲੈ ਰਿਹਾ ਹੈ।ਉਨਾਂ ਦੱਸਿਆ ਕਿ ਇੰਨਾਂ ਤਿੰਨ ਦਿਨਾਂ ਦੌਰਾਨ ਤਿੰਨ ਕਰੋੜ ਰੁਪਏ ਬੱਚਿਆਂ ਦੀਆਂ ਖੇਡਾਂ ’ਤੇ ਖਰਚ ਕੀਤੇ ਜਾ ਰਹੇ ਹਨ, ਜਿਸ ਵਿਚ 5 ਹਜ਼ਾਰ ਦੇ ਕਰੀਬ ਬੱਚੇ ਭਾਗ ਲੈ ਰਹੇ ਹਨ।
ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਵਿਚ ਸਿੱਖਿਆ ਦੇ ਨਾਲ-ਨਾਲ ਖੇਡਾਂ ਦਾ ਸਭਿਆਚਾਰ ਸੁਰਜੀਤ ਕਰਨ ਲਈ ਯਤਨ ਕਰ ਰਹੀ ਹੈ, ਤਾਂ ਜੋ ਪੰਜਾਬ ਦੀ ਜਵਾਨੀ ਦੀਆਂ ਗੱਲਾਂ ਫਿਰ ਦੁਨੀਆਂ ਭਰ ’ਤੇ ਹੋਣ।ਉਨਾਂ ਐਲਾਨ ਕੀਤਾ ਕਿ ਪ੍ਰਾਇਮਰੀ ਖੇਡਾਂ, ਜੋ ਕਿ ਬੱਚੇ ਨੂੰ ਖੇਡਾਂ ਵੱਲ ਤੋਰਨ ਦਾ ਪਹਿਲਾ ਕਦਮ ਹੈ, ਨੂੰ ਉਤਸ਼ਾਹਿਤ ਕਰਨ ਲਈ ਸਿੱਖਿਆ ਵਿਭਾਗ ਦੇ ਸਪੋਰਟਸ ਫੰਡ ਦਾ 15 ਫੀਸਦੀ ਹਿੱਸਾ ਕੇਵਲ ਤੇ ਕੇਵਲ ਪ੍ਰਾਇਮਰੀ ਖੇਡਾਂ ’ਤੇ ਖਰਚ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਖੇਡਣ ਪਹੁੰਚੇ ਬੱਚਿਆਂ ਨੂੰ ਵੀ ਵਿਭਾਗ ਵੱਲੋਂ ਟਰੈਕ ਸੂਟ, ਬੂਟ ਅਤੇ ਹੋਰ ਖੇਡ ਸਮਗਰੀ ਦਿੱਤੀ ਗਈ ਹੈ।
ਸੋਨੀ ਨੇ ਖੇਡਾਂ ਵਿਚ ਭਾਗ ਲੈਣ ਆਏ ਬੱਚਿਆਂ ਨੂੰ ਅੰਮ੍ਰਿਤਸਰ ਆਉਣ ’ਤੇ ਜੀ ਆਇਆਂ ਕਹਿੰਦੇ ਸਾਰੇ ਬੱਚਿਆਂ ਨੂੰ ਸ਼ੁਭ ਇਛਾਵਾਂ ਦਿੱਤੀਆਂ।ਖਿਡਾਰੀ ਬੱਚਿਆਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ ਅਤੇ ਖੇਡਾਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਖਾਧੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਪੀ.ਆਈ ਐਲੀਮੈਂਟਰੀ ਇੰਦਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸਲਵਿੰਦਰ ਸਿੰਘ, ਸ੍ਰੀਮਤੀ ਸੁਨੀਤਾ ਕਿਰਨ, ਸਹਾਇਕ ਡਾਇਰਕਟਰ ਗੁਰਮੇਜ਼ ਕੈਂਥ, ਸਵਿੰਦਰ ਸਿੰਘ ਛਿੰਦਾ, ਧਰਮਵੀਰ ਸੀਰਨ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media