Friday, November 22, 2024

ਖ਼ਾਲਸਾ ਕਾਲਜ ਵੂਮੈਨ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਦਿੱਤੀ ਸਕਾਲਰਸ਼ਿਪ

ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ PPN2910201814ਵਿਦਿਆਰਥਣਾਂ ਨੂੰ ਅਮਰੀਕਾ ਦੀ ਸੰਸਥਾ ਐਨ.ਜੀ.ਓ ਧੀਆਂ ਪੁਕਾਰਦੀਆਂ’ ਦੇ ਪ੍ਰਧਾਨ ਕੁਲਦੀਪ ਸਿੰਘ ਸਰਾਂ ਵਲੋਂ ਸਕਾਲਰਸ਼ਿਪ ਦਿੱਤੀ ਗਈ ਹੈ। ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਰਾ ਵੱਲੋਂ ਲੋੜਵੰਦ ਲੜਕੀਆਂ ਦੀ ਸਹਾਇਤਾ ਲਈ ਸਕਾਲਰਸ਼ਿਪ ਦਿੱਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਲੜਕੀਆਂ ਦੀ ਬਰਾਬਰਤਾ ਨੂੰ ਦੂਰ ਕਰਨ ਲਈ ਅਜਿਹੇ ਦਯਾਵਾਨ ਤੇ ਦਾਨਵੀਰ ਪੁਰਸ਼ਾਂ ਦੀ ਸਮਾਜ ਨੂੰ ਸਖ਼ਤ ਜਰੂਰਤ ਹੈ।
    ਇਸ ਮੌਕੇ ਸਰਾਂ ਨੇ ਆਪਣੀ ਸੰਸਥਾ ਦੁਆਰਾ ਕੀਤੇ ਜਾਂਦੇ ਕਾਰਜਾਂ ਸਬੰਧੀ ਪ੍ਰੈਜੀਟੇਸ਼ਨ ਰਾਹੀਂ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਲੜਕੇ ਅਤੇ ਲੜਕੀਆਂ ਦੇ ਫ਼ਰਕ ਨੂੰ ਦੂਰ ਕਰਨ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ।ਉਨ੍ਹਾਂ ਇਸ ਮੌਕੇ ਕਿਹਾ ਕਿ ਆਧੁਨਿਕ ਤਕਨੀਕ ਦੇ ਯੁੱਗ ’ਚ ਅਜੇ ਵੀ ਸਮਾਜਿਕ ਮਾਹੌਲ ’ਚ ਮੁੰਡੇ-ਕੁੜੀਆਂ ਦਾ ਅੰਤਰ ਬਰਕਰਾਰ ਹੈ ਅਤੇ ਇਸੇ ਸੋਚ ਕਾਰਨ ਲੜਕਿਆਂ ਨੂੰ ਕਈ ਮਾਪੇ ਵੱਧ ਤੋਂ ਵੱਧ ਪੜ੍ਹਾਉਣ ਅਤੇ ਲੜਕੀਆਂ ਨੂੰ ਘਰੇਲੂ ਕਾਰਜਾਂ ’ਚ ਲਗਾਉਣ ਨੂੰ ਤਰਜੀਹ ਦੇ ਰਹੇ ਹਨ।
    ਉਨ੍ਹਾਂ ਕਿਹਾ ਜੇਕਰ ਇਤਿਹਾਸ ਦੇ ਪੰਨ੍ਹਿਆਂ ਨੂੰ ਫ਼ਰੋਲਿਆ ਜਾਵੇ ਤਾਂ ਸਮਾਜ ਲਈ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਲਈ ਕਈ ਔਰਤਾਂ ਦੇ ਨਾਮ ਜਿਨ੍ਹਾਂ ’ਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਬੇਬੇ ਨਾਨਕੀ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਮਾਤਾ ਗੁਜ਼ਰ ਕੌਰ ਤੋਂ ਇਲਾਵਾ ਬੀਬੀ ਭਾਨੀ, ਗੁਲਾਬ ਕੌਰ, ਬੀਬੀ ਭਾਗ ਭਰੀ, ਮਾਈ ਭਾਗੋ, ਮਾਤਾ ਸਾਹਿਬ ਕੌਰ, ਮਹਾਰਾਣੀ ਜਿੰਦ ਕੌਰ ਜੀ ਦਾ ਨਾਮ ਜ਼ਿਕਰਯੋਗ ਹੈ, ਇਸੇ ਤਰ੍ਹਾਂ ਆਨੰਦੀ ਗੋਪਾਲ ਜੋਸ਼ੀ ਭਾਰਤ ’ਚ ਪਹਿਲੀ ਮਹਿਲਾ ਡਾਕਟਰ ਅਤੇ ਸੰਯੁਕਤ ਰਾਜ ਅਮਰੀਕਾ ’ਚ ਡਾਕਟਰ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਸੀ, ਜਸਟਿਸ ਅੰਨਾ ਚਾਂਡੀ ਜੋ ਕਿ ਭਾਰਤ ’ਚ ਪਹਿਲੀ ਮਹਿਲਾ ਜੱਜ ਸੀ ਅਤੇ ਕਲਪਨਾ ਚਾਵਲਾ ਜਿਸ ਨੇ ਸਪੇਸ ਸ਼ਟਲ ਕੋਲੰਬੀਆ ਨੂੰ ਉਡਾਇਆ ਸੀ, ਸਪੇਸ ’ਚ ਜਾਣ ਵਾਲੀ ਪਹਿਲੀ ਭਾਰਤੀ ਔਰਤ ਸੀ ਅਤੇ ਮਦਰ ਟੇਰੇਸਾ ਨੇ ਆਪਣੀ ਜ਼ਿੰਦਗੀ ਨੂੰ ਗਰੀਬਾਂ ਦੀ ਮਦਦ ਲਈ ਸਮਰਪਿਤ ਕੀਤਾ।
    ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਇਸ ਮੌਕੇ ਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਦਿੱਤੀ ਗਈ ਸ਼ਕਾਲਰਸ਼ਿਪ ਲੋੜਵੰਦ ਵਿਦਿਆਰਥਣਾਂ ਨੂੰ ਸਿੱਖਿਆ ਦੇਣ ਲਈ ਹੀ ਵਰਤੀ ਜਾਵੇਗੀ।ਸਰਾ ਨੇ 28 ਲੋੜਵੰਦ ਵਿਦਿਆਰਥਣਾਂ ਦੀ ਇੰਟਰਵਿਊ ਲਈ ਅਤੇ ਇਸ ਉਪਰੰਤ ਉਨ੍ਹਾਂ ਨੂੰ ਸਾਲਾਨਾ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹਿੰਮਤਵਰ ਔਰਤਾਂ ਮਜ਼ਬੂਤ ਸੰਸਾਰ ਬਣਾਉਂਦੀਆਂ ਹਨ ਅਤੇ ਸਿੱਖਿਆ ਉਨ੍ਹਾਂ ਨੂੰ ਹਰ ਪੱਖੋਂ ਮਜ਼ਬੂਤ ਬਣਾ ਸਕਦੀ ਹੈ।ਇਸ ਮੌਕੇ ਕਾਲਜ ਸਟਾਫ਼ ਤੋਂ ਇਲਾਵਾ ਵਿਦਿਆਰਥਣਾਂ ਮੌਜ਼ੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply