Saturday, September 5, 2026

ਓਟ ਕਲੀਨਿਕ ਨਸ਼ੇ ਤੋਂ ਪੀੜਤ ਵਿਅਕਤੀਆਂ ਲਈ ਬਣੇ ਵਰਦਾਨ – ਡਿਪਟੀ ਕਮਿਸ਼ਨਰ

ਹੁਣ ਤੱਕ 8805 ਨਸ਼ਾ ਪੀੜਤਾਂ ਨੂੰ ਖਵਾਈ ਦਵਾਈ
ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਨਸ਼ਿਆਂ ਦੇ ਖਾਤਮੇ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਗਈ ਮੁਹਿੰਮ ਨਸ਼ੇ ਦੇ ਖਾਤਮੇ ਤੱਕ ਢਿੱਲੀ ਨਹੀਂ PPN0911201803ਪੈਣ ਦਿੱਤੀ ਜਾਵੇਗੀ ਅਤੇ ਇਨਾਂ ਖਿਲਾਫ ਜਾਗਰੂਕਤਾ ਫੈਲਾਉਣ ਲਈ ਸਕੂਲਾਂ ਤੇ ਕਾਲਜਾਂ ਵਿਚ ਮਨੋਵਿਗਿਆਨਕਾਂ ਵੱਲੋਂ ਵਿਸ਼ੇਸ਼ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਹੁਣ ਤੱਕ ਜਿਲੇ੍ਹ ਵਿੱਚ ਚੱਲ ਰਹੇ ਨਸ਼ਾ ਛੁਡਾਉ ਕੇਂਦਰਾਂ ਵਿੱਚ 8805 ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਦਵਾਈ ਖਵਾਈ ਗਈ ਅਤੇ ਉਹ ਰੋਜਾਨਾ ਅਲੱਗ ਅਲੱਗ ਓਟ ਸੈਂਟਰਾ ਵਿੱਚ ਜਾ ਕੇ ਆਪਣੀ ਦਵਾਈ ਲੈ ਰਹੇ ਹਨ।  
     ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਹੁਣ ਲੋਕਾਂ ਦਾ ਡਟਵਾਂ ਸਹਿਯੋਗ ਮਿਲ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ੍ਹ ਵਿੱਚ ਓਟ ਸੈਂਟਰ ਸਰਕਾਰੀ ਹਸਪਤਾਲ ਜਿਵੇਂ ਕਿ ਐਸ.ਡੀ.ਐਚ ਬਾਬਾ ਬਕਾਲਾ ਸਾਹਿਬ, ਅਜਨਾਲਾ ਅਤੇ ਸੀ.ਐਚ.ਸੀ ਤਰਸਿੱਕਾ, ਮਜੀਠਾ, ਮਾਨਾਂਵਾਲਾ, ਵੇਰਕਾ, ਲੋਪੋਕੇ, ਆਰ.ਐਚ ਚਵਿੰਡਾ ਦੇਵੀ, ਸੈਂਟਰ ਜੇਲ ਅੰਮ੍ਰਿਤਸਰ ਅਤੇ ਸਰਕਾਰੀ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਅੰਮ੍ਰਿਤਸਰ ਵਿੱਚ ਚੱਲ ਰਹੇ ਹਨ।ਸੰਘਾ ਨੇ ਦੱਸਿਆ ਕਿ ਨਸ਼ੇ ਤੋਂ ਪੀੜਤ ਵਿਅਕਤੀਆਂ ਦਾ ਇਲਾਜ ਇਨ੍ਹਾਂ ਓਟ ਸੇੈਟਰਾਂ ਵਿੱਚ ਸਰਕਾਰ ਵੱਲੋਂ ਮੁਫ਼ਤ ਕੀਤੇ ਜਾਣ ਦੇ ਨਾਲ ਨਾਲ ਰੋਟੀ-ਪਾਣੀ ਵੀ ਮੁਫਤ ਕਰ ਦਿੱਤਾ ਜਾਂਦਾ ਹੈ।
     ਸੰਘਾ ਨੇ ਦੱਸਿਆ ਕਿ ਨਸ਼ੇ ਕਰਨ ਵਾਲੇ ਜ਼ਿਆਦਾਤਰ ਨੌਜਵਾਨ ਇਕੋ ਸ਼ਰਿੰਜ ਦੀ ਵਰਤੋਂ ਕਰਨ ਕਰਕੇ ਕਾਲੇ ਪੀਲੀਏ ਤੇ ਐਚ.ਆਈ.ਵੀ ਦੇ ਵੀ ਸ਼ਿਕਾਰ ਹੋ ਚੁੱਕੇ ਹਨ ਅਤੇ ਨਸ਼ਾ ਛੁਡਾਉ ਕੇਂਦਰ ਵਿਚ ਇਸ ਦੇ ਇਲਾਜ ਦੀ ਸ਼ੁਰੂਆਤ ਵੀ ਨਾਲ-ਨਾਲ ਕੀਤੀ ਗਈ ਹੈ।ਉਨਾਂ ਨਸ਼ੇ ਲੈਣ ਵਾਲੇ ਨੌਜਵਾਨਾਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਨਸ਼ੇ ਦੀ ਗ੍ਰਿਫਤ ਵਿਚ ਆ ਚੁੱਕੇ ਨੌਜਵਾਨਾਂ ਨੂੰ ਝਿੜਕ ਜਾਂ ਡਾਂਟਣ ਨਾ ਬਲਕਿ ਇਲਾਜ ਲਈ ਲੈ ਕੇ ਆਉਣ, ਕਿਉਂਕਿ ਨਸ਼ਾ ਇਕ ਮਾਨਸਿਕ ਰੋਗ ਹੈ ਅਤੇ ਨਸ਼ਾ ਹਟਣ ਦੇ ਨਾਲ ਹੀ ਰੋਗੀ ਆਪਣੇ ਆਪ ਠੀਕ ਹੋ ਜਾਵੇਗਾ।
     ਸ੍ਰੀਮਤੀ ਪ੍ਰਭਦੀਪ ਕੌਰ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਨਸ਼ੇ ਦੇ ਪੀੜਤ ਵਿਅਕਤੀਆਂ ਦਾ ਨਸ਼ੇ ਨੂੰ ਛੱਡਣ ਦਾ ਕੋਰਸ 1 ਤੋਂ 2 ਸਾਲ ਤੱਕ ਦਾ ਹੁੰਦਾ ਹੈ।ਉਨ੍ਹਾਂ ਦੱਸਿਆ ਕਿ ਜਿਹੜੇ ਨਸ਼ਾ ਪੀੜਤ ਹੈਰੋਇਨ, ਅਫੀਮ, ਭੂਕੀ, ਕੋਡੀਨ, ਟਰੈਮਾਡੋਲ (ਐਸ.ਆਰ) ਦਾ ਸੇਵਨ ਕਰਦੇ ਹਨ ਨੂੰ ਨਸ਼ੇ ਤੋਂ ਮੁਕਤ ਕਰਵਾਉਣ ਲਈ ਓਟ ਸੈਂਟਰਾਂ ਵਿੱਚ ਦਵਾਈ ਦਿੱਤੀ ਜਾਂਦੀ ਹੈ।ਸ੍ਰੀਮਤੀ ਪ੍ਰਭਦੀਪ ਕੌਰ ਨੇ ਦੱਸਿਆ ਕਿ ਨਸ਼ੇ ਦੀ ਪੀੜਤ ਵਿਅਕਤੀਆਂ ਨੂੰ ਹਸਪਤਾਲਾਂ ਵਿੱਚ ਦਾਖਲ ਨਹੀਂ ਕੀਤਾ ਜਾਂਦਾ, ਬਲਕਿ ਹਸਪਤਾਲ ਦੇ ਸਪੈਸ਼ਲ ਟੇ੍ਰਨਿੰਗ ਸਟਾਫ ਵੱਲੋਂ ਆਪਣੀ ਨਿਗਰਾਨੀ ਹੇਠ ਦਵਾਈ ਖਵਾ ਕੇ ਘਰ ਭੇਜ ਦਿਤਾ ਜਾਂਦਾ ਹੈ ਤਾਂ ਜੋ ਉਹ ਆਪਣਾ ਰੋਜਾਨਾ ਦਾ ਕੰਮਕਾਜ ਜਾਰੀ ਰੱਖ ਸਕਣ।ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ ਹਸਪਤਾਲਾਂ ਵਿੱਚ ਦਵਾਈ ਲੈਣ ਨਹੀਂ ਆਉਂਦੇ ਉਨ੍ਹਾਂ ਦੇ ਘਰ ਘਰ ਜਾ ਕੇ ਓਟ ਟਰੇਨਰਾਂ ਦੀ ਮਦਦ ਨਾਲ ਦਵਾਈ ਦਿੱਤੀ ਜਾਂਦੀ ਹੈ।ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਪ੍ਰੇਰਿਤ ਕਰਕੇ ਨੇੜੇ ਦੇ ਓਟ ਸੈਂਟਰਾਂ ਵਿੱਚ ਲਿਆਉਣ ਤਾਂ ਜੋ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ। 

Check Also

ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਘਰ-ਘਰ ਪਹੁੰਚਾਉਣ ਲਈ ਚੁਣੇ ਹੋਏ ਨੁਮਾਇੰਦਿਆਂ ਦੀ ਜਿਲ੍ਹਾ ਪੱਧਰੀ ਵਰਕਸ਼ਾਪ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰ ਦੀਆਂ ਲੋਕ ਭਲਾਈ …

Leave a Reply