ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਸੱਗੂ) – ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਵਾਲੀ ਚੋਣ ਨੂੰ ਲੈ ਕੇ ਭਾਗ ਸਿੰਘ ਅਣਖੀ ਧੜਾ ਅਤੇ ਚਰਨਜੀਤ ਸਿੰਘ ਚੱਢਾ ਧੜੇ ਵਲੋਂ ਚੋਣ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ।ਅਣਖੀ ਧੜੇ ਨਾਲ ਸੰਬੰਧਿਤ ਪ੍ਰਧਾਨਗੀ ਲਈ ਉਮੀਦਵਾਰ ਨਿਰਮਲ ਸਿੰਘ ਠੇਕੇਦਾਰ ਅਤੇ ਆਨਰੇਰੀ ਸਕੱਤਰ ਲਈ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੇ ਆਪਣੇ ਹਮਾਇਤੀਆਂ ਨਾਲ ਮੀਟਿੰਗ ਉਪਰੰਤ ਕਿਹਾ ਕਿ ਉਹਨਾਂ ਦੀ ਟੀਮ ਦਾ ਮੁੱਖ ਮਕਸਦ ਚੀਫ ਖਾਲਸਾ ਦੀਵਾਨ ਪ੍ਰਤੀ ਵਿਸ਼ਵਾਸ਼ ਦੀ ਭਾਵਨਾ ਹਾਲ ’ਚ ਮੁੜ ਬਹਾਲ ਕਰਨਾ ਹੋਵੇਗਾ।
ਉਹਨਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਦੀਵਾਨ ਨਾਲ ਸੰਬਧਿਤ ਆਗੂਆਂ ਦੀਆਂ ਸਾਹਮਣੇ ਆਈਆਂ ਅਨੈਤਿਕ ਕਾਰਵਾਈਆਂ ਨੇ ਦੀਵਾਨ ਦੇ ਅਕਸ ਨੂੰ ਕਾਫੀ ਢਾਹ ਲਾਈ ਹੈ।ਉਹਨਾਂ ਕਿਹਾ ਕਿ ਪਿਛਲੇ ਸਮੇਂ ਦੀਵਾਨ `ਚ ਸ਼ੁਰੂ ਕੀਤੀ ਗਈ ਤਾਨਾਸ਼ਾਹੀ ਵਾਲੀ ਸਾਮਰਾਜੀ ਪ੍ਰਣਾਲੀ ਦਾ ਖਾਤਮਾ ਕਰ ਕੇ ਪਾਰਦਰਸ਼ਤਾ ਲਿਆਉਣਗੇ।ਸਕੂਲਾਂ ਦੇ ਮੈਂਬਰ ਇੰਚਾਰਜਾਂ ਨੂੰ ਸਕੂਲਾਂ ਦੀ ਬਿਹਤਰੀ ਲਈ ਬਣਦਾ ਅਧਿਕਾਰ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ 1920 ਦੌਰਾਨ ਰਜਿਸਟਰ ਹੋਈ ਸੰਸਥਾ ਚੀਫ ਖਾਲਸਾ ਦੀਵਾਨ ਨੂੰ ਜਿਵੇ ਇਕ ਚੈਰੀਟੇਬਲ ਸੰਸਥਾ ਬਣਾ ਕੇ ਕੁੱਝ ਲੋਕਾਂ ਨੇ ਆਪਣੀ ਮਾਲਕੀ ਬਣਾਉਣ ਦੀ ਜੋ ਕੋਝੀ ਚਾਲ ਚੱਲੀ ਹੈ, ਉਸ ਨੁੰ ਮੁੜ ਪੰਥਕ ਵਿਰਾਸਤ ਦਾ ਦਰਜਾ ਦਿਵਾਇਆ ਜਾਵੇਗਾ।ਸਿੱਖ ਵਿਦਿਆਰਥੀਆਂ ਨੂੰ ਸਮੇ ਦੇ ਹਾਣ ਦਾ ਬਣਾਉਣ ਲਈ ਘੱਟ ਫੀਸਾਂ ਨਾਲ ਗੁਰਸਿੱਖ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਕਿੱਤਾਮੁਖੀ ਮਿਆਰੀ ਵਿਦਿਆ ਦਿੱਤੀ ਜਾਵੇਗੀ।ਬੱਚਿਆਂ ਨੁੰ ਸਿੱਖੀ ਵਿਚਾਰਧਾਰਾ ਨਾਲ ਜੋੜਣ ਵਾਲੇ ਫਰਜ ਨੂੰ ਪਕੇਰਾ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਹੁਣ ਤੱਕ ਉਹਨਾਂ ਕਰੀਬ 200 ਮੈਬਰਾਂ ਤੱਕ ਪਹੁੰਚ ਕੀਤੀ ਜਾ ਚੁਕੀ ਹੈ।
ਮੀਟਿੰਗ ’ਚ ਰਾਜਮਹਿੰਦਰ ਸਿੰਘ ਮਜੀਠਾ ਚਾਂਸਲਰ ਖਾਲਸਾ ਕਾਲਜ, ਭਾਗ ਸਿੰਘ ਅਣਖੀ, ਇੰਦਰਬੀਰ ਸਿੰਘ ਨਿੱਜਰ, ਅਮਰਜੀਤ ਸਿੰਘ ਲੁਧਿਆਣਾ, ਸੁਖਦੇਵ ਸਿੰਘ ਮੱਤੇਵਾਲ, ਸਵਿੰਦਰ ਸਿੰਘ ਕੱਥੂਨੰਗਲ ਸਾਬਕਾ ਵਿਧਾਇਕ, ਰਾਜਿੰਦਰ ਸਿੰਘ ਮਰਵਾਹਾ, ਅਜਾਇਬ ਸਿੰਘ ਅਭਿਆਸੀ, ਪ੍ਰਿੰਸ ਸੁਖਜਿੰਦਰ ਸਿੰਘ, ਜਸਪਾਲ ਸਿੰਘ ਢਿਲੋ, ਪ੍ਰੋ. ਹਰੀ ਸਿੰਘ, ਅਵਤਾਰ ਸਿੰਘ, ਅਤਰ ਸਿੰਘ ਚਾਵਲਾ, ਜਤਿੰਦਰ ਸਿੰਘ ਭਾਟੀਆ, ਮਨਮੋਹਨ ਸਿੰਘ, ਵਰਿਆਮ ਸਿੰਘ, ਨਿਰੰਜਨ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …