ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਨਾਲ
ਮਰਹੂਮ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਸਾਹਿਤਕ ਸਮਾਗਮ ਰਚਾਇਆ ਗਿਆ, ਜਿਹੜੇ 12 ਨਵੰਬਰ 2013 ਨੂੰ ਆਪਣੀ ਪਤਨੀ ਸਮੇਤ ਸੜਕ ਦੁਰਘਟਨਾ ਵਿੱਚ ਅਕਾਲ ਚਲਾਣਾ ਕਰ ਗਏ ਸਨ।
ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿੱਚ ਹੋਏ ਇਸ ਸੰਖੇਪ ਪਰ ਅਰਥਭਰਪੂਰ ਸਮਾਗਮ ਵਿੱਚ ਤਲਵਿੰਦਰ ਨੂੰ ਚੇਤੇ ਕਰਦਿਆਂ ਸਾਹਿਤਕਾਰਾਂ ਨੇ ਕਿਹਾ ਕਿ ਤਲਵਿੰਦਰ ਵਰਗੇ ਇਨਸਾਨ ਆਪਣੇ ਉਤਮ ਗੁਣਾਂ ਕਰਕੇ ਹਮੇਸ਼ਾਂ ਲੋਕ ਮਨਾਂ ਵਿੱਚ ਵੱਸੇ ਰਹਿੰਦੇ ਹਨ।ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਤਲਵਿੰਦਰ ਦੀਆਂ ਸਮੁੱਚੀਆਂ ਕਹਾਣੀਆਂ ਜਿੱਥੇ ਪਰਿਵਾਰਕ ਟੁੱਟ-ਭੱਜ ਅਤੇ ਅਣਕਿਆਸੇ ਰਿਸ਼ਤਿਆਂ ਦੀ ਨਿਸ਼ਾਨਦੇਹੀ ਕਰਦੀਆਂ ਹਨ, ਉਥੇ ਪੇਂਡੂ ਅਤੇ ਸ਼ਹਿਰੀ ਜਨ-ਜੀਵਨ ਵਿੱਚ ਆ ਰਹੀਆਂ ਤਬਦੀਲੀਆਂ ਵੀ ਬਿਆਨਦੀਆਂ ਹਨ। ਸ਼ਾਇਰ ਦੇਵ ਦਰਦ ਨੇ ਗੱਲ ਨੂੰ ਅੱਗੇ ਤੋਰਦਿਆਂ ਕਿਹਾ ਕਿ ਸ਼ਾਹਮੁਖੀ ਤੋਂ ਗੁਰਮੁਖੀ `ਚ ਲਿਪੀਅੰਤਰ ਕੀਤਾ ਗਿਆ ਪੰਜਾਬੀ ਸਾਹਿਤ ਤਲਵਿੰਦਰ ਦਾ ਯਾਦਗਾਰੀ ਕਾਰਜ ਹੈ। ਪ੍ਰੋ: ਹੀਰਾ ਸਿੰਘ ਨੇ ਤਲਵਿੰਦਰ ਦੀਆਂ ਚਰਚਿਤ ਕਹਾਣੀਆਂ ‘ਨੀਲੀਆਂ ਅੱਖਾਂ` ਅਤੇ ‘ਵਿਚਲੀ ਔਰਤ` ਦੇ ਕਥਾਨਕ ਹਵਾਲਿਆਂ ਨਾਲ ਕਿਹਾ ਕਿ ਤਲਵਿੰਦਰ ਨੇ ਅਜੋਕੀ ਪੰਜਾਬੀ ਕਹਾਣੀ ਵਿੱਚ ਜਿਕਰਯੋਗ ਕਹਾਣੀਆਂ ਲਿਖੀਆਂ ਹਨ।ਸ਼ਾਇਰਾ ਅਰਤਿੰਦਰ ਸੰਧੂ ਅਤੇ ਰਾਜਖੁਸ਼ਵੰਤ ਸਿੰਘ ਸੰਧੂ ਵੱਲੋਂ ਭਾਵੁਕ ਤੌਰ ਤੇ ਕਿਹਾ ਕਿ ਉਸ ਕੋਲ ਰਿਸ਼ਤਿਆਂ ਦੀ ਪਕੀਜ਼ਗੀ ਦੀ ਗੂੜੀ ਸਮਝ ਸੀ।ਕਾਲਮਨਵੀਸ ਮਨਮੋਹਨ ਢਿੱਲੋਂ ਅਤੇ ਹਰਮੀਤ ਆਰਟਿਸਟ ਨੇ ਆਪਣੀ ਸਾਹਿਤਕ ਦੋਸਤੀ ਦੇ ਹਵਾਲੇ ਨਾਲ ਦੱਸਿਆ ਕਿ ਅਜਿਹੇ ਲੋਕਾਂ ਦੀ ਮਿੱਤਰਾਚਾਰੀ ਤੇ ਹਮੇਸ਼ਾਂ ਮਾਣ ਰਹਿੰਦਾ ਹੈ। ਡਾ. ਹਜ਼ਾਰਾ ਸਿੰਘ ਚੀਮਾ ਅਤੇ ਹਰਜੀਤ ਸੰਧੂ ਨੇ ਦੱਸਿਆ ਕਿ ਤਲਵਿੰਦਰ ਕੋਲ ਸਾਹਿਤਕ ਸੂਝ ਦੇ ਨਾਲ-ਨਾਲ ਜਥੇਬੰਦਕ ਸੂਝ ਵੀ ਬਾਕਮਾਲ ਸੀ।ਡਾ. ਕਸ਼ਮੀਰ ਸਿੰਘ ਅਤੇ ਸੁਮੀਤ ਸਿੰਘ ਨੇ ਆਏ ਅਦੀਬਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਦੀਆਂ ਸਾਂਝਾਂ, ਹੱਦਾਂ-ਸਰਹੱਦਾਂ ਦੇ ਘੇਰੇ ਤੋਂ ਪਾਰ ਦੀਆਂ ਸਨ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਿੰ: ਟੀਨਾ ਸ਼ਰਮਾ, ਪ੍ਰਤੀਕ ਸਹਿਦੇਵ, ਮੈਡਮ ਪਰਮਜੀਤ, ਸੁਭਾਸ਼, ਨਵਦੀਪ, ਅਰਜੁਨ, ਮੈਡਮ ਮਮਤਾ, ਅੰਕਿਤਾ ਸਹਿਦੇਵ, ਮੈਡਮ ਗੀਤਾ, ਪ੍ਰਤੀਕ ਸਹਿਦੇਵ ਤੋਂ ਇਲਾਵਾ ਸਕੂਲ ਸਟਾਫ ਅਤੇ ਹੋਰ ਸਾਹਿਤਕਾਰ ਹਾਜ਼ਰ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media