ਉਚੇਰੀ ਸਿੱਖਿਆ ਲਈ ਹਰੇਕ ਸਬ-ਡਵੀਜ਼ਨ ’ਚ ਸਥਾਪਤ ਹੋਵੇਗਾ ਕਾਲਜ- ਰਜ਼ੀਆ ਸੁਲਤਾਨਾ
ਧੂਰੀ, 15 ਨਵੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਸੰਗਰੂਰ ’ਚ ਦੂਜੇ ਪੜਾਅ ਤਹਿਤ ਅੱਜ
ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ ਰਾਜ ਪੱਧਰੀ ਰੋਜ਼ਗਾਰ ਮੇਲੇ ਵਿੱਚ 205 ਪ੍ਰਾਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀ ਲਈ ਮੌਕੇ ’ਤੇ ਹੀ ਪੇਸ਼ਕਸ਼ ਪੱਤਰ ਪ੍ਰਦਾਨ ਕੀਤੇ ਗਏ।ਸਮਾਗਮ ’ਚ ਉਚੇਰੀ ਸਿੱਖਿਆ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਨਾਲ ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੀ ਮੌਜੂਦ ਸਨ।
ਇਸ ਮੌਕੇ ਰੋਜ਼ਗਾਰ ਮੇਲੇ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੰੂ ਵਧੀਆ ਉਦਯੋਗਾਂ ਅਤੇ ਨਾਮੀ ਕੰਪਨੀਆਂ ’ਚ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਹਰੇਕ ਜ਼ਿਲ੍ਹੇ ਅਤੇ ਸਬ ਡਵੀਜ਼ਨ ਪੱਧਰ ’ਤੇ ਰੋਜ਼ਗਾਰ ਮੇਲਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਰਾਜ ਪੱਧਰੀ ਮੇਲਿਆਂ ਦੇ ਦੂਜੇ ਪੜ੍ਹਾਅ ਦਾ ਮੰਤਵ ਬੇਰੁਜ਼ਗਾਰੀ ਨੰੂ ਠੱਲ ਪਾਉਣਾ ਅਤੇ ਹਰੇਕ ਹੁਨਰਮੰਦ ਬੇਰੁਜ਼ਗਾਰ ਨੌਜਵਾਨ ਨੰੂ ਵਿੱਦਿਅਕ ਯੋਗਤਾ ਮੁਤਾਬਿਕ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਮਨੋਰਥ ਵਿੱਚ ਰਾਜ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ ਉਹਨਾਂ ਨੰੁ ਹਰ ਹੀਲੇ ਪੂਰਾ ਕੀਤਾ ਜਾਵੇਗਾ। ਇਸ ਤੋਂ ਪਹਿਲਾ ਸ਼੍ਰੀਮਤੀ ਰਜ਼ੀਆ ਸੁਲਤਾਨਾ, ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਮੌਕੇ ’ਤੇ ਹੀ ਪ੍ਰਾਈਵੇਟ ਕੰਪਨੀਆਂ ਵੱਲੋਂ ਚੁਣੇ ਗਏ ਪ੍ਰਾਰਥੀਆਂ ਨੰੂ ਨੌਕਰੀ ਦੇ ਪੇਸ਼ਕਸ਼ ਪੱਤਰ (ਆਫ਼ਰ ਲੈਟਰ) ਪ੍ਰਦਾਨ ਕੀਤੇ ਗਏ।
ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਧੂਰੀ ਵਿਖੇ ਨੌਜਵਾਨਾਂ ਨੰੂ ਰੋਜ਼ਗਾਰ ਦੇ ਮੌਕੇ ਦੇਣ ਲਈ ਲਗਾਏ ਰੋਜ਼ਗਾਰ ਮੇਲੇ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ਬਰੜਵਾਲ ਕਾਲਜ ਵਿਖੇ ਲੱਗੇ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਦੌਰਾਨ 35 ਤੋਂ ਵੱਧ ਨਾਮੀ ਕੰਪਨੀਆਂ ਨੇ ਪਹੰੁਚ ਕੀਤੀ ਹੈ ਜਿੱਥੇ ਹਰੇਕ ਹੁਨਰਮੰਦ ਨੌਜਵਾਨ ਨੰੂ ਯੋਗਤਾ ਅਤੇ ਤਜ਼ਰਬੇ ਦੇ ਆਧਾਰ ’ਤੇ ਨੌਕਰੀ ਮਿਲੇਗੀ।
ਰੋਜ਼ਗਾਰ ਮੇਲੇ ਦੌਰਾਨ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 20 ਨਵੰਬਰ ਨੰੂ ਸਲਾਈਟ ਲੌਗੋਵਾਲ ਵਿਖੇ ਵੀ ਅਜਿਹਾ ਹੀ ਰਾਜ ਪੱਧਰ ਦਾ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ, ਜਿਸ ਦਾ ਲੋੜਵੰਦਾਂ ਨੰੂ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸੁਨਾਮ ਵਿਖੇ ਆਯੋਜਿਤ ਰਾਜ ਪੱਧਰੀ ਰੋਜ਼ਗਾਰ ਮੇਲੇ ਵਿੱਚ 320 ਬਿਨੇਕਾਰਾਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਜਦਕਿ 104 ਦੀ ਚੋਣ ਸਵੈ ਰੁਜ਼ਗਾਰ ਲਈ ਕੀਤੀ ਗਈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਿਕਰਮਜੀਤ ਸਿੰਘ ਸ਼ੇਰਗਿੱਲ, ਐਸ.ਡੀ.ਐਮ ਦੀਪਕ ਰੁਹੇਲਾ, ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੇ ਪ੍ਰਧਾਨ ਘਨਸ਼ਿਆਮ ਕਾਂਸਲ ਤੋਂ ਇਲਾਵਾ ਰੋਜ਼ਗਾਰ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media