ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਦਿੱਲੀ ਵਿਚ 1984 ਦੇ ਸਿੱਖ ਕਤਲੇਆਮ ਦੇ ਇੱਕ ਮਾਮਲੇ ’ਚ ਅਦਾਲਤ ਵੱਲੋਂ ਦੋ ਦੋਸ਼ੀਆਂ ਨੂੰ ਸਜ਼ਾ
ਦੇਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ ਹੈ। ਅਦਾਲਤ ਦੇ ਫੈਸਲੇ ਅਨੁਸਾਰ ਇੱਕ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਤੇ ਇੱਕ ਨੂੰ ਉਮਰ ਕੈਦ ਹੋਣ ਤੋਂ ਬਾਅਦ ਲੌਂਗੋਵਾਲ ਨੇ ਆਖਿਆ ਕਿ ਇਹ ਫੈਸਲਾ ਭਾਵੇਂ ਦੇਰ ਨਾਲ ਹੀ ਆਇਆ ਹੈ, ਪਰ ਦਰੁਸਤ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਇਹ ਕੇਸ ਤਾਂ ਕੇਵਲ ਇੱਕ ਮਹੱਲੇ ਨਾਲ ਸਬੰਧਤ ਸੀ ਜਦਕਿ ਸਿੱਖ ਕਤਲੇਆਮ ਦੇ ਵੱਡੇ ਦੋਸ਼ੀ ਤਾਂ ਅਜੇ ਵੀ ਆਜ਼ਾਦ ਫਿਰ ਰਹੇ ਹਨ।ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਤੇ ਹੋਰਾਂ ਨੂੰ ਵੀ ਅਜਿਹੀਆਂ ਹੀ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।ਲੌਂਗੋਵਾਲ ਨੇ ਕਿਹਾ ਕਿ ਦੁੱਖ ਤਾਂ ਇਸ ਗੱਲ ਦਾ ਹੈ ਕਿ ਸਿੱਖਾਂ ਨੂੰ ਪਿਛਲੇ 34 ਸਾਲ ਤੋਂ ਇਨਸਾਫ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਣਾ ਪਿਆ। ਭਾਈ ਲੌਂਗੋਵਾਲ ਨੇ ਕਿਹਾ ਕਿ ਕਾਂਗਰਸ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਹਮੇਸ਼ਾ ਹੀ ਪੁਸ਼ਤਪਨਾਹੀ ਕੀਤੀ ਹੈ ਅਤੇ ਜਿਹੜੇ ਵਿਅਕਤੀ ਸ਼ਰੇਆਮ ਸਿੱਖ ਕਤਲੇਆਮ ਦੇ ਦੋਸ਼ੀ ਹਨ ਉਨ੍ਹਾਂ ਨੂੰ ਕਾਂਗਰਸ ਵੱਲੋਂ ਵੱਡੇ ਵੱਡੇ ਅਹੁਦੇ ਅਤੇ ਟਿਕਟਾਂ ਦੇ ਕੇ ਨਿਵਾਜਿਆ ਜਾਂਦਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਅਜਿਹੀਆਂ ਹੀ ਸਖਤ ਸਜ਼ਾਵਾਂ ਨਹੀ ਮਿਲ ਜਾਂਦੀਆਂ ਸਿੱਖਾਂ ਦਾ ਰੋਸ ਠੰਡਾ ਨਹੀਂ ਹੋਵੇਗਾ।
Check Also
ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ
ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ …
Punjab Post Daily Online Newspaper & Print Media