ਭੀਖੀ/ਮਾਨਸਾ, 24 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਰਕਾਰੀ ਵਿਭਾਗਾਂ ਨੂੰ ਸੂਚਨਾ ਅਧਿਕਾਰ ਐਕਟ 2005 ਤਹਿਤ ਆਰ.ਟੀ.ਆਈ ਦੀ ਜਾਣਕਾਰੀ
ਦੇਣ ਲਈ ਸਥਾਨਕ ਬੱਚਤ ਭਵਨ ਵਿਖੇ ਲਗਾਏ ਗਏ 2 ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਦੇ ਅੰਤਿਮ ਦਿਨ ਦੀ ਟ੍ਰੇਨਿੰਗ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਹੋਈ।ਉਨ੍ਹਾਂ ਕਿਹਾ ਕਿ ਆਰ.ਟੀ.ਆਈ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਸਮੂਹ ਵਿਭਾਗਾਂ ਨੂੰ ਆਪਣਾ ਦਫ਼ਤਰੀ ਰਿਕਾਰਡ ਪੂਰੀ ਤਰ੍ਹਾਂ ਨਾਲ ਮੇਨਟੇਨ ਕਰਕੇ ਰੱਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਕੋਈ ਪ੍ਰਾਰਥੀ ਆਰ.ਟੀ.ਆਈ ਰਾਹੀਂ ਕੋਈ ਸੂਚਨਾ ਮੰਗਦਾ ਹੈ ਤਾਂ ਉਸਨੂੰ ਨਿਸ਼ਚਿਤ ਸਮੇਂ ਅੰਦਰ ਸੂਚਨਾ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾਵੇ।
ਟ੍ਰੇਨਿੰਗ ਦੌਰਾਨ ਕੋਆਰਡੀਨੇਟਰ ਮੈਗਸੀਪਾ ਖੇਤਰੀ ਦਫ਼ਤਰ ਬਠਿੰਡਾ ਮਨਦੀਪ ਸਿੰਘ ਨੇ ਦੱਸਿਆ ਕਿ ਇਸ ਐਕਟ ਦਾ ਮੁੱਖ ਮੰਤਵ ਨਾਗਰਿਕਾਂ ਵੱਲੋਂ ਉਨ੍ਹਾਂ ਦੇ ਸੂਚਨਾ ਪ੍ਰਤੀ ਅਧਿਕਾਰਾਂ ਵਾਸਤੇ ਪਬਲਿਕ ਅਥਾਰਟੀਜ਼ ਦੇ ਕੰਟਰੋਲ ਹੇਠ ਸੂਚਨਾ ਤੱਕ ਪਹੁੰਚ ਕਰਨ ਲਈ ਇੱਕ ਵਿਵਹਾਰਕ ਪ੍ਰਣਾਲੀ ਸਥਾਪਿਤ ਕਰਨਾ ਹੈ ਤਾਂ ਕਿ ਹਰ ਪਬਲਿਕ ਅਥਾਰਿਟੀ ਦੇ ਕੰਮ-ਕਾਜ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਲਿਆਂਦੀ ਜਾ ਸਕੇ।ਉਨ੍ਹਾਂ ਕਿਹਾ ਕਿ ਕਿਸੇ ਵੀ ਰੂਪ ਵਿੱਚ ਕੋਈ ਵੀ ਸਮੱਗਰੀ ਸੂਚਨਾ ਹੈ ਅਤੇ ਕਿਸੇ ਵੀ ਨਾਗਰਿਕ ਨੂੰ ਕਿਸੇ ਵੀ ਜਨਤਕ ਅਥਾਰਟੀ ਪਾਸੋਂ ਅਜਿਹੀ ਸੂਚਨਾ ਪ੍ਰਾਪਤ ਕਰਨ ਦਾ ਅਧਿਕਾਰ ਹੈ ਜੋ ਉਸ ਜਨਤਕ ਅਥਾਰਟੀ ਵੱਲੋਂ ਰੱਖੀ ਗਈ ਹੋਵੇ ਜਾਂ ਉਸ ਦੇ ਕੰਟਰੋਲ ਹੇਠ ਹੋਵੇ।
ਅੰਤਿਮ ਦਿਨ ਦੇ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਹਰਮਿੰਦਰ ਸਿੰਘ ਨੇ ਟ੍ਰੇਨਿੰਗ ਲੈਣ ਆਏ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਦੱਸਿਆ ਕਿ ਸੂਚਨਾ ਪ੍ਰਾਪਤੀ ਅਧਿਕਾਰ ਐਕਟ, 2005 ਨਾਗਰਿਕਾਂ ਨੂੰ ਕਿਸੇ ਵੀ ਜਨਤਕ ਅਥਾਰਟੀ ਕੋਲੋਂ ਜਾਣਕਾਰੀ ਹਾਸਲ ਕਰਨ ਦਾ ਅਖ਼ਤਿਆਰ ਦਿੰਦਾ ਹੈ।ਉਨ੍ਹਾਂ ਦੱਸਿਆ ਕਿ ਪ੍ਰਾਰਥੀ ਨੂੰ ਮੰਗੀ ਗਈ ਸੂਚਨਾ 30 ਦਿਨਾਂ ਦੇ ਅੰਦਰ-ਅੰਦਰ ਦੇਣੀ ਚਾਹੀਦੀ ਹੈ ਅਤੇ ਜੇਕਰ ਸੂਚਨਾ ਕਿਸੇ ਦੇ ਜੀਵਨ ਅਤੇ ਆਜ਼ਾਦੀ ਨਾਲ ਸਬੰਧਤ ਹੋਵੇ ਤਾਂ 48 ਘੰਟਿਆਂ ਦੇ ਅੰਦਰ ਮੁਹੱਈਆ ਕਰਵਾ ਦੇਣੀ ਚਾਹੀਦੀ ਹੈ।
ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਅਤੇ ਨੁਮਾਇੰਦਿਆਂ ਨੂੰ ਆਰ.ਟੀ.ਆਈ ਐਕਟ 2005 ਦੇ ਸੈਕਸ਼ਨਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਅਤੇ ਮੌਜੂਦਾ ਵਲੋਂ ਪੁਛੇ ਗਏ ਸਵਾਲਾਂ ਦੇ ਵਿਸਥਾਰ ਨਾਲ ਜਵਾਬ ਵੀ ਦਿੱਤੇ।
Check Also
ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …
Punjab Post Daily Online Newspaper & Print Media