ਰਾਸ਼ਟਰ ਪੱਧਰ ਦੀ ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਪੰਜਾਬ ਲਈ-500 ਲਾਭਪਾਤਰੀਆਂ ਨੂੰ ਵੰਡੀਆਂ ਬੈਂਕ ਕਿੱਟਾਂ

ਬਠਿੰਡਾ, 28 ਅਗਸਤ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਪ੍ਰਧਾਨ ਮੰਤਰੀ ਜਨ-ਧੰਨ ਯੋਜਨਾਂ ਨੂੰ ਮੁਲਕ ਦੇ ਵਸਨੀਕਾਂ ਖਾਸਕਰ ਗਰੀਬ ਵਰਗਾਂ ਲਈ ਕੇਂਦਰ ਸਰਕਾਰ ਦਾ ਉਸਾਰੂ ਅਤੇ ਵੱਡਾ ਕਦਮ ਆਖਦਿਆਂ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਸਕੀਮ ਤਹਿਤ ਭਾਰਤ ਵਿੱਚ ਹਰ ਘਰ ਨੂੰ ਬੈਂਕਿੰਗ ਖੇਤਰ ਨਾਲ ਸਿੱਧੇ ਰੂਪ ਵਿੱਚ ਜੋੜਨ ਨਾਲ ਮੁਲਕ ਦੀ ਤਰੱਕੀ ਲਈ ਨਵੇਂ ਰਾਹ ਖੁੱਲ੍ਹਣਗੇ।ਅੱਜ ਇਥੇ ਰਾਸ਼ਟਰ ਪੱਧਰ ਦੀ ਸਕੀਮ ”ਪ੍ਰਧਾਨ ਮੰਤਰੀ ਜਨ-ਧੰਨ ਯੋਜਨਾਂ” ਦਾ ਪੰਜਾਬ ਲਈ ਆਗਾਜ਼ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਆਪਣੇ ਪਹਿਲੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਭਾਰਤ ਵਾਸੀਆਂ ਖਾਸਕਰ ਗਰੀਬ ਵਰਗਾਂ ਲਈ ਬਹੁਤ ਵੱਡਾ ਤੇ ਕ੍ਰਾਂਤੀਕਾਰੀ ਕਦਮ ਉਠਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੱਜ ਮੁਲਕ ਦੀਆਂ 77 ਹਜ਼ਾਰ ਥਾਵਾਂ ਤੋਂ ਲਾਂਚ ਕੀਤੀ ਗਈ ਇਸ ਵੱਡੀ ਯੋਜਨਾਂ ਦਾ ਉਦੇਸ਼ ਭਾਰਤ ਦੇ ਹਰ ਘਰ ਦਾ ਬੈਂਕ ਖਾਤਾ ਖੁੱਲ੍ਹਵਾ ਕੇ ਸਮੁੱਚੇ ਮੁਲਕ ਨੂੰ ਬੈੇਂਕਿੰਗ ਸੇਵਾਵਾਂ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਜਨ-ਧੰਨ ਯੋਜਨਾਂ ਤਹਿਤ ਖਾਤਾ ਖੁੱਲ੍ਹਵਾਉਣ ਵਾਲੇ ਹਰ ਖਾਤਾਧਾਰਕ ਦੀ ਇੱਕ ਲੱਖ ਤੱਕ ਦਾ ਐਕਸੀਡੈਂਟਲ ਬੀਮਾਂ ਹੋਵੇਗਾ ਅਤੇ 5 ਹਜ਼ਾਰ ਤੱਕ ਦੀ ਕ੍ਰੈਡਿਟ ਸੁਵਿਧਾ ਹੋਵੇਗੀ। ਉਨ੍ਹਾਂ ਦੱਸਿਆ ਕਿ 26 ਜਨਵਰੀ 2015 ਤੱਕ ਇਸ ਸਕੀਮ ਤਹਿਤ ਖਾਤਾ ਖੁੱਲ੍ਹਵਾਉਣ ਵਾਲੇ ਖਾਤਾਧਾਰਕ ਨੂੰ 30 ਹਜ਼ਾਰ ਤੱਕ ਦਾ ਸਿਹਤ ਬੀਮਾਂ ਕਵਰ ਉਪਲੱਬਧ ਹੋਵੇਗਾ।ਸ੍ਰੀਮਤੀ ਬਾਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੌਜੂਦਾ ਸਮੇਂ ਤੱਕ ਭਾਰਤ ਅੰਦਰ 59 ਫੀਸਦੀ ਲੋਕਾਂ ਦੇ ਬੈਂਕ ਖਾਤੇ ਹਨ ਅਤੇ ਮੁਲਕ ਦੇ ਵਸਨੀਕਾਂ ਦਾ ਵੱਡਾ ਹਿੱਸਾ ਹਾਲੇ ਬੈਂਕ ਖਾਤੇ ਖੁਲ੍ਹਵਾਉਣ ਤੋਂ ਵਾਂਝਾ ਸੀ ਪਰ ਹੁਣ ਇਸ ਸਕੀਮ ਸਦਕਾ ਇਸ ਖੇਤਰ ਵਿੱਚ ਨਵੀਂ ਕ੍ਰਾਂਤੀ ਆਵੇਗੀ। ਉਨ੍ਹਾਂ ਕਿਹਾ ਕਿ ਇਹ ਆਪਣੇ ਆਪ ਵਿੱਚ ਭਾਰਤ ਲਈ ਇਤਿਹਾਸਕ ਪਹਿਲੂ ਹੈ ਕਿ ਅੱਜ ਦੇ ਦਿਨ ਹੀ ਮੁਲਕ ਅੰਦਰ ਤਿੰਨ ਕਰੋੜ ਦੇ ਕਰੀਬ ਲੋਕਾਂ ਦੇ ਖਾਤੇ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਇੱਕ ਸਾਲ ਦੇ ਅੰਦਰ-ਅੰਦਰ ਭਾਰਤ ਦੇ ਹਰ ਘਰ ਨੂੰ ਬੈਂਕ ਖਾਤੇ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ ਪਟਿਆਲਾ ਦੁਆਰਾ ਇਸ ਸਕੀਮ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਇਸ ਸਕੀਮ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੁਕ ਕਰਨ ਲਈ ਵੀ ਆਖਿਆ।

ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਲੋਕਾਂ ਦੇ ਬੈਂਕਿੰਗ ਸੇਵਾਵਾਂ ਨਾਲ ਜੁੜਨ ਸਦਕਾ ਕੇਂਦਰੀ ਤੇ ਰਾਜ ਪੱਧਰੀ ਸਕੀਮਾਂ ਦੇ ਲਾਭ ਸਿੱਧੇ ਖਾਤਾਧਾਰਕਾਂ ਦੇ ਖਾਤਿਆਂ ਵਿੱਚ ਜਾਣਗੇ ਜਿਸ ਸਦਕਾ ਆਮ ਲੋਕਾਂ ਨੂੰ ਸਿੱਧਾ ਲਾਭ ਪਹੁੰਚੇਗਾ ਅਤੇ ਸਮੇਂ ਦੀ ਵੀ ਬਚਤ ਹੋਵੇਗੀ। ਕੇਂਦਰੀ ਮੰਤਰੀ ਸ੍ਰੀਮਤੀ ਬਾਦਲ ਵੱਲੋਂ ਇਸ ਸਮਾਗਮ ਦੌਰਾਨ ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਇੰਡੀਆ, ਓਰੀਐੰਟਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਕੋਆਪਰੇਟਿਵ ਬੈਂਕ ਅਤੇ ਸਤਲੁਜ ਗ੍ਰਾਮੀਣ ਬੈਂਕ ਦੇ ਇਸ ਸਕੀਮ ਤਹਿਤ ਖਾਤਾ ਖੁਲ੍ਹੱਵਾਉਣ ਵਾਲੇ 500 ਲਾਭਪਾਤਰੀਆਂ ਨੂੰ ਬੈਂਕ ਕਿੱਟਾਂ ਵੀ ਵੰਡੀਆਂ ਗਈਆਂ। ਸਮਾਗਮ ਦੌਰਾਨ ਦਿੱਲੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਲਕ ਲਈ ਇਸ ਸਕੀਮ ਨੂੰ ਲਾਂਚ ਕਰਨ ਅਤੇ ਉਨ੍ਹਾਂ ਦੇ ਸੰਬੋਧਨ ਨੂੰ ਲਾਈਵ ਵਿਖਾਇਆ ਗਿਆ। ਇਸ ਮੌੇਕੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਜੀਤਮਰਿੰਦਰ ਸਿੰਘ ਸਿੱਧੂ ਅਤੇ ਚੇਤੰਨ ਸਿੰਘ ਸਮਾਓ, ਉਪ ਮੁੱਖ ਮੰਤਰੀ ਪੰਜਾਬ ਦੇ ਸਹਾਇਕ ਮੀਡੀਆ ਸਲਾਹਕਾਰ ਹਰਜਿੰਦਰ ਸਿੱਧੂ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਜ਼ਿਲ੍ਹਾ ਪੁਲੀਸ ਮੁੱਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਪੀ.ਐਨ.ਬੀ. ਦੇ ਐਕਜੈਕਟਿਵ ਡਾਇਰੈਕਟਰ ਕੇ.ਵੀਰਾ ਬ੍ਰਹਮਜੀ, ਸਟੇਟ ਬੈਂਕ ਆਫ ਪਟਿਆਲਾ ਦੇ ਸੀ.ਜੀ.ਐਮ ਸ੍ਰੀ ਹਰੀ ਦਾਸ, ਪੀ.ਐਨ.ਬੀ ਦੇ ਡੀ.ਜੀ.ਐਮ ਜੀ.ਐਸ.ਗੰਢੋਕ, ਸਟੇਟ ਬੈਂਕ ਆਫ ਪਟਿਆਲਾ ਦੇ ਡੀ.ਜੀ.ਐਮ ਗੋਕੁਲ ਸ਼ਰਮਾਂ, ਪੰਜਾਬ ਐੰਡ ਸਿੰਧ ਬੈਂਕ ਦੇ ਜੀ.ਐਮ ਡੀ.ਡੀ.ਸ਼ਰਮਾਂ ਅਤੇ ਐਲ.ਡੀ.ਐਮ ਐਸ.ਕੇ.ਬਤਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੈਸ ਸੱਕਤਰ ਡਾ. ਓਮ ਪ੍ਰਕਾਸ਼ ਸ਼ਰਮਾਂ ਹਾਜ਼ਰ ਸਨ।
Punjab Post Daily Online Newspaper & Print Media